ਮੇਰਾ ਮਿੱਤਰ ਬਲਬੀਰ ਮਾਧੋਪੁਰੀ ਆਪਣੇ-ਆਪ ਨੂੰ ਮਿੱਟੀ ਦਾ ਜਾਇਆ ਦੱਸਦਾ ਹੈ | ਉਹ ਆਪਣੀ ਰਚਨਾ 'ਮਿੱਟੀ ਫਰੋਲਦਿਆਂ' ਵਿਚ ਪ੍ਰਕਿਰਤੀ ਨੂੰ ਨਤਮਸਤਕ ਹੰੁਦਾ ਹੈ | ਇਹ ਪਹਿਲਾ ਪੰਜਾਬੀ ਨਾਵਲ ਹੈ, ਜਿਹੜਾ ਕਬਰਪੁੱਟਾਂ ਤੇ ਕਬਰਸਤਾਨਾਂ ਦੇ ਵਿਸ਼ਿਆਂ 'ਤੇ ਕੇਂਦਰਿਤ ਹੈ | ਇਸ ਦਾ ਘਟਨਾ ਸਥਾਨ ਆਂਧਰਾ ਪ੍ਰਦੇਸ਼ ਹੈ, ਜਿੱਥੇ 'ਮਾਲਾ' ਅਛੂਤ/ਬੇਰਾਗੀ ਆਖੀ ਜਾਂਦੀ ਜਾਤ ਦੇ ਲੋਕਾਂ ਨੂੰ ਸਦੀਆਂ ਤੋਂ ਸੇਵਾ ਦੀ ਇਹੀ ਜ਼ਿੰਮੇਵਾਰੀ ਮਿਲੀ ਹੋਈ ਹੈ | ਇਸ ਜਾਤੀ ਦਾ ਉੱਚ ਜਾਤੀਆਂ ਦੇ ਮੋਏ ਬੰਦਿਆਂ ਲਈ ਕਬਰਾਂ ਪੁੱਟ ਕੇ ਦਫ਼ਨਾਉਣਾ ਹੀ ਮੁੱਖ ਕਿੱਤਾ ਹੈ | ਨਿਮਨ ਜਾਤੀ ਔਰਤਾਂ ਵੀ ਮਜਬੂਰੀਵੱਸ ਕਬਰਾਂ ਪੁੱਟਦੀਆਂ ਹਨ | ਮੁੱਖ ਪਾਤਰ ਜੱਗਾ ਹੈ, ਜਿਸ ਦਾ ਨਾਨਾ ਤੇ ਹੋਰ ਪੁਰਖੇ ਵਰਣ ਵਿਵਸਥਾ ਦੇ ਸਤਾਏ ਅਤੇ ਸਰੀਰਕ-ਮਾਨਸਿਕ ਤਸ਼ੱਦਦ ਝੱਲਦੇ ਹੋਏ ਵੀ ਮਾਨਵ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਵਿਖਾਈ ਦੇਂਦੇ ਹਨ | 'ਮਾਲਾ' ਤੇ 'ਮਾਦਿਗਾ' ਨਿਮਨ ਜਾਤੀਆਂ ਆਪਣੇ ਸਮਾਜ ਸੁਧਾਰਕਾਂ, ਰਹਿਬਰਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਵੈ-ਸਨਮਾਨ ਲਈ ਜਨ ਅੰਦੋਲਨਾਂ ਦੇ ਰਾਹ 'ਤੇ ਤੁਰ ਪੈਂਦੇ ਹਨ | ਜ਼ਿੰਮੀਦਾਰੀ ਤੇ ਸਰਕਾਰੀ ਵਿਵਸਥਾ ਅਜਿਹਿਆਂ 'ਤੇ ਖ਼ੌਫ਼ਨਾਕ ਜ਼ੁਲਮ ਚਾਹੰੁਦੀ ਹੈ |

ਨਾਵਲੀ ਬਿਰਤਾਂਤ ਵਿਚ ਅਨੁਸੂਚਿਤ ਜਾਤੀਆਂ ਤੇ ਜਨ-ਜਾਤੀਆਂ ਦੀ ਆਪਸੀ ਏਕਤਾ ਤੇ ਇਕਜੁੱਟਤਾ ਰਾਹੀਂ ਮਾਨਵੀਂ ਅਧਿਕਾਰਾਂ, ਜਲ, ਜੰਗਲ ਅਤੇ ਜ਼ਮੀਨੀ ਅਧਿਕਾਰ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਦਾ ਝਰੋਖਾ ਖੁੱਲ੍ਹਦਾ ਹੈ | ਇਹ ਨਾਵਲ ਭਾਰਤ ਵਿਚ ਰਹਿੰਦੇ ਤੇ ਸਭ ਤਰ੍ਹਾਂ ਦੀਆਂ ਸਹੂਲਤਾਂ ਤੋਂ ਸੱਖਣੇ ਤਬਕੇ ਦਾ ਜੀਵਨ ਬਿਰਤਾਂਤ ਹੈ | ਨਾਵਲੀ ਬਿਰਤਾਂਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅਜਿਹੇ ਤਬਕੇ ਦੇ ਜੀਵਨ-ਬੋਧ ਨੂੰ ਆਪਣੀ ਸਥਿਤੀ ਤੋਂ ਉੱਪਰ ਉੱਠਣ ਦੇ ਉਸਾਰੂ ਤੇ ਆਸ ਭਾਵੀ ਮਾਨਵੀ ਨਜ਼ਰੀਏ ਨਾਲ ਪੇਸ਼ ਕੀਤਾ ਗਿਆ ਹੈ | ਮੁੱਖ ਪਾਤਰ ਜੱਗੇ ਰਾਹੀਂ ਜੀਵਨ ਦੀ ਸ਼ਾਹ ਕਾਲੀ ਰਾਤ 'ਚੋਂ ਵੀ ਚੇਤਨਾ, ਜਾਗਰਤੀ ਤੇ ਉੱਦਮ ਨਾਲ ਨਵਾਂ ਪਹੁਫੁਟਾਲਾ ਹੋਣ ਵਿਚ ਵਿਸ਼ਵਾਸ ਪ੍ਰਗਟਾਇਆ ਗਿਆ ਹੈ |
ਨਾਵਲੀ ਥੀਮ ਮੁਤਾਬਕ ਸਾਡੇ ਸਮਾਜ/ਸੰਸਾਰ ਦਾ ਯਥਾਰਥ ਅਜੀਬ ਕਿਸਮ ਦਾ ਡੱਬ-ਖੜੱਬਾ ਹੈ | ਇੱਥੇ ਕਿਸੇ ਦਾ ਮਰਨਾ ਇਕ ਸੋਗ ਤੇ ਘਾਟਾ ਹੈ, ਪਰ ਦੂਜੇ ਲਈ ਇਹ ਰੋਜ਼ੀ-ਰੋਟੀ ਦੇ ਕਿੱਤੇ ਵਜੋਂ ਜਿਊਣ ਦਾ ਵਸੀਲਾ ਹੈ | ਸਾਡੇ ਕਰੂਰ ਯਥਾਰਥ ਵਿਚ ਲੋੜਾਂ ਤੇ ਗਰਜਾਂ ਮਾਰੇ ਪਾਤਰ ਕਬਰਾਂ ਦੀ ਫੋਲਾ-ਫਾਲੀ ਕਰਦੇ ਹੋਏ ਮੁਰਦਿਆਂ ਦੇ ਨੱਕ-ਕੰਨਾਂ ਦੇ ਗਹਿਣੇ ਲਾਹ ਲੈਂਦੇ ਹਨ | ਜੱਗੇ ਤੇ ਉਸ ਦੇ ਨਾਨੇ ਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਲੋਕਾਂ ਦਾ ਮਰਨਾ ਬੰਦ ਹੋਣਾ ਹੈ ਤੇ ਨਾ ਹੀ ਸਾਡੇ ਕਿੱਤੇ ਨੂੰ ਕੋਈ ਜੋਖ਼ਮ ਹੈ | ਸਥਿਤੀ ਦਾ ਵਿਅੰਗਮਈ ਸਿਤਮ ਇਹ ਹੈ ਕਿ ਅਜਿਹੇ ਕਿੱਤੇ ਨੂੰ ਵੀ 'ਬੇਗਾਰ' ਭਾਵ ਮੁਫ਼ਤ ਦੀ ਸੇਵਾ ਵਜੋਂ ਮਾਨਤਾ ਪ੍ਰਾਪਤ ਹੈ |
ਭਾਰਤੀ ਸਮਾਜ ਵਿਚ ਸੰਤਾਂ, ਭਗਤਾਂ ਤੇ ਗੁਰੂ ਸਾਹਿਬਾਨ ਦੇ ਮਾਨਵੀ ਯੋਗਦਾਨ ਦੇ ਬਾਵਜੂਦ ਸਮਾਜਿਕ ਬਰਾਬਰਤਾ ਪ੍ਰਤੀ ਕਈ ਸੀਮਾਵਾਂ ਅਜੇ ਵੀ ਬਣੀਆਂ ਹੋਈਆਂ ਹਨ | ਦੇਸ਼ ਦੀ ਸੁਤੰਤਰਤਾ ਦੇ 8 ਦਹਾਕੇ ਬੀਤਣ 'ਤੇ ਅਜੇ ਤੱਕ ਅਜਿਹਾ ਤ੍ਰਾਸਦਿਕ ਰੂਪ ਜਾਰੀ ਹੈ | ਨਾਵਲ ਦੇ ਨਾਮਕਰਨ ਵਿਚ 'ਮਿੱਟੀ' ਰੂਪੀ ਸ਼ਬਦ ਲਖ਼ਸ਼ਣਾ ਭਾਵੀ ਹੈ | ਸਾਡੇ ਸਮਾਜ ਦੀ ਮਿੱਟੀ ਰੂਪੀ ਸਮਾਜਿਕ ਚਾਦਰ ਰੰਗ-ਬਰੰਗੀ ਹੈ | ਇੱਥੇ ਬਹੁਤਿਆਂ ਲਈ ਜੀਵਨ ਦਾ ਅਰਥ ਦਿਨ ਕਟੀ ਹੀ ਹੈ |
ਸਾਡਾ ਮੁੱਖ ਮਸਲਾ ਤਾਂ ਸਭ ਲਈ ਬਿਨਾਂ ਕਿਸੇ ਖ਼ਰਚ ਦੇ ਵਿੱਦਿਆ ਤੇ ਚੰਗੀਆਂ ਸਿਹਤ ਸਹੂਲਤਾਂ ਨਾ ਹੋਣਾ ਹੈ | ਆਪਣੀ ਯੋਗਤਾ ਤੇ ਲਿਆਕਤ ਦੇ ਮੁਤਾਬਕ ਰੁਜ਼ਗਾਰ ਦੇ ਮੌਕੇ ਜ਼ਰੂਰ ਮਿਲਣੇ ਚਾਹੀਦੇ ਹਨ | ਵਿਸ਼ੇਸ਼ ਆਰਥਿਕ ਜਾਂ ਮਾਲੀ ਸੁਧਾਰ ਰਾਹੀਂ ਹਰ ਤਰ੍ਹਾਂ ਦੇ ਰਾਖਵੇਂਕਰਨ ਤੋਂ ਬਾਹਰ ਨਿਕਲਣ ਦੀ ਲੋੜ ਹੈ | ਹਰੇਕ ਆਪਣੀ ਯੋਗਤਾ ਮੁਤਾਬਕ ਆਪਣਾ ਰੁਜ਼ਗਾਰ ਹਾਸਿਲ ਕਰਨ ਦਾ ਸਮਾਜਿਕ ਮਾਣ ਮਹਿਸੂਸ ਕਰੇ | ਪਰ ਅਸੀਂ ਤਾਂ ਆਪਣੀਆਂ ਵੋਟਰੀ ਕੁੰਡੀਆਂ ਰਾਹੀਂ ਜਾਤ-ਪਾਤੀ ਪਾੜ ਨੂੰ ਹੋਰ ਪੱਕਾ ਕਰ ਰਹੇ ਹਾਂ |
ਅਜਿਹੀ ਔੜ ਦੇ ਸਖ਼ਤ ਮਾਰੂਥਲ 'ਚੋਂ ਵੀ ਜੱਗੇ ਵਰਗੇ ਕਮਲ ਦੇ ਫੁੱਲ ਵਾਂਗ ਚਮਕ ਪੈਂਦੇ ਹਨ | ਜੱਗਾ ਬਾਕਾਇਦਾ ਨਾਨੇ, ਫਿਰ ਅਧਿਆਪਕ ਤੇ ਇਤਿਹਾਸਕਾਰ ਦੀ ਸੰਗਤ ਵਿਚ ਜਾਗਰੂਕ ਤੇ ਚੇਤੰਨ ਹੰੁਦਾ ਇਕ ਗਤੀਸ਼ੀਲ ਪਾਤਰ ਹੈ | ਜੱਗੇ ਨੂੰ ਪੜ੍ਹਾਈ-ਲਿਖਾਈ ਦੀ ਜਾਗ ਉਸ ਦਾ ਨਾਨਾ ਲਾਉਂਦਾ ਹੈ, ਜਿਹੜਾ ਖ਼ੁਦ ਜੱਦੀ-ਪੁਸ਼ਤੀ ਕਬਰਪੁੱਟ ਹੈ | ਜੱਗਾ ਆਦਿਵਾਸੀ ਜਨ-ਜੀਵਨ ਦੀ ਜਾਣਕਾਰੀ ਲੈਂਦਾ ਹੋਇਆ ਹੈਦਰਾਬਾਦ ਦੇ ਇਕ ਕਬਰਸਤਾਨ 'ਚ ਕਿੱਤਾ ਕਰਦਾ ਹੈ ਤੇ ਅਬਦੁੱਲਾ ਤੋਂ ਹਿੰਦੀ ਤੇ ਉਰਦੂ ਸਿੱਖਦਾ ਹੈ | ਜੱਗੇ ਨੂੰ ਆਪਣੀ ਮਾਂ-ਬੋਲੀ ਤੇਲਗੂ ਦੀ ਪੂਰੀ ਮੁਹਾਰਤ ਹੈ | ਉਹ ਅਖ਼ਬਾਰਾਂ, ਰਸਾਲੇ ਤੇ ਕਿਤਾਬਾਂ ਪੜ੍ਹਦਾ ਹੋਇਆ ਅਖ਼ੀਰ ਲੇਖਕ ਬਣ ਜਾਂਦਾ ਹੈ | ਇਸ ਦਾ 'ਮਾਰੀਆ' ਨਾਂਅ ਦੀ ਵਿਦੇਸ਼ੀ ਪਰ ਸਾਹਿਤ ਪਾਰਖੂ ਕੁੜੀ ਨਾਲ ਮਿਲਾਪ ਹੀ ਨਹੀਂ, ਸੰਗ-ਸਾਥ ਹੋ ਜਾਂਦਾ ਹੈ | ਮਾਰੀਆ ਦੇ ਮਾਨਵੀ ਵਤੀਰੇ ਰਾਹੀਂ ਨਾਵਲਕਾਰ ਇਹ ਦਿ੍ੜ੍ਹ ਕਰਦਾ ਹੈ ਕਿ ਵਿਦੇਸ਼ੀ ਕਿਵੇਂ ਸਾਡੀ ਸਮਾਜਿਕ ਊਚ-ਨੀਚ ਨੂੰ ਵੱਡੀ ਬੁਰਾਈ ਸਮਝਦੇ ਹਨ | ਇਸ ਨਾਵਲ 'ਚ ਤਿੰਨ ਸੱਭਿਆਚਾਰਾਂ ਦੀ ਝਲਕ ਉੱਭਰਦੀ ਹੈ | ਤੇਲਗੂ-ਤੇਲਗਾਨਾ ਮੁੱਖ ਸੱਭਿਆਚਾਰ ਵਜੋਂ ਪੇਸ਼ ਹੋਇਆ ਹੈ | ਪੰਜਾਬੀ ਸੱਭਿਆਚਾਰ ਦੀਆਂ ਰਮਜ਼ਾਂ 'ਚੋਂ ਧਰਮ ਨਿਰਪੱਖਤਾ ਦੀ ਵਿਚਾਰਧਾਰਾ ਝਲਕਦੀ ਹੈ, ਕਿਉਂਕਿ ਲੇਖਕ ਆਪ ਪੰਜਾਬੀ ਖਿੱਤੇ ਦਾ ਹੈ | ਯੂਰਪੀਅਨ ਕੁੜੀ ਮਾਰੀਆ ਦਾ ਨਜ਼ਰੀਆ ਰੰਗ, ਨਸਲ, ਜਾਤ-ਪਾਤ, ਭਾਸ਼ਾ, ਧਰਮ ਤੇ ਇਲਾਕਾਵਾਦ ਦੀਆਂ ਹੱਦਾਂ-ਸਰਹੱਦਾਂ ਨੂੰ ਉਲੰਘਦਾ ਹੈ |
ਬਲਬੀਰ ਮਾਧੋਪੁਰੀ ਆਪਣੇ ਮਾਨਵਵਾਦੀ ਸਾਹਿਤ ਸਦਕਾ ਅੰਤਰਰਾਸ਼ਟਰੀ ਪੱਧਰ 'ਤੇ ਜਾਣਿਆ ਜਾਂਦਾ ਸਾਹਿਤਕਾਰ ਹੈ | ਸਵੈ-ਜੀਵਨੀ 'ਛਾਂਗਿਆਂ ਰੁੱਖ' (2002) ਨਾਲ ਉਸ ਦੀ ਲੇਖਣੀ ਸਿਖਰਾਂ ਤੱਕ ਪਹੰੁਚਦੀ ਹੈ | ਇਸ ਨੂੰ ਸਾਲ 2010 'ਚ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਨੇ ਅੰਗਰੇਜ਼ੀ ਵਿਚ ਛਾਪਿਆ ਸੀ ਤੇ ਇਸ ਨੂੰ 2023 ਤੱਕ 12 ਵਾਰ ਛਾਪਿਆ ਗਿਆ | ਫਿਰ ਰੂਸ ਦੀ ਮਾਸਕੋ ਸਟੇਟ ਯੂਨੀਵਰਸਿਟੀ ਨੇ ਇਸ ਨੂੰ 2026 'ਚ ਛਪਵਾਇਆ | ਇਹ ਸਵੈ-ਜੀਵਨੀ ਕੁੱਲ 11 ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਈ ਹੈ | ਲੇਖਕ ਦੀਆਂ 15 ਮੌਲਿਕ ਪੁਸਤਕਾਂ ਹਨ, ਜਦਕਿ 45 ਕਿਤਾਬਾਂ ਦਾ ਅਨੁਵਾਦ ਤੇ 40 ਕਿਤਾਬਾਂ ਦੀ ਉਨ੍ਹਾਂ ਨੇ ਸੰਪਾਦਨਾ ਕੀਤੀ ਹੈ | ਬਲਬੀਰ ਮਾਧੋਪੁਰੀ ਦੀ ਲੇਖਣੀ 'ਚ ਸਦਾ ਵੰਨ-ਸੁਵੰਨਤਾ ਤੇ ਤਾਜ਼ਗੀ ਵਿਖਾਈ ਦੇਂਦੀ ਹੈ | 'ਮਿੱਟੀ ਫਰੋਲਦਿਆਂ' ਵੀ ਇਕ ਵੱਖਰੀ ਤੇ ਵਿਸ਼ੇਸ਼ ਰਚਨਾ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿਚ ਵੀ ਚਰਚਾ ਰਹਿਣ ਦੀ ਸੰਭਾਵਨਾ ਹੈ |
ਈਮੇਲ : sandhugul@ar0yahoo.com