ਪਿੰਡ ਮੁਆਈ ਦੇ ਸ਼ਮਸ਼ਾਨਘਾਟ ’ਚ ਬੱਚੇ ਦੀ ਲਾਸ਼ ਦਫ਼ਨਾਉਣ ਨੂੰ ਲੈ ਕੇ ਪਿੰਡ ’ਚ ਭਾਰੀ ਰੋਸ
ਯੂ.ਪੀ. ਵਾਸੀ 3 ਸਾਲਾ ਬੱਚੇ ਦੀ ਲਾਸ਼ ਗ਼ਲਤ ਥਾਂ ਦਫ਼ਨਾਉਣ ਵਾਲੇ ਖ਼ਿਲਾਫ਼ ਕਾਰਵਾਈ ਦੀ ਮੰਗ
ਬਿਲਗਾ, 2 ਨਵੰਬਰ (ਤਜਿੰਦਰ ਕੁਮਾਰ )-ਬਿਲਗਾ ਨੇੜਲੇ ਪਿੰਡ ਮੁਆਈ ਦੇ ਸ਼ਮਸ਼ਾਨਘਾਟ ’ਚ ਇੱਕ ਅਣਪਛਾਤੇ ਬੱਚੇ ਦੀ ਲਾਸ਼ ਦਫ਼ਨਾਈ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਿੱਚ ਭਾਰੀ ਰੋਸ ਹੈ। ਬਾਅਦ ’ਚ ਮ੍ਰਿਤਕ ਬੱਚੇ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਤਿੰਨ ਸਾਲਾ ਮੰਗਰੂ ਵਜੋਂ ਹੋਈ ਹੈ।
ਬਿਲਗਾ, 2 ਨਵੰਬਰ (ਤਜਿੰਦਰ ਕੁਮਾਰ )-ਬਿਲਗਾ ਨੇੜਲੇ ਪਿੰਡ ਮੁਆਈ ਦੇ ਸ਼ਮਸ਼ਾਨਘਾਟ ’ਚ ਇੱਕ ਅਣਪਛਾਤੇ ਬੱਚੇ ਦੀ ਲਾਸ਼ ਦਫ਼ਨਾਈ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਿੰਡ ਵਿੱਚ ਭਾਰੀ ਰੋਸ ਹੈ। ਬਾਅਦ ’ਚ ਮ੍ਰਿਤਕ ਬੱਚੇ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਤਿੰਨ ਸਾਲਾ ਮੰਗਰੂ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਿੰਡ ਦੇ ਸ਼ਮਸ਼ਾਨਘਾਟ ’ਚ ਕਿਸੇ ਵਲੋਂ ਟੂਣਾ ਕੀਤੇ ਜਾਣ ਦੀ ਸ਼ੱਕੀ ਸੂਚਨਾ ਮਿਲਣ ‘ਤੇ ਪਿੰਡ ਦੀ ਪੰਚਾਇਤ ਦੇ ਮੈਂਬਰ ਮੌਕੇ ‘ਤੇ ਪਹੁੰਚੇ। ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਉੱਥੇ ਇੱਕ ਕਬਰ ਵਿੱਚ ਬੱਚੇ ਦੀ ਲਾਸ਼ ਦਫ਼ਨਾਈ ਹੋਈ ਮਿਲੀ, ਜਿਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਇਸ ਸਬੰਧੀ ਥਾਣਾ ਬਿਲਗਾ ਦੇ ਐਸ.ਐਚ.ਓ. ਦਿਲਬਾਗ ਸਿੰਘ ਤੇ ਪੰਚਾਇਤ ਮੈਂਬਰਾਂ ਸੁਨੀਲ ਦੱਤ ਤੇ ਸੋਨੂੰ ਨੇ ਦੱਸਿਆ ਕਿ ਜਾਂਚ ਦੌਰਾਨ ਮ੍ਰਿਤਕ ਬੱਚੇ ਦੇ ਪਿਤਾ ਦੀ ਪਛਾਣ ਰਾਜੇਸ਼ ਕੁਮਾਰ ਉਰਫ਼ ਗਾਂਧੀ, ਵਾਸੀ ਬਨਾਰਸ (ਯੂ.ਪੀ.) ਵਜੋਂ ਹੋਈ ਹੈ, ਜੋ ਇਸ ਸਮੇਂ ਪਿੰਡ ਨਾਗਰੇ ਦੀ ਨਹਿਰ ਦੇ ਨਜ਼ਦੀਕ ਰਹਿ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚਾ ਕਾਫ਼ੀ ਸਮੇਂ ਤੋਂ ਬਿਮਾਰ ਸੀ ਤੇ ਪਰਿਵਾਰ ਉਸ ਨੂੰ ਵਾਪਸ ਯੂਪੀ ਲੈ ਕੇ ਜਾ ਰਿਹਾ ਸੀ, ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਬੱਚੇ ਦੀ ਮ੍ਰਿਤਕ ਦੇਹ ਵਾਪਸ ਪਿੰਡ ਮੁਆਈ ਲਿਆਂਦੀ ਗਈ। ਕਥਿਤ ਤੌਰ ‘ਤੇ ਕਿਸੇ ਵਿਅਕਤੀ ਦੀ ਗ਼ਲਤ ਸਲਾਹ ‘ਤੇ ਬੱਚੇ ਦੀ ਦੇਹ ਪਿੰਡ ਦੇ ਉਸ ਸ਼ਮਸ਼ਾਨਘਾਟ ’ਚ ਦਫ਼ਨਾ ਦਿੱਤੀ ਗਈ ਜਿੱਥੇ ਆਮ ਤੌਰ ‘ਤੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਇਸ ਗੱਲ ਨੂੰ ਲੈ ਕੇ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਜਿਸ ਵਿਅਕਤੀ ਵਲੋਂ ਪਰਿਵਾਰ ਨੂੰ ਗ਼ਲਤ ਜਗ੍ਹਾ ‘ਤੇ ਬੱਚੇ ਦੀ ਦੇਹ ਦਫ਼ਨਾਉਣ ਦੀ ਸਲਾਹ ਦਿੱਤੀ ਗਈ ਹੈ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਦੀ ਮੌਜੂਦਗੀ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਹਿਲਾਂ ਦਫ਼ਨਾਈ ਗਈ ਜਗ੍ਹਾ ਤੋਂ ਬੱਚੇ ਦੀ ਦੇਹ ਨੂੰ ਸਤਿਕਾਰਪੂਰਵਕ ਬਾਹਰ ਕੱਢ ਕੇ ਕਿਸੇ ਦੂਜੀ ਢੁੱਕ ਵੀਂ ਜਗ੍ਹਾ ‘ਤੇ ਦਫ਼ਨਾ ਦਿੱਤਾ ਗਿਆ ।