ਨਨਾਇਮੋ ’ਚ 132ਵੀਂ ਸਾਲਾਨਾ ਵੈਨਕੂਵਰ ਆਈਲੈਂਡ ਪ੍ਰਦਰਸ਼ਨੀ ਸ਼ੁਰੂ
ਵੈਨਕੂਵਰ, 25 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਨੇੜਲੇ ਟਾਪੂਨੁਮਾ ਸ਼ਹਿਰ ਨਨਾਇਮੋ ਦੇ ਬੀਬਨ ਪਾਰਕ ਵਿਖੇ 132ਵੀਂ ਸਾਲਾਨਾ ਵੈਨਕੂਵਰ ਆਈਲੈਂਡ ਪ੍ਰਦਰਸ਼ਨੀ ਅੱਜ 25 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਤਿੰਨ ਦਿਨ ਚੱਲਣ ਵਾਲੀ ਇਹ ਵਿਸ਼ਾਲ ਪ੍ਰਦਰਸ਼ਨੀ 27 ਸਤੰਬਰ ਨੂੰ ਸਮਾਪਤ ਹੋਵੇਗੀ।
ਵੈਨਕੂਵਰ, 25 ਸਤੰਬਰ (ਮਲਕੀਤ ਸਿੰਘ)-ਵੈਨਕੂਵਰ ਨੇੜਲੇ ਟਾਪੂਨੁਮਾ ਸ਼ਹਿਰ ਨਨਾਇਮੋ ਦੇ ਬੀਬਨ ਪਾਰਕ ਵਿਖੇ 132ਵੀਂ ਸਾਲਾਨਾ ਵੈਨਕੂਵਰ ਆਈਲੈਂਡ ਪ੍ਰਦਰਸ਼ਨੀ ਅੱਜ 25 ਸਤੰਬਰ ਤੋਂ ਸ਼ੁਰੂ ਹੋ ਗਈ ਹੈ। ਤਿੰਨ ਦਿਨ ਚੱਲਣ ਵਾਲੀ ਇਹ ਵਿਸ਼ਾਲ ਪ੍ਰਦਰਸ਼ਨੀ 27 ਸਤੰਬਰ ਨੂੰ ਸਮਾਪਤ ਹੋਵੇਗੀ। ਪ੍ਰਬੰਧਕਾਂ ਅਨੁਸਾਰ ਇਸ ਪ੍ਰਦਰਸ਼ਨੀ ਵਿੱਚ ਹਰ ਸਾਲ 20 ਹਜ਼ਾਰ ਤੋਂ ਵੱਧ ਲੋਕ ਪਹੁੰਚਦੇ ਹਨ। ਇਸ ਸਾਲ ਪ੍ਰਦਰਸ਼ਨੀ ਰਾਹੀਂ ਕਿਸਾਨਾਂ, ਪਸ਼ੂ ਪਾਲਕਾਂ, ਉਤਪਾਦਕਾਂ, ਕਾਰੀਗਰਾਂ ਅਤੇ ਸਥਾਨਕ ਭਾਈਚਾਰੇ ਦੇ ਯੋਗਦਾਨ ਨੂੰ ਉਭਾਰਿਆ ਜਾ ਰਿਹਾ ਹੈ। ਮੇਲੇ ਦੌਰਾਨ ਖੇਤੀਬਾੜੀ ਅਤੇ ਪਸ਼ੂ ਪ੍ਰਦਰਸ਼ਨੀਆਂ ਤੋ ਇਲਾਵਾ ਵੱਖ-ਵੱਖ ਮੁਕਾਬਲੇ, ਝੂਲੇ, ਸੰਗੀਤਕ ਪ੍ਰੋਗਰਾਮ, ਲੱਕੜਹਾਰਿਆਂ ਦੇ ਕਰਤੱਬ, ਕੁੱਤਿਆਂ ਦੇ ਵਿਸ਼ੇਸ਼ ਪ੍ਰਦਰਸ਼ਨ, ਕੁਸ਼ਤੀ ਅਤੇ ਬੱਚਿਆਂ ਤੇ ਪਰਿਵਾਰਾਂ ਲਈ ਕਈ ਮਨੋਰੰਜਕ ਸਰਗਰਮੀਆਂ ਕਰਵਾਈਆਂ ਜਾਣਗੀਆਂ। ਇਸ ਪ੍ਰਦਰਸ਼ਨੀ ਨੂੰ ਵੇਖਣ ਦੇ ਚਾਹਵਾਨ ਬਾਲਗਾਂ ਲਈ ਦਾਖਲਾ 15 ਡਾਲਰ, 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ 13 ਤੋਂ 18 ਸਾਲ ਦੇ ਨੌਜਵਾਨਾਂ ਲਈ 10 ਡਾਲਰ ਅਤੇ 7 ਤੋਂ 12 ਸਾਲ ਦੇ ਬੱਚਿਆਂ ਲਈ 5 ਡਾਲਰ ਹੈ, ਜਦਕਿ 6 ਸਾਲ ਤੱਕ ਦੇ ਬੱਚਿਆਂ ਦਾ ਦਾਖਲਾ ਮੁਫ਼ਤ ਹੈ। ਸ਼ੁੱਕਰਵਾਰ ਨੂੰ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਲਈ ਵਿਸ਼ੇਸ਼ ਦਾਖਲਾ 5 ਡਾਲਰ ਰੱਖਿਆ ਗਿਆ ਹੈ। ਮੇਲੇ ਵਿੱਚ ਖਾਣ-ਪੀਣ ਦੇ ਵੱਖ-ਵੱਖ ਸਟਾਲਾਂ ਦੇ ਨਾਲ ਸਥਾਨਕ ਕਲਾਕਾਰਾਂ ਅਤੇ ਕਾਰੋਬਾਰੀਆਂ ਨੂੰ ਵੀ ਆਪਣੀਆਂ ਵਸਤਾਂ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਮੌਕੇ ਤੇ ਇੱਕ ਵਿਸ਼ੇਸ਼ ਕਾਰ ਪ੍ਰਦਰਸ਼ਨੀ ਵੀ ਕਰਵਾਈ ਜਾਵੇਗੀ, ਜਿਸ ਵਿੱਚ ਪੁਰਾਣੀਆਂ, ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਅਤੇ ਹੋਰ ਵੱਖ-ਵੱਖ ਕਿਸਮਾਂ ਦੀਆਂ ਗੱਡੀਆਂ ਸ਼ਾਮਲ ਹੋਣਗੀਆਂ। ਪ੍ਰਦਰਸ਼ਨੀ ਨਨਾਇਮੋ ਦੇ ਬੀਬਨ ਪਾਰਕ, 2300 ਬੋਵਨ ਰੋਡ ਵਿਖੇ ਲੱਗੀ ਹੈ। ਪ੍ਰਬੰਧਕਾਂ ਵੱਲੋਂ ਬੀਬਨ ਪਾਰਕ ਅਤੇ ਨਨਾਇਮੋ ਨਾਰਥ ਟਾਊਨ ਸੈਂਟਰ ਵਿਚਕਾਰ ਮੁਫ਼ਤ ਆਵਾਜਾਈ ਸੇਵਾ ਵੀ ਚਲਾਈ ਜਾ ਰਹੀ ਹੈ।