ਵਿਆਹ ਲਈ ਹਜ਼ਾਰਾਂ ਜੋੜਿਆਂ ਦੀ ਪਸੰਦ ਬਣਿਆ ਸਕਾਟਲੈਂਡ
ਗਲਾਸਗੋ , 4 ਅਕਤੂਬਰ ( ਹਰਜੀਤ ਸਿੰਘ ਦੁਸਾਂਝ )- ਸਕਾਟਲੈਂਡ ਦੇ ਇਤਿਹਾਸਕ ਕਿਲ੍ਹੇ , ਝੀਲਾਂ ਅਤੇ ਪਹਾੜੀ ਨਜ਼ਾਰੇ ਹਜ਼ਾਰਾਂ ਜੋੜਿਆਂ ਨੂੰ ਵਿਆਹ ਲਈ ਆਕਰਸ਼ਿਤ ਕਰ ਰਹੇ ਹਨ । ਸਰਵੇਖਣ ਅਨੁਸਾਰ 2025 ਵਿਚ ਇਥੇ ਦਰਜ 27,191 ਵਿਆਹਾਂ ਵਿਚੋਂ 6,596 ਅਜਿਹੇ ਸਨ , ਜਿਨ੍ਹਾਂ ਵਿਚ ਦੋਵੇਂ ਜੀਵਨ ਸਾਥੀ ਸਕਾਟਲੈਂਡ ਤੋਂ ਬਾਹਰ ਰਹਿੰਦੇ ਸਨ ।
ਗਲਾਸਗੋ , 4 ਅਕਤੂਬਰ ( ਹਰਜੀਤ ਸਿੰਘ ਦੁਸਾਂਝ )- ਸਕਾਟਲੈਂਡ ਦੇ ਇਤਿਹਾਸਕ ਕਿਲ੍ਹੇ , ਝੀਲਾਂ ਅਤੇ ਪਹਾੜੀ ਨਜ਼ਾਰੇ ਹਜ਼ਾਰਾਂ ਜੋੜਿਆਂ ਨੂੰ ਵਿਆਹ ਲਈ ਆਕਰਸ਼ਿਤ ਕਰ ਰਹੇ ਹਨ । ਸਰਵੇਖਣ ਅਨੁਸਾਰ 2025 ਵਿਚ ਇਥੇ ਦਰਜ 27,191 ਵਿਆਹਾਂ ਵਿਚੋਂ 6,596 ਅਜਿਹੇ ਸਨ , ਜਿਨ੍ਹਾਂ ਵਿਚ ਦੋਵੇਂ ਜੀਵਨ ਸਾਥੀ ਸਕਾਟਲੈਂਡ ਤੋਂ ਬਾਹਰ ਰਹਿੰਦੇ ਸਨ । ਇਹ ਕੁੱਲ ਵਿਆਹਾਂ ਦਾ ਲਗਭਗ ਚੌਥਾ ਹਿੱਸਾ ਹੈ । ਬਾਹਰੋਂ ਆਉਣ ਵਾਲੇ ਜੋੜਿਆਂ ਦੀ ਸਭ ਤੋਂ ਵੱਧ ਪਸੰਦ ਸਕਾਟਲੈਂਡ ਦਾ ਛੋਟਾ ਜਿਹਾ ਪਿੰਡ ਗ੍ਰੈਟਨਾ ਗ੍ਰੀਨ ਹੈ , ਜਿਥੇ ਇਨ੍ਹਾਂ ਵਿਚੋਂ 3,492 ਵਿਆਹ ਹੋਏ । ਇਸ ਥਾਂ ਦੀ ਪ੍ਰਸਿੱਧੀ 1754 ਤੋਂ ਹੈ , ਜਦੋਂ ਇੰਗਲੈਂਡ ਦੇ ਵਿਆਹ ਕਾਨੂੰਨਾਂ ਵਿਚ ਤਬਦੀਲੀ ਮਗਰੋਂ ਨੌਜਵਾਨ ਜੋੜੇ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾਉਣ ਲਈ ਸਰਹੱਦ ਪਾਰ ਸਕਾਟਲੈਂਡ ਆਉਂਦੇ ਸਨ । ਅਮਰੀਕਾ ਦੇ ਪੈਨਸਿਲਵੇਨੀਆ ਵਾਸੀ ਹੇਡਨ ਅਤੇ ਸਵਾਨਾ ਨੇ ਪਹਿਲਾਂ ਕਦੇ ਸਕਾਟਲੈਂਡ ਨਹੀਂ ਵੇਖਿਆ ਸੀ । ਕਿਲ੍ਹੇ ਵਿਚ ਵਿਆਹ ਦੀਆਂ ਤਸਵੀਰਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਐਡਿਨਬਰਾ ਨੇੜੇ ਵਿਆਹ ਕਰਵਾਇਆ । ਕਈ ਮਹਿਮਾਨਾਂ ਨੇ ਆਪਣੀ ਠਹਿਰ ਲੰਮੀ ਕਰਕੇ ਸਕਾਟਲੈਂਡ ਦੀ ਸੈਰ ਵੀ ਕੀਤੀ । ਇੰਗਲੈਂਡ ਤੋਂ ਆਏ ਪੈਟ੍ਰਿਕ ਅਤੇ ਐਂਜਲਿਕਾ ਨੇ ਗ੍ਰੈਟਨਾ ਗ੍ਰੀਨ ਦੀ ਇਤਿਹਾਸਕ ਰਵਾਇਤ ਚੁਣੀ । ਚਿਲੀ ਦੇ ਚਿਹੋਨ ਅਤੇ ਮੋਲਡੋਵਾ ਦੀ ਅੰਨਾ ਮਾਰੀਆ , ਜਿਨ੍ਹਾਂ ਦੀ ਮੁਲਾਕਾਤ ਐਡਿਨਬਰਾ ਯੂਨੀਵਰਸਿਟੀ ਵਿਚ ਹੋਈ ਸੀ , ਨੇ ਸਕਾਟਲੈਂਡ ਦੇ ਐਰਨ ਟਾਪੂ ’ ਤੇ ਵਿਆਹ ਕਰਵਾਇਆ ।