ਨਵੀਂ ਦਿੱਲੀ, 11 ਨਵੰਬਰ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਦੇਸ਼ੀ ਨਾਗਰਿਕਾਂ ਲਈ ਭਾਰਤੀ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਵੱਡਾ ਸੁਧਾਰ ਕੀਤਾ ਹੈ । ਸਰਕਾਰ ਨੇ ਮੁੱਖ ਵੀਜ਼ਾ ਸ਼੍ਰੇਣੀਆਂ ਦੀ ਗਿਣਤੀ 13 ਤੋਂ ਘਟਾ ਕੇ 9 ਤੇ ਉਪ-ਸ਼੍ਰੇਣੀਆਂ ਦੀ ਗਿਣਤੀ 49 ਤੋਂ ਘਟਾ ਕੇ 23 ਕਰ ਦਿੱਤੀ ਹੈ । ਇਸ ਦੇ ਨਾਲ ਹੀ ਵੀਜ਼ਾ ਅਰਜ਼ੀ ਫਾਰਮਾਂ ਵਿਚ ਭਰੇ ਜਾਣ ਵਾਲੇ ਖਾਨਿਆਂ ਦੀ ਗਿਣਤੀ ਵੀ 65 ਤੋਂ 70 ਫ਼ੀਸਦੀ ਤੱਕ ਘਟਾਈ ਗਈ ਹੈ। ਗ੍ਰਹਿ ਮੰਤਰਾਲੇ ਅਨੁਸਾਰ, ਇਸ ਬਦਲਾਅ ਦਾ ਮਕਸਦ ਵੀਜ਼ਾ ਪ੍ਰਣਾਲੀ ਨੂੰ ਵਧੇਰੇ ਸਰਲ, ਸਪੱਸ਼ਟ ਤੇ ਪ੍ਰਭਾਵਸ਼ਾਲੀ ਬਣਾਉਣਾ ਹੈ। ਇਸ ਤੋਂ ਪਹਿਲਾਂ ਅਕਤੂਬਰ 2025 ਵਿਚ ਵੀਜ਼ਾ ਸ਼੍ਰੇਣੀਆਂ 22 ਤੋਂ ਘਟਾ ਕੇ 13 ਕੀਤੀਆਂ ਗਈਆਂ ਸਨ। ਹੁਣ ਭਾਰਤ ਦੀਆਂ 9 ਮੁੱਖ ਵੀਜ਼ਾ ਸ਼੍ਰੇਣੀਆਂ ਵਿਚ ਬਿਜ਼ਨਸ, ਡਿਪਲੋਮੈਟਿਕ, ਵਰਕ, ਜਰਨਲਿਸਟ, ਮੈਡੀਕਲ, ਅਧਿਕਾਰਤ, ਸਟੂਡੈਂਟ, ਵਿਜ਼ਟਰ ਤੇ ਮਿਸਲੇਨੀਅਸ ਵੀਜ਼ਾ ਸ਼ਾਮਿਲ ਹਨ। ਟੂਰਿਸਟ ਵੀਜ਼ਾ ਦਾ ਨਾਂਅ ਬਦਲ ਕੇ ਵਿਜ਼ਟਰ ਵੀਜ਼ਾ ਰੱਖਿਆ ਗਿਆ ਹੈ। ਇਸ ਦੀਆਂ ਦੋ ਸ਼੍ਰੇਣੀਆਂ ਵੀ-1 ਅਤੇ ਵੀ-2 ਬਣਾਈਆਂ ਗਈਆਂ ਹਨ । ਮੈਡੀਕਲ ਵੀਜ਼ਾ ਵਿਚ ਆਮ ਇਲਾਜ ਤੇ ਆਯੁਰਵੇਦ ਸਮੇਤ ‘ਆਯੂਸ਼’ ਇਲਾਜ ਲਈ ਵੱਖਰੀ ਵਿਵਸਥਾ ਕੀਤੀ ਗਈ ਹੈ। ਵਿਦਿਆਰਥੀ ਵੀਜ਼ਾ ਨੂੰ ਐਸ-1 ਅਤੇ ਐਸ-2 ਵਿੱਚ ਵੰਡਿਆ ਗਿਆ ਹੈ, ਜਦਕਿ ਬਿਜ਼ਨਸ ਵੀਜ਼ਾ ਦੀਆਂ ਬੀ-1 ਅਤੇ ਬੀ-2 ਸ਼੍ਰੇਣੀਆਂ ਬਣਾਈਆਂ ਗਈਆਂ ਹਨ । ਮੰਤਰਾਲੇ ਮੁਤਾਬਕ, 172 ਦੇਸ਼ਾਂ ਦੇ ਨਾਗਰਿਕਾਂ ਨੂੰ ਈ-ਵੀਜ਼ਾ ਸਹੂਲਤ ਮਿਲ ਰਹੀ ਹੈ। ਨਵੀਂ ਪ੍ਰਣਾਲੀ ਲਾਗੂ ਕਰਨ ਲਈ ਆਈ.ਟੀ. ਸਿਸਟਮ ਅਪਡੇਟ ਕੀਤੇ ਜਾ ਰਹੇ ਹਨ ਤੇ ਇਸ ਸਾਲ ਦੇ ਅੰਤ ਤੱਕ ਨਵੇਂ ਨਿਯਮਾਂ ਤਹਿਤ ਵੀਜ਼ੇ ਜਾਰੀ ਕੀਤੇ ਜਾਣਗੇ ।