ਜਲੰਧਰ, 1 ਸਤੰਬਰ (ਐੱਮ. ਐੱਸ. ਲੋਹੀਆ)-ਮਜ਼ਦੂਰ ਆਗੂ ਗੁਰਨਾਮ ਸਿੰਘ ਦਾਊਦ ਨਮਿਤ ਦੇਸ਼ ਭਗਤ ਯਾਦਗਾਰ ਹਾਲ ’ਚ ਸ਼ੋਕ ਬੈਠਕ ਹੋਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਮੁੱਚੀ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਦੇ ਬੇਵਕਤੀ ਵਿਛੋੜੇ ’ਤੇ ਪਰਿਵਾਰ, ਸਾਕ ਸੰਬੰਧੀਆਂ ਅਤੇ ਸੰਗੀ-ਸਾਥੀਆਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਗੁਰਨਾਮ ਦਾਊਦ ਖ਼ਰਾਬ ਸਿਹਤ ਦੇ ਬਾਵਜੂਦ ਪਾਰਟੀ ਅਤੇ ਜਨਤਕ ਜਥੇਬੰਦੀਆਂ ਦੀਆਂ ਸਰਗਰਮੀਆਂ ਨੂੰ ਸੂਝ-ਬੂਝ ਨਾਲ ਅਗਵਾਈ ਦਿੰਦੇ ਸਨ। ਅੱਜ ਵੀ ਉਹ ਜਲੰਧਰ ਵਿਖੇ ਹੋਣ ਜਾ ਰਹੀ ਕੁਲ ਹਿੰਦ ਕਿਸਾਨ ਮਹਾਂਸਭਾ ਦੀ ਕੌਮੀ ਕਾਨਫਰੰਸ ਦੀ ਕਾਮਯਾਬੀ ਲਈ ਜਨਤਕ ਉਗਰਾਹੀ ਕਰਨ ਲਈ ਜਾ ਰਹੇ ਸਨ, ਜਦੋਂ ਸਵੇਰੇ ਕਰੀਬ 8-30 ਵਜੇ ਰਈਆ ਮੰਡੀ ਨੇੜਲੇ ਪਿੰਡ ਬੁਟਾਹਰੀ ਵਿਖੇ ਇ ਕ ਸੜਕ ਦੁਰਘਟਨਾ ’ਚ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।