ਸੁਲਤਾਨਪੁਰ ਲੋਧੀ, 3 ਅਕਤੂਬਰ (ਨਰੇਸ਼ ਹੈਪੀ)-ਐਸ.ਡੀ. ਕਾਲਜ ਫ਼ਾਰ ਵੋਮੈਨ ਵਿਖੇ ਰਾਸ਼ਟਰੀ ਖ਼ੂਨਦਾਨ ਦਿਵਸ ਮੌਕੇ ਰੈੱਡ ਰਿਬਨ ਕਲੱਬ ਵੱਲੋਂ ਐਨ.ਐੱਸ.ਐੱਸ. ਵਿਭਾਗ ਦੇ ਸਹਿਯੋਗ ਨਾਲ ਪਿ੍ੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ‘ਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ | ਇਹ ਗਤੀਵਿਧੀ ਮੈਡਮ ਸੁਨੀਤਾ ਕਲੇਰ ਦੇਖ ਰੇਖ ਵਿਚ ਆਯੋਜਿਤ ਕੀਤੀ ਗਈ | ਇਸ ਮੌਕੇ ਵਿਦਿਆਰਥਣਾਂ ਨੂੰ ਸਵੈ-ਇੱਛਕ ਖ਼ੂਨਦਾਨ ਦੀ ਮਹੱਤਤਾ ਅਤੇ ਇਸ ਰਾਹੀਂ ਕੀਮਤੀ ਜਾਨਾਂ ਬਚਾਉਣ ਦੇ ਸੰਦੇਸ਼ ਪ੍ਰਤੀ ਜਾਗਰੂਕ ਕੀਤਾ ਗਿਆ | ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ ਖ਼ੂਨ ਕਿਸੇ ਫ਼ੈਕਟਰੀ ਵਿਚ ਤਿਆਰ ਨਹੀਂ ਕੀਤਾ ਜਾ ਸਕਦਾ, ਸਗੋਂ ਇਹ ਸਿਰਫ਼ ਸਵੈ-ਇੱਛਕ ਖ਼ੂਨਦਾਨੀਆਂ ਰਾਹੀਂ ਹੀ ਪ੍ਰਾਪਤ ਹੁੰਦਾ ਹੈ | ਹਾਦਸਿਆਂ, ਸਰਜਰੀਆਂ, ਗੰਭੀਰ ਬਿਮਾਰੀਆਂ ਅਤੇ ਐਮਰਜੈਂਸੀ ਸਥਿਤੀਆਂ ਵਿਚ ਲੋੜਵੰਦ ਮਰੀਜ਼ਾਂ ਲਈ ਖ਼ੂਨ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ | ਮੁਕਾਬਲੇ ਵਿਚ ਬੀ.ਏ. ਫਾਈਨਲ ਦੀਆਂ ਵਿਦਿਆਰਥਣਾਂ ਬੰਦਨਾ, ਹਰਸ਼ਿਤਾ ਅਤੇ ਸੁਰਜੀਤ ਕੌਰ, ਬੀ.ਏ. ਦੂਜੇ ਸਾਲ ਦੀਆਂ ਕਾਜਲ, ਕੁਮਕੁਮ ਅਤੇ ਸ਼ਿਵਾਨੀ ਅਤੇ ਬੀ.ਏ. ਪਹਿਲੇ ਸਾਲ ਦੀਆਂ ਮਮਤਾ, ਨਰਿੰਦਰ ਕੌਰ ਅਤੇ ਕਾਜਲ ਨੇ ਉਤਸ਼ਾਹ ਨਾਲ ਭਾਗ ਲਿਆ | ਮੁਕਾਬਲੇ ਵਿਚ ਹਰਸ਼ਿਤਾ ਪਹਿਲੇ ਸਥਾਨ, ਕੁਮਕੁਮ ਦੂਜੇ ਅਤੇ ਬੰਦਨਾ ਤੀਜੇ ਸਥਾਨ ‘ਤੇ ਰਹੀ | ਵਿਦਿਆਰਥਣਾਂ ਨੇ ਆਪਣੇ ਰਚਨਾਤਮਕ ਅਤੇ ਜਾਣਕਾਰੀ ਭਰਪੂਰ ਪੋਸਟਰਾਂ ਰਾਹੀਂ ਖ਼ੂਨਦਾਨ ਦੀ ਮਹੱਤਤਾ ਦਾ ਸੰਦੇਸ਼ ਦਿੱਤਾ |