ਗੁਰਦੁਆਰਾ ਗ਼ਰੀਬ ਨਿਵਾਜ਼ ਹੇਜ਼ ਵਿਖੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਜਥੇਦਾਰ ਗੜਗੱਜ ਵਲੋਂ ਸੰਗਤਾਂ ਨੂੰ ਕਿਰਤ ਕਰਨ, ਬਾਣੀ ਨਾਲ ਜੁੜਨ, ਨਸ਼ਾ ਛੱਡਣ ਅਤੇ ਬੱਚਿਆਂ ਨੂੰ ਪੰਜਾਬ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਦਾ ਸੰਦੇਸ਼
ਲੰਡਨ, 28 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਗ਼ਰੀਬ ਨਿਵਾਜ਼ ਹੇਜ਼ ਵਿਖੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਲਾਹਾ ਪ੍ਰਾਪਤ ਕੀਤਾ।
ਸ
ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ: ਮਨਪ੍ਰੀਤ ਸਿੰਘ ਬੱਧਨੀ ਕਲਾਂ
29-10-2026
ਲੰਡਨ, 28 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰਦੁਆਰਾ ਗ਼ਰੀਬ ਨਿਵਾਜ਼ ਹੇਜ਼ ਵਿਖੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਲਾਹਾ ਪ੍ਰਾਪਤ ਕੀਤਾ।ਸਮਾਗਮ ਦੌਰਾਨ ਗਿਆਨੀ ਅਮਰਜੀਤ ਸਿੰਘ ਨਾਨਕਸਰ ਵਾਲਿਆਂ ਦੇ ਜਥੇ ਨੇ ਰਸਭਿੰਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ, ਸਿੱਖਿਆਵਾਂ ਅਤੇ ਸਿੱਖ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਿੱਖ ਧਰਮ ਵਿੱਚ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਮਿਹਨਤ ਕਰਕੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ ਹੈ। ਮੁਫ਼ਤਖੋਰੀ ਵੱਲ ਵਧ ਰਿਹਾ ਰੁਝਾਨ ਸਿੱਖੀ ਦੇ ਕਿਰਤ ਕਰਨ ਵਾਲੇ ਸਿਧਾਂਤ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੀ ਮਿਹਨਤ, ਸੇਵਾ, ਸਵੈਮਾਣ ਅਤੇ ਗੁਰਮਤਿ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਨਾ ਦੇਣ।ਗੁਰੂ ਰਾਮਦਾਸ ਜੀ ਦੇ ਜੀਵਨ ਅਤੇ ਇਤਿਹਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਨੇ ਸਮਾਜ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਅਤੇ ਲੋਕਾਂ ਨੂੰ ਰੁਜ਼ਗਾਰ ਨਾਲ ਜੋੜਨ ਦੀ ਮਹਾਨ ਮਿਸਾਲ ਕਾਇਮ ਕੀਤੀ। ਉਨ੍ਹਾਂ ਅੰਮ੍ਰਿਤਸਰ ਸਾਹਿਬ ਵਸਾਉਣ ਸਮੇਂ 52 ਵੱਖ-ਵੱਖ ਕਿੱਤਿਆਂ ਨਾਲ ਸਬੰਧਤ ਲੋਕਾਂ ਨੂੰ ਵਸਾਉਣ ਦੇ ਇਤਿਹਾਸ ਦਾ ਵਿਸ਼ੇਸ਼ ਜ਼ਿਕਰ ਕੀਤਾ।ਜਥੇਦਾਰ ਗਿਆਨੀ ਗੜਗੱਜ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਪਨ ਤੋਂ ਲੈ ਕੇ ਗੁਰਗੱਦੀ ਅਤੇ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਤੱਕ ਦੇ ਇਤਿਹਾਸ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਲਾਹੌਰ ਦੀ ਚੂਨਾ ਮੰਡੀ ਤੋਂ ਗੋਇੰਦਵਾਲ ਸਾਹਿਬ ਪਹੁੰਚਣ, ਉੱਥੇ ਨਿਭਾਈਆਂ ਸੇਵਾਵਾਂ ਅਤੇ ਬਾਅਦ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਉਣ ਤੱਕ ਦੇ ਇਤਿਹਾਸਕ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਵਾਏ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਸਮੁੱਚਾ ਜੀਵਨ ਨਿਮਰਤਾ, ਸੇਵਾ, ਸਿਮਰਨ ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਰਿਹਾ।ਇਸ ਮੌਕੇ ਉਨ੍ਹਾਂ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਪਰਿਵਾਰਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬ ਲੈ ਕੇ ਜਾਣ ਅਤੇ ਉਨ੍ਹਾਂ ਨੂੰ ਸਿੱਖ ਇਤਿਹਾਸ, ਵਿਰਸੇ ਅਤੇ ਇਤਿਹਾਸਕ ਗੁਰਧਾਮਾਂ ਨਾਲ ਜਾਣੂ ਕਰਵਾਉਣ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ। ਬੱਚਿਆਂ ਨੂੰ ਪੰਜਾਬ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਨਾਲ ਉਨ੍ਹਾਂ ਅੰਦਰ ਆਪਣੇ ਮਹਾਨ ਵਿਰਸੇ ਪ੍ਰਤੀ ਸਤਿਕਾਰ ਅਤੇ ਪਿਆਰ ਪੈਦਾ ਹੁੰਦਾ ਹੈ। ਉਹਨਾਂ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਆਖਿਆ ਅਤੇ ਸ਼ਹੀਦ ਪਰਵਿੰਦਰ ਸਿੰਘ ਝੋਟੇ ਨਮਿੱਤ ਅਰਦਾਸ ਕੀਤੀ।ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਆਪਣੇ ਅਸਲ ਧੁਰੇ ਨਾਲ ਜੁੜਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਗੁਰੂ ਪੰਥ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖਣਾ ਚਾਹੀਦਾ ਹੈ। ਉਨ੍ਹਾਂ ਗੁਰਬਾਣੀ ਪੜ੍ਹਨ, ਸੁਣਨ, ਵਿਚਾਰਨ ਅਤੇ ਉਸ ਅਨੁਸਾਰ ਜੀਵਨ ਢਾਲਣ ਦੀ ਪ੍ਰੇਰਨਾ ਦਿੱਤੀ। ਪ੍ਰਬੰਧਕ ਕਮੇਟੀ ਅਤੇ ਨੌਜਵਾਨਾਂ ਨੇ ਸਿੱਘ ਸਾਹਿਬ ਦਾ ਵਿਸ਼ੇਸ਼ ਸਨਮਾਨ ਕੀਤਾ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖਾਂ ਨੂੰ ਨਸ਼ਾ ਛੱਡਣ ਲਈ ਕਿਹਾ ਅਤੇ ਪਰਵਿੰਦਰ ਸਿੰਘ ਝੋਟੇ ਦੀ ਆਤਮਿਕ ਸ਼ਾਂਤੀ ਲਈ ਅਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਧਾਰਮਿਕ ਸਮਾਗਮ ਮੌਕੇ ਸੁਖਦੀਪ ਸਿੰਘ ਰੰਧਾਵਾ, ਅਜੈਬ ਸਿੰਘ ਪਵਾਰ, ਕੌਂਸਲਰ ਕਮਲਪ੍ਰੀਤ ਕੌਰ, ਸੁਖਵਿੰਦਰ ਸਿੰਘ ਸੁੱਖੀ, ਸਤਿੰਦਰ ਸਿੰਘ ਮੰਗੂਵਾਲ, ਅਜੇਪਾਲ ਸਿੰਘ ਨਾਗੋਕੇ, ਅਮਰਿੰਦਰ ਸਿੰਘ ਝਬਾਲ, ਅਮਰਜੀਤ ਸਿੰਘ, ਮਨਵਿੰਦਰ ਸਿੰਘ ਲਾਡੀ, ਹਰਭੁਪਿੰਦਰ ਸਿੰਘ ਸਮੇਤ ਹੋਰ ਪਤਵੰਤੇ ਅਤੇ ਸੰਗਤਾਂ ਹਾਜ਼ਰ ਸਨ।