ਨਾਗੋਆ, 25 ਸਤੰਬਰ (ਪੀ. ਟੀ. ਆਈ.)-ਤਮਿਲਨਾਡੂ ਦੀ ਬਾਰਾਨਿਕਾ ਏਲਾਂਗੋਵਨ ਨੇ ਏਸ਼ਿਆਈ ਖੇਡਾਂ ਵਿਚ ਔਰਤਾਂ ਦੇ ਪੋਲ ਵਾਲਟ ਮੁਕਾਬਲੇ ਵਿਚ ਭਾਰਤ ਲਈ ਇਤਿਹਾਸਕ ਕਾਂਸੀ ਦਾ ਤਗਮਾ ਜਿੱਤ ਕੇ ‘ਰਿਕਾਰਡ ਬੁੱਕ’ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ। ਪੋਲ ਵਾਲਟ ਮੁਕਾਬਲੇ ਵਿਚ ਭਾਰਤ ਦਾ ਇਹ ਪਹਿਲਾ ਤਗਮਾ ਹੈ। 29 ਸਾਲਾ ਬਾਰਾਨਿਕਾ ਨੂੰ ਕਜ਼ਾਕਿਸਤਾਨ ਦੀ ਪੋਲੀਨਾ ਇਵਾਨੋਵਾ ਦੇ ਨਾਲ ਸਾਂਝੇ ਤੌਰ ‘ਤੇ ਕਾਂਸੀ ਦਾ ਤਗਮਾ ਮਿਲਿਆ, ਕਿਉਂਕਿ ਦੋਵਾਂ ਨੇ 4.15 ਮੀਟਰ ਦੀ ਉਚਾਈ ਸਫ਼ਲਤਾਪੂਰਵਕ ਪਾਰ ਕੀਤੀ ਪਰ 4.25 ਮੀਟਰ ’ਤੇ ਬਰਾਬਰ ਗਿਣਤੀ ਵਿਚ ਅਸਫ਼ਲ ਕੋਸ਼ਿਸ਼ਾਂ ਕੀਤੀਆਂ।ਬਾਰਾਨਿਕਾ ਦਾ ਪ੍ਰਦਰਸ਼ਨ ਉਸ ਦੇ 4.23 ਮੀਟਰ ਦੇ ਨਿੱਜੀ ਸਰਵੋਤਮ ਰਿਕਾਰਡ ਨਾਲੋਂ ਘੱਟ ਸੀ ਪਰ ਤਗਮਾ ਜਿੱਤਣ ਲਈ ਕਾਫ਼ੀ ਸੀ।ਇਸ ਸਾਲ ਮਾਰਚ ਵਿਚ ਬਾਰਾਨਿਕਾ ਨੇ ਭੁਵਨੇਸ਼ਵਰ ਵਿਚ ਰਾਸ਼ਟਰੀ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ 4.22 ਮੀਟਰ ਦੀ ਉਚਾਈ ਪਾਰ ਕਰਕੇ ਨਵਾਂ ਕੌਮੀ ਰਿਕਾਰਡ ਬਣਾਇਆ ਸੀ। ਉਸ ਨੇ ਮਈ ਵਿਚ ਇੰਡੀਅਨ ਇਨਡੋਰ ਓਪਨ ਕੰਬਾਈਨਡ ਈਵੈਂਟਸ ਅਤੇ ਪੋਲ ਵਾਲਟ ਮੁਕਾਬਲੇ ਵਿਚ ਆਪਣੇ ਹੀ ਰਿਕਾਰਡ ਨੂੰ ਸੁਧਾਰ ਕੇ 4.23 ਮੀਟਰ ਕੀਤਾ ਸੀ। ਉਸ ਨੇ ਇਸ ਸਾਲ ਦੀ 65ਵੀਂ ਰਾਸ਼ਟਰੀ ਅੰਤਰ-ਰਾਜੀ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਵੀ 4.20 ਮੀਟਰ ਦੇ ਪ੍ਰਦਰਸ਼ਨ ਨਾਲ ਸੋਨ ਤਗਮਾ ਜਿੱਤਿਆ ਸੀ।