03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2021

ਕਣਕਾਂ ਪੱਕੀਆਂ

ਅਜੀਤ ਡੈਸਕ 13-04-2021

ਕਣਕਾਂ ਪੱਕੀਆਂ ਆਈ ਵਿਸਾਖੀ ਦਾਤਿਆ ਮਿਹਰ ਕਰੀਂ,
ਸਾਡੀਆਂ ਕਰਦੇ ਪੂਰੀਆਂ ਆਸਾਂ ਨਾ ਹੁਣ ਦੇਰ ਕਰੀਂ।

ਬਾਬਲ ਮੇਰਾ ਕਰਜ਼ੇ ਦੇ ਵਿਚ ਗਲ ਗਲ ਡੁੱਬਾ ਏ,
ਮਿਹਨਤ ਕਰਦਾ ਕਰਦਾ ਦੇਖ ਹੋ ਗਿਆ ਕੁੱਬਾ ਏ।
ਜ਼ਿੰਦਗੀ ਜਾਪੇ ਉਹਨੂੰ ਘੁੱਪ ਹਨੇਰਾ ਸਵੇਰ ਕਰੀਂ,
ਕਣਕਾਂ ਪੱਕੀਆਂ ਆਈ ਵਿਸਾਖੀ ਦਾਤਿਆ ਮਿਹਰ ਕਰੀਂ।

ਮਾਂ ਮੇਰੀ ਦੀਆਂ ਵਿਕੀਆਂ ਬਾਲੀਆਂ ਮਿਲਣ ਦੁਬਾਰਾਵੇ,
ਵੀਰ ਮੇਰੇ ਦਾ ਸ਼ੌਕ ਪੂਰਦੇ ਪੈ ਜੇ ਸਾਡੇ ਇਕ ਚੁਬਾਰਾ ਵੇ।
ਭਾਬੋ ਵਿਹੜੇ ਹੱਸੇ ਖੇਡੇ ਦਿਨ ਗਏ ਦੂਰ ਵੇ ਨੇੜ ਕਰੀਂ,
ਕਣਕਾਂ ਪੱਕੀਆਂ ਆਈ ਵਿਸਾਖੀ ਦਾਤਿਆ ਮਿਹਰ ਕਰੀਂ।

ਸੁੱਖੀ ਸਾਂਦੀ ਸਿਰੇ ਚੜ੍ਹਾ ਦੇ ਵਗਦੀਆਂ ਰੋਕ ਹਵਾਵਾਂ ਨੂੰ,
ਝੋਲੀ ਦੇ ਵਿਚ ਪਾ ਦੇ ਸਾਡੇ ਬੂਰ ਪਿਆ ਜੋ ਚਾਵਾਂ ਨੂੰ।
ਫ਼ਿਕਰਾਂ ਦੇ ਵਿਚ ਬੈਠਾ ਰਹਿੰਦਾ ਦਾਦੇ ਨੂੰ ਦਲੇਰ ਕਰੀਂ,
ਕਣਕਾਂ ਪੱਕੀਆਂ ਆਈ ਵਿਸਾਖੀ ਦਾਤਿਆ ਮਿਹਰ ਕਰੀਂ।

ਹੋਵਣ ਸੱਧਰਾਂ ਪੂਰੀਆਂ ਮੇਰੀ ਭੈਣ ਮੁਟਿਆਰ ਦੀਆਂ,
ਝੋਰੇ ਦੇ ਵਿਚ ਰਹਿੰਦੀ ਤੁਰਗੀਆਂ ਸਹੁਰੇੇ ਹਾਣਦੀਆਂ।
ਡਾਵਾਂਡੋਲ ਜੋ ਹੋਈ ਬੈਠੀ ਚਿੱਤ ਓਹਦੇ 'ਚ ਚੈਨ ਭਰੀਂ,
ਕਣਕਾਂ ਪੱਕੀਆਂ ਆਈ ਵਿਸਾਖੀ ਦਾਤਿਆ ਮਿਹਰ ਕਰੀਂ।

ਸਭਨਾਂ ਦਾ ਜੋ ਭਲਾ ਮੰਗੇਂਦਾ ਤੇਰੀ ਰਜ਼ਾ ਰਹਿ ਕੇ ਜੀ,
ਕਿਸਾਨ ਨਾ ਰੋਵੇ ਕੋਈ ਕਰਜ਼ੇ 'ਚ ਡੁੱਬਿਆ ਬਹਿ ਕੇ ਜੀ।
ਬਲਜੀਤ ਆਖਦਾ ਅੰਨਦਾਤੇ ਉੱਤੇ ਹਾੜਾ ਤੂੰ ਖ਼ੈਰ ਕਰੀਂ।
ਕਣਕਾਂ ਪੱਕੀਆਂ ਆਈ ਵਿਸਾਖੀ ਦਾਤਿਆ ਮਿਹਰ ਕਰੀਂ।

-ਬਲਜੀਤ ਸਿੰਘ ਅਕਲੀਆ
ਪੰਜਾਬੀ ਅਧਿਆਪਕ, ਸ. ਮਿ. ਸ. ਛਿਛਰੇਵਾਲ (ਤਰਨ ਤਾਰਨ)।
ਸੰਪਰਕ : 98721-21002

ਪਿਛਲੀ ਖ਼ਬਰ ਵੈਸਾਖੁ ਸੁਹਾਵਾ <h4>* ਡਾ: ਸਰਬਜੀਤ ਕੌਰ ਸੰਧਾਵਾਲੀਆ * </h4> ਅਗਲੀ ਖ਼ਬਰ ਦਮਦਮਾ ਸਾਹਿਬ ਦੀ ਵਿਸਾਖੀ <h4>* ਪ੍ਰੋ: ਨਵ ਸੰਗੀਤ ਸਿੰਘ * </h4>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।