ਵਿਸ਼ਵ ਸਟਰੋਕ ਦਿਵਸ ਮੌਕੇ ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਜਾਗਰੂਕਤਾ ਸਮਾਗਮ
ਗੁਰਾਇਆ, 30 ਅਕਤੂਬਰ (ਬਲਵਿੰਦਰ ਸਿੰਘ)-ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਵਿਸ਼ਵ ਸਟਰੋਕ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਸਟਰੋਕ ਜਿਸ ਨੂੰ ਆਮ ਭਾਸ਼ਾ ਵਿੱਚ ਅਧਰੰਗ ਕਿਹਾ ਜਾਂਦਾ ਹੈ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਸਮੇਂ ਸਿਰ ਇਲਾਜ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ।
ਗੁਰਾਇਆ, 30 ਅਕਤੂਬਰ (ਬਲਵਿੰਦਰ ਸਿੰਘ)-ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਵਿਸ਼ਵ ਸਟਰੋਕ ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਸਟਰੋਕ ਜਿਸ ਨੂੰ ਆਮ ਭਾਸ਼ਾ ਵਿੱਚ ਅਧਰੰਗ ਕਿਹਾ ਜਾਂਦਾ ਹੈ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਸਮੇਂ ਸਿਰ ਇਲਾਜ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮੁਨੀਸ਼ ਸਾਗਰ ਨੇ ਦੱਸਿਆ ਕਿ ਅਧਰੰਗ ਕਾਰਨ ਮਰੀਜ਼ ਦਾ ਇਕ ਪਾਸਾ ਕੰਮ ਕਰਨਾ ਬੰਦ ਕਰ ਸਕਦਾ ਜਾਂ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਦਿਮਾਗ਼ ਤੱਕ ਖ਼ੂਨ ਦੀ ਸਪਲਾਈ ਰੁਕਣ ਜਾਂ ਦਿਮਾਗ਼ ’ਚ ਖ਼ੂਨ ਦੀ ਨਾੜੀ ਫਟਣ ਕਾਰਨ ਹੋ ਸਕਦਾ ਹੈ। ਇਸ ਦੇ ਮੁੱਖ ਲੱਛਣਾਂ ਵਿੱਚ ਅਚਾਨਕ ਚਿਹਰੇ ਦਾ ਇੱਕ ਪਾਸਾ ਟੇਢਾ ਹੋਣਾ, ਬਾਂਹ ਜਾਂ ਲੱਤ ਵਿੱਚ ਕਮਜ਼ੋਰੀ ਜਾਂ ਸੁੰਨ ਹੋਣਾ, ਬੋਲਣ ਜਾਂ ਸਮਝਣ ’ਚ ਮੁਸ਼ਕਿਲ ਆਉਣਾ ਅਤੇ ਅਚਾਨਕ ਨਜ਼ਰ ਘੱਟ ਹੋਣਾ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਦਿਮਾਗ਼ੀ ਦੌਰੇ ਦੇ ਮਾਮਲੇ ਵਿੱਚ ਹਰ ਮਿੰਟ ਕੀਮਤੀ ਹੁੰਦਾ ਹੈ। ਅਜਿਹੇ ਲੱਛਣ ਦਿਖਾਈ ਦੇਣ ‘ਤੇ ਮਰੀਜ਼ ਨੂੰ ਤੁਰੰਤ ਹਸਪਤਾਲ ਲਿਜਾਣਾ ਚਾਹੀਦਾ ਹੈ। ਇਲਾਜ ਵਿੱਚ ਦੇਰੀ ਨਾਲ ਸਰੀਰ ਦੇ ਅੰਗਾਂ ਨੂੰ ਸਥਾਈ ਨੁਕਸਾਨ ਹੋ ਸਕਦਾ ਹੈ ਅਤੇ ਮਰੀਜ਼ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਹੈ। ਸੰਤੁਲਿਤ ਖ਼ੁਰਾਕ, ਰੋਜ਼ਾਨਾ ਸਰੀਰਕ ਕਸਰਤ, ਨਿਯਮਿਤ ਸਿਹਤ ਜਾਂਚ ਅਤੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਨੂੰ ਕਾਬੂ ਵਿੱਚ ਰੱਖ ਕੇ ਇਸ ਬਿਮਾਰੀ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਮਮਤਾ ਗੌਤਮ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਬਲਜਿੰਦਰ ਸਿੰਘ, ਬਲਾਕ ਐਕਸਟੈਨਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ, ਹੈਲਥ ਸੁਪਰਵਾਈਜ਼ਰ ਕੁਲਦੀਪ ਵਰਮਾ ਅਤੇ ਹੈਲਥ ਸੁਪਰਵਾਈਜ਼ਰ ਸਤਨਾਮ ਸਮੇਤ ਹੋਰ ਸਿਹਤ ਕਰਮਚਾਰੀ ਵੀ ਹਾਜ਼ਰ ਸਨ।