ਪੀਲੀਆ ਪ੍ਰਕੋਪ ਝੱਲ ਚੁੱਕੇ ਦੇਸੂਜੋਧਾ ਦੀਆਂ 9 ਮੰਗਾਂ ਅਧੂਰੀਆਂ, ਨਵੀਂ ਪਾਈਪ ਤੋਂ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ
ਵੱਡੀ ਗਿਣਤੀ ’ਚ ਕੁਨੈਕਸ਼ਨਾਂ ਵਿਚ ਲੀਕੇਜ, ਵਾਟਰ ਵਰਕਸ ਦਾ ਕੰਮ ਅਧੂਰਾ
ਡੱਬਵਾਲੀ, 19 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਬੀਤੇ ਜੁਲਾਈ ਵਿੱਚ ਪੀਲੀਆ ਦਾ ਪ੍ਰਕੋਪ ਝੱਲ ਚੁੱਕੇ ਪਿੰਡ ਦੇਸੂਜੋਧਾ ਵਿੱਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ। ਨਵੀਂ ਪਾਈਪਲਾਈਨ ਵਿਛਾਉਣ ਦੇ ਬਾਵਜੂਦ ਘਰਾਂ ਵਿੱਚ ਮਿੱਟੀ ਮਿਲਿਆ ਬਦਬੂਦਾਰ ਪਾਣੀ ਪੁੱਜਣ ਅਤੇ ਨਵੇਂ ਕੁਨੈਕਸ਼ਨਾਂ ਵਿੱਚ ਲੀਕੇਜ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਉਸਾਰੀਧੀਨ ਵਾਟਰ ਵਰਕਸ ਵਿੱਚ ਇਕੱਠੇ ਹੋ ਕੇ ਰੋਸ ਜਤਾਇਆ।
ਦ
ਦੇਸੂਜੋਧਾ ਦੇ ਵਾਟਰ ਵਰਕਸ ’ਚ ਫੈਲੀ ਗੰਦਗੀ ਦਿਖਾਉਂਦੇ ਪਿੰਡ ਵਾਸੀ।
20-10-2026
ਡੱਬਵਾਲੀ, 19 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਬੀਤੇ ਜੁਲਾਈ ਵਿੱਚ ਪੀਲੀਆ ਦਾ ਪ੍ਰਕੋਪ ਝੱਲ ਚੁੱਕੇ ਪਿੰਡ ਦੇਸੂਜੋਧਾ ਵਿੱਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ। ਨਵੀਂ ਪਾਈਪਲਾਈਨ ਵਿਛਾਉਣ ਦੇ ਬਾਵਜੂਦ ਘਰਾਂ ਵਿੱਚ ਮਿੱਟੀ ਮਿਲਿਆ ਬਦਬੂਦਾਰ ਪਾਣੀ ਪੁੱਜਣ ਅਤੇ ਨਵੇਂ ਕੁਨੈਕਸ਼ਨਾਂ ਵਿੱਚ ਲੀਕੇਜ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਉਸਾਰੀਧੀਨ ਵਾਟਰ ਵਰਕਸ ਵਿੱਚ ਇਕੱਠੇ ਹੋ ਕੇ ਰੋਸ ਜਤਾਇਆ। ਉਨ੍ਹਾਂ ਕਿਹਾ ਕਿ ਪੀਲੀਆ ਫੈਲਣ ਸਮੇਂ ਪ੍ਰਸ਼ਾਸਨ ਵੱਲੋਂ ਮੰਨੀਆਂ ਗਈਆਂ ਨੌਂ ਮੰਗਾਂ ਵਿੱਚੋਂ ਕਈ ਅਜੇ ਤੱਕ ਪੂਰੀਆਂ ਨਹੀਂ ਹੋਈਆਂ। ਪਿੰਡ ਵਾਸੀਆਂ ਅਨੁਸਾਰ ਜੁਲਾਈ ਮਹੀਨੇ ਵਿੱਚ ਪੀਲੀਆ ਫੈਲਣ ਕਰਕੇ 100 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ। ਇਸ ਦੌਰਾਨ ਧਰਨਾ ਚੁਕਵਾਉਣ ਲਈ ਪ੍ਰਸ਼ਾਸਨ ਨੇ 8 ਅਗਸਤ ਨੂੰ ਵਾਟਰ ਵਰਕਸ ਨੂੰ ਪਾਣੀ ਸਪਲਾਈ ਕਰਨ ਵਾਲੀ ਨਹਿਰ ਪੱਕੀ ਕਰਨ, ਨਹਿਰ ਕੰਢੇ ਸਥਿਤ ਸ਼ਰਾਬ ਠੇਕਾ ਹਟਾਉਣ ਤੇ ਵਾਟਰ ਵਰਕਸ ‘ਚ ਪੱਕਾ ਚੌਕੀਦਾਰ ਤਾਇਨਾਤ ਕਰਨ ਸਮੇਤ ਨੌਂ ਮੰਗਾਂ ਮੰਨੀਆਂ ਸਨ। ਰੁਪਿੰਦਰ ਸਿੰਘ ਤੇ ਹੋਰਨਾਂ ਪਿੰਡ ਵਾਸੀਆਂ ਨੇ ਪੀਲੀਆ ਪੀੜਤਾਂ ਨੂੰ ਆਰਥਿਕ ਸਹਾਇਤਾ ਦੇਣ ਵਿੱਚ ਸਿਆਸੀ ਪੱਖਪਾਤ ਦੇ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ ਮਲਕੀਤ ਸਿੰਘ ਦੇ ਇਲਾਜ ‘ਤੇ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ 10 ਲੱਖ ਰੁਪਏ ਤੇ ਕੁਲਦੀਪ ਸਿੰਘ ਦੀ ਧੀ ਦੇ ਇਲਾਜ ‘ਤੇ ਸੱਤ ਲੱਖ ਰੁਪਏ ਖਰਚ ਹੋਏ। ਉਨ੍ਹਾਂ ਦਾ ਦਾਅਵਾ ਹੈ ਕਿ 15 ਪਰਿਵਾਰਾਂ ਨੂੰ ਅਜੇ ਤੱਕ ਕੋਈ ਸਹਾਇਤਾ ਨਹੀਂ ਮਿਲੀ ਜਦਕਿ ਸੱਤਾਧਾਰੀ ਧਿਰ ਦੇ ਚਹੇਤਿਆਂ ਨੂੰ ਕਰੀਬ ਪੰਜ ਲੱਖ ਰੁਪਏ ਤੱਕ ਦੀ ਮਦਦ ਦਿੱਤੀ ਗਈ। ਰਾਜਿੰਦਰ ਸਿੰਘ, ਬਲ ਸਿੰਘ, ਸਿਮਰਜੀਤ ਸਿੰਘ ਤੇ ਗੁਰਚਰਨ ਸਿੰਘ ਨੇ ਦੱਸਿਆ ਕਿ ਨਵੀਂਆਂ ਪਾਈਪਲਾਈਨਾਂ ਵਿੱਚ ਥਾਂ-ਥਾਂ ਲੀਕੇਜ ਕਾਰਨ ਗੰਦਾ ਪਾਣੀ ਘਰਾਂ ਤੱਕ ਪਹੁੰਚ ਰਿਹਾ ਹੈ। ਕਈ ਗਲੀਆਂ ਵਿੱਚ ਨਵੇਂ ਕੁਨੈਕਸ਼ਨ ਨਹੀਂ ਜੋੜੇ ਗਏ ਜਦਕਿ ਪੁਰਾਣੇ ਕੁਨੈਕਸ਼ਨ ਬੰਦ ਕਰ ਦਿੱਤੇ ਗਏ ਹਨ। ਵਾਰਡ ਨੰਬਰ ਦੋ ਦੇ ਸੁਖਪ੍ਰੀਤ ਸਿੰਘ ਤੇ ਰੁਪਿੰਦਰ ਸਿੰਘ ਨੇ ਕਿਹਾ ਕਿ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਉਨ੍ਹਾਂ ਦੇ ਕੁਨੈਕਸ਼ਨ ਨਹੀਂ ਜੋੜੇ ਗਏ। ਇਸ ਕਾਰਨ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਲਈ ਕੈਂਪਰ ਖਰੀਦਣੇ ਪੈ ਰਹੇ ਹਨ। ਗੁਰਚਰਨ ਸਿੰਘ ਨੇ ਦੱਸਿਆ ਕਿ ਕੁਨੈਕਸ਼ਨਾਂ ਦੀ ਮੁਰੰਮਤ ਦੇ ਨਾਂਅ ‘ਤੇ ਕਈ ਥਾਵਾਂ ‘ਤੇ ਗਲੀਆਂ ਪੁੱਟੀਆਂ ਹੋਈਆਂ ਹਨ। ਪਿੰਡ ਵਾਸੀਆਂ ਨੇ ਵਾਟਰ ਵਰਕਸ ਦੀ ਚਾਰਦੀਵਾਰੀ ਅੱਠ ਫੁੱਟ ਤੱਕ ਮੁਕੰਮਲ ਨਾ ਹੋਣ, ਟੈਂਕੀਆਂ ਦੁਆਲੇ ਜਾਲੀ ਨਾ ਲੱਗਣ ਤੇ ਅਹਾਤੇ ਵਿੱਚ ਗੰਦਗੀ ਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਪਈਆਂ ਹੋਣ ‘ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਚਾਰਦੀਵਾਰੀ ਅਧੂਰੀ ਹੋਣ ਕਾਰਨ ਆਵਾਰਾ ਪਸ਼ੂ ਅੰਦਰ ਦਾਖ਼ਲ ਹੋ ਰਹੇ ਹਨ। ਰਾਜਿੰਦਰ ਸਿੰਘ ਅਨੁਸਾਰ ਵਾਟਰ ਵਰਕਸ ਦਾ ਨਿਰਮਾਣ 24 ਅਪਰੈਲ 2026 ਤੱਕ ਮੁਕੰਮਲ ਹੋਣਾ ਸੀ ਪਰ ਕੰਮ ਅਜੇ ਵੀ ਅਧੂਰਾ ਹੈ। ਪਿੰਡ ਵਾਸੀਆਂ ਨੇ ਪਾਣੀ ਦੇ ਨਮੂਨਿਆਂ ਦੀ ਪੜਤਾਲ ‘ਚ ਸਕੂਲਾਂ ਦੇ ਨਮੂਨੇ ਫੇਲ੍ਹ ਹੋਣ ਦੇ ਬਾਵਜੂਦ ਸਖ਼ਤ ਕਾਰਵਾਈ ਨਾ ਹੋਣ ‘ਤੇ ਸਵਾਲ ਚੁੱਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੰਗਾਂ ਛੇਤੀ ਪੂਰੀਆਂ ਨਾ ਹੋਣ ‘ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਜਾਵੇਗਾ। ਜਨ ਸਿਹਤ ਵਿਭਾਗ ਦੇ ਐੱਸ.ਡੀ.ਓ. ਵਿਸ਼ਾਲ ਜਿਆਣੀ ਨੇ ਕਿਹਾ ਕਿ ਲਗਾਤਾਰ ਕੀਤੀ ਜਾ ਰਹੀ ਜਾਂਚ ਦੌਰਾਨ ਪੀਣ ਵਾਲੇ ਪਾਣੀ ਦੀ ਸਪਲਾਈ ਸਾਫ਼ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਚਾਰ ਲੀਕ ਹੋ ਰਹੇ ਕੁਨੈਕਸ਼ਨਾਂ ਦੀ ਮੁਰੰਮਤ ਲਗਭਗ ਮੁਕੰਮਲ ਕਰ ਦਿੱਤੀ ਗਈ ਹੈ।