03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਾਰਤ ਦੀ ਕੋਰੀਆ ’ਤੇ 8-0 ਨਾਲ ਸ਼ਾਨਦਾਰ ਜਿੱਤ ਅਜੇਤੂ ਰਹਿੰਦੇ ਹੋਏ ਕੀਤੀ ਲੀਗ ਮੈਚਾਂ ਦੀ ਸਮਾਪਤੀ

ਜਲੰਧਰ, 2 ਨਵੰਬਰ (ਡਾ. ਜਤਿੰਦਰ ਸਾਬੀ)-ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡੀ ਜਾ ਰਹੀ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੇ ਆਖਰੀ ਲੀਗ ਮੁਕਾਬਲੇ ਵਿਚ ਭਾਰਤੀ ਹਾਕੀ ਟੀਮ ਨੇ ਕੋਰੀਆ ਨੂੰ 8-0 ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦੇ ਕੇ ਆਪਣੀ ਜੇਤੂ ਮੁਹਿੰਮ ਨੂੰ ਬਰਕਰਾਰ ਰੱਖਿਆ।

ਭਾਰਤ ਅਤੇ ਕੋਰੀਆ ਵਿਚਾਲੇ ਖੇਡੇ ਗਏ ਮੈਚ ਦਾ ਦ੍ਰਿਸ਼। (ਸੱਜੇ) ਗੋਲ ਕਰਨ ਤੋਂ ਬਾਅਦ ਖੁਸ਼ੀ ਮਨਾਉਂਦੇ ਹੋੋਏ ਭਾਰਤੀ ਟੀਮ ਦੇ ਖ਼ਿਡਾਰੀ। 03-11-2026

ਜਲੰਧਰ, 2 ਨਵੰਬਰ (ਡਾ. ਜਤਿੰਦਰ ਸਾਬੀ)-ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਖੇਡੀ ਜਾ ਰਹੀ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੇ ਆਖਰੀ ਲੀਗ ਮੁਕਾਬਲੇ ਵਿਚ ਭਾਰਤੀ ਹਾਕੀ ਟੀਮ ਨੇ ਕੋਰੀਆ ਨੂੰ 8-0 ਦੇ ਵੱਡੇ ਫ਼ਰਕ ਨਾਲ ਕਰਾਰੀ ਮਾਤ ਦੇ ਕੇ ਆਪਣੀ ਜੇਤੂ ਮੁਹਿੰਮ ਨੂੰ ਬਰਕਰਾਰ ਰੱਖਿਆ। ਇਸ ਜਿੱਤ ਨਾਲ ਭਾਰਤ ਨੇ ਲੀਗ ਪੜਾਅ ਵਿਚ ਆਪਣੇ ਸਾਰੇ ਮੁਕਾਬਲੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਮੈਚ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਮੈਚ ਦੇ ਸ਼ੁਰੂ ਤੋਂ ਹੀ ਭਾਰਤੀ ਖਿਡਾਰੀਆਂ ਨੇ ਹਮਲਾਵਰ ਰੁਖ਼ ਅਖ਼ਤਿਆਰ ਕਰਦਿਆਂ ਕੋਰੀਆ ’ਤੇ ਦਬਾਅ ਬਣਾਈ ਰੱਖਿਆ। ਚੌਥੇ ਮਿੰਟ ’ਚ ਸੁਖਜੀਤ ਸਿੰਘ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਰੀਆਈ ਗੋਲਕੀਪਰ ਨੇ ਸ਼ਾਨਦਾਰ ਬਚਾਅ ਕੀਤਾ। ਛੇਵੇਂ ਮਿੰਟ ’ਚ ਸੁਖਜੀਤ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਪਾਸ ’ਤੇ ਮੁੜ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਫ਼ਲਤਾ ਨਹੀਂ ਮਿਲੀ। ਅੱਠਵੇਂ ਮਿੰਟ ਵਿਚ ਜੁਗਰਾਜ ਸਿੰਘ ਦੇ ਸ਼ਾਨਦਾਰ ਪਾਸ ’ਤੇ ਜਰਮਨਜੀਤ ਸਿੰਘ ਨੇ ਡੀ ਦੇ ਅੰਦਰੋਂ ਗੋਲ ਕਰਨ ਦੀ ਕੋਸ਼ਿਸ਼ ਕੀਤੀ। ਗੋਲਕੀਪਰ ਵਲੋਂ ਕੀਤੇ ਗਏ ਬਚਾਅ ਤੋਂ ਬਾਅਦ ਮਿਲੇ ਰਿਬਾਊਂਡ ਦਾ ਫ਼ਾਇਦਾ ਉਠਾਉਂਦਿਆਂ ਦਿਲਪ੍ਰੀਤ ਸਿੰਘ ਨੇ ਰਿਵਰਸ ਫਲਿੱਕ ਰਾਹੀਂ ਗੇਂਦ ਨੂੰ ਜਾਲ ਵਿਚ ਪਹੁੰਚਾ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਦਸਵੇਂ ਮਿੰਟ ’ਚ ਸੰਜੇ ਦੇ ਪਾਸ ’ਤੇ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਟੀਮ ਇਸ ਨੂੰ ਗੋਲ ’ਚ ਨਹੀਂ ਬਦਲ ਸਕੀ। ਗਿਆਰ੍ਹਵੇਂ ਮਿੰਟ ਵਿਚ ਮਿਲੇ ਅਗਲੇ ਪੈਨਲਟੀ ਕਾਰਨਰ ਦੌਰਾਨ ਗੋਲਕੀਪਰ ਤੋਂ ਰਿਬਾਊਂਡ ਹੋ ਕੇ ਆਈ ਗੇਂਦ ਨੂੰ ਮਨਦੀਪ ਸਿੰਘ ਨੇ ਗੋਲ ਵਿਚ ਪਹੁੰਚਾ ਕੇ ਭਾਰਤ ਦੀ ਬੜ੍ਹਤ 2-0 ਕਰ ਦਿੱਤੀ। ਪਹਿਲੇ ਕੁਆਰਟਰ ਦੇ ਆਖਰੀ ਪੜਾਅ ਵਿਚ ਭਾਰਤ ਨੇ ਆਪਣਾ ਦਬਦਬਾ ਜਾਰੀ ਰੱਖਿਆ। ਪੰਦਰ੍ਹਵੇਂ ਮਿੰਟ ਵਿਚ ਮਿਲੇ ਪੈਨਲਟੀ ਕਾਰਨਰ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਢੰਗ ਨਾਲ ਗੋਲ ਵਿਚ ਬਦਲ ਕੇ ਭਾਰਤ ਨੂੰ 3-0 ਦੀ ਮਜ਼ਬੂਤ ਬੜ੍ਹਤ ਦਿਵਾਈ। ਦੂਜੇ ਕੁਆਰਟਰ ਦੀ ਸ਼ੁਰੂਆਤ ਵਿਚ ਸ਼ਿਲਾਨੰਦ ਲਾਕੜਾ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕੇ। ਇਸ ਦੌਰਾਨ ਕੋਰੀਆ ਨੇ ਵਾਪਸੀ ਦੀ ਕੋਸ਼ਿਸ਼ ਕਰਦਿਆਂ 17ਵੇਂ, 18ਵੇਂ ਅਤੇ 25ਵੇਂ ਮਿੰਟ ਵਿਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਭਾਰਤੀ ਡਿਫੈਂਡਰਾਂ ਨੇ ਇਨ੍ਹਾਂ ਸਾਰੇ ਮੌਕਿਆਂ ਨੂੰ ਨਾਕਾਮ ਕਰ ਦਿੱਤਾ। 28ਵੇਂ ਮਿੰਟ ਵਿਚ ਕੋਰੀਆ ਨੂੰ ਚੌਥਾ ਪੈਨਲਟੀ ਕਾਰਨਰ ਮਿਲਿਆ। ਲਾਕੜਾ ਵੱਲੋਂ ਗੇਂਦ ਕਪਤਾਨ ਹਰਮਨਪ੍ਰੀਤ ਸਿੰਘ ਵੱਲ ਖੇਡੀ ਗਈ, ਜਿਸ ਤੋਂ ਬਾਅਦ ਰਿਬਾਊਂਡ ’ਤੇ ਵਿਸ਼ਨੂਕਾਂਤ ਨੇ ਗੇਂਦ ਨੂੰ ਗੋਲ ਵਿਚ ਪਹੁੰਚਾ ਦਿੱਤਾ। ਹਾਲਾਂਕਿ ਕੋਰੀਆ ਵਲੋਂ ਰੈਫਰਲ ਲਏ ਜਾਣ ਤੋਂ ਬਾਅਦ ਅੰਪਾਇਰ ਨੇ ਇਸ ਗੋਲ ਨੂੰ ਰੱਦ ਕਰ ਦਿੱਤਾ। ਇਸ ਤਰ੍ਹਾਂ ਪਹਿਲੇ ਅੱਧ ਦੀ ਸਮਾਪਤੀ ਤੱਕ ਭਾਰਤ ਨੇ 3-0 ਦੀ ਬੜ੍ਹਤ ਬਰਕਰਾਰ ਰੱਖੀ। ਤੀਜੇ ਕੁਆਰਟਰ ਦੀ ਸ਼ੁਰੂਆਤ ਵਿਚ ਕੋਰੀਆ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਖਿਡਾਰੀਆਂ ਨੇ ਉਸ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਭਾਰਤੀ ਟੀਮ ਨੇ ਮੁੜ ਹਮਲਿਆਂ ਦੀ ਰਫ਼ਤਾਰ ਤੇਜ਼ ਕਰ ਦਿੱਤੀ। 32ਵੇਂ ਮਿੰਟ ਵਿਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਪਰ ਟੀਮ ਇਸ ਦਾ ਲਾਹਾ ਨਹੀਂ ਲੈ ਸਕੀ।33ਵੇਂ ਮਿੰਟ ਵਿਚ ਮਿਲੇ ਅਗਲੇ ਪੈਨਲਟੀ ਕਾਰਨਰ ਤੋਂ ਬਾਅਦ ਰਿਬਾਊਂਡ ’ਤੇ ਸ਼ਿਲਾਨੰਦ ਲਾਕੜਾ ਨੇ ਗੋਲ ਦਾਗ ਕੇ ਭਾਰਤ ਦੀ ਬੜ੍ਹਤ 4-0 ਕਰ ਦਿੱਤੀ। ਇਸ ਤੋਂ ਅਗਲੇ ਹੀ ਮਿੰਟ, 34ਵੇਂ ਮਿੰਟ ਵਿੱਚ ਸੁਖਜੀਤ ਸਿੰਘ ਨੇ ਸ਼ਾਨਦਾਰ ਪਾਸ ਨੂੰ ਗੋਲ ਵਿਚ ਬਦਲਦਿਆਂ ਸਕੋਰ 5-0 ਕਰ ਦਿੱਤਾ। 36ਵੇਂ ਮਿੰਟ ਵਿੱਚ ਸੰਜੇ ਨੇ ਮੈਦਾਨੀ ਗੋਲ ਕਰਕੇ ਭਾਰਤ ਨੂੰ 6-0 ਦੀ ਬੜ੍ਹਤ ਦਿਵਾਈ। ਭਾਰਤੀ ਟੀਮ ਨੇ ਹਮਲਿਆਂ ਦਾ ਸਿਲਸਿਲਾ ਜਾਰੀ ਰੱਖਿਆ ਤੇ 40ਵੇਂ ਮਿੰਟ ਵਿਚ ਦਿਲਪ੍ਰੀਤ ਸਿੰਘ ਨੇ ਇਕ ਹੋਰ ਮੈਦਾਨੀ ਗੋਲ ਕਰਕੇ ਸਕੋਰ 7-0 ਕਰ ਦਿੱਤਾ। ਤੀਜੇ ਕੁਆਰਟਰ ਦੇ ਆਖਰੀ ਪਲਾਂ ਵਿਚ ਕੋਰੀਆਈ ਕਪਤਾਨ ਕਿਮ ਯੋਂਗ ਬੋਕ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਨੇ ਸ਼ਾਨਦਾਰ ਬਚਾਅ ਕਰਦਿਆਂ ਉਸ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਤੀਜੇ ਕੁਆਰਟਰ ਦੀ ਸਮਾਪਤੀ ’ਤੇ ਭਾਰਤ 7-0 ਨਾਲ ਅੱਗੇ ਸੀ। ਚੌਥੇ ਅਤੇ ਆਖਰੀ ਕੁਆਰਟਰ ਵਿਚ ਵੀ ਭਾਰਤੀ ਟੀਮ ਨੇ ਆਪਣਾ ਦਬਦਬਾ ਕਾਇਮ ਰੱਖਿਆ ਤੇ ਕੋਰੀਆ ਨੂੰ ਹਮਲੇ ਕਰਨ ਦੇ ਵੱਧ ਮੌਕੇ ਨਹੀਂ ਦਿੱਤੇ। 55ਵੇਂ ਮਿੰਟ ਵਿਚ ਕੋਰੀਆ ਦੇ ਚੋਈ ਗਜੀਨ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਰੋਕ ਲਗਾ ਕੇ ਇਸ ਨੂੰ ਨਾਕਾਮ ਕਰ ਦਿੱਤਾ। ਮੈਚ ਦੇ ਆਖਰੀ 60ਵੇਂ ਮਿੰਟ ਵਿਚ ਅੰਗਦਬੀਰ ਸਿੰਘ ਨੇ ਮੈਦਾਨੀ ਗੋਲ ਕਰਕੇ ਭਾਰਤ ਦੀ ਬੜ੍ਹਤ 8-0 ਕਰ ਦਿੱਤੀ। ਇਸੇ ਮਿੰਟ ਵਿਚ ਕੋਰੀਆ ਨੂੰ 2 ਪੈਨਲਟੀ ਕਾਰਨਰ ਵੀ ਮਿਲੇ, ਪਰ ਭਾਰਤੀ ਖਿਡਾਰੀਆਂ ਨੇ ਦੋਵਾਂ ਮੌਕਿਆਂ ਨੂੰ ਨਾਕਾਮ ਕਰ ਦਿੱਤਾ। ਇਸ ਤਰ੍ਹਾਂ ਭਾਰਤੀ ਹਾਕੀ ਟੀਮ ਨੇ ਕੋਰੀਆ ਨੂੰ 8-0 ਦੇ ਵੱਡੇ ਫ਼ਰਕ ਨਾਲ ਹਰਾ ਕੇ ਨਾ ਸਿਰਫ਼ ਮੈਚ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ, ਸਗੋਂ ਲੀਗ ਪੜਾਅ ਵਿਚ ਆਪਣਾ ਦਬਦਬਾ ਵੀ ਸਾਬਤ ਕਰ ਦਿੱਤਾ।

ਪਿਛਲੀ ਖ਼ਬਰ ਤਿੰਨ ਵਿਅਕਤੀਆਂ ਨੇ ਝੀਲ ’ ਚ ਡੁੱਬ ਰਹੀ ਔਰਤ ਨੂੰ ਬਚਾਇਆ ਅਗਲੀ ਖ਼ਬਰ ਅਦਾਕਾਰ ਇਮਰਾਨ ਖਾਨ ਨੇ ਐਸ . ਆਈ . ਆਰ . ਪ੍ਰਦਰਸ਼ਨ ’ ਚ ਹਿੱਸਾ ਲੈਣ ’ ਤੇ ਅਦਾਲਤ ਤੋਂ ਮੰਗੀ ਮੁਆਫ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।