03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2021

ਦਮਦਮਾ ਸਾਹਿਬ ਦੀ ਵਿਸਾਖੀ <h4>* ਪ੍ਰੋ: ਨਵ ਸੰਗੀਤ ਸਿੰਘ * </h4>

ਅਜੀਤ ਡੈਸਕ 13-04-2021

ਆਈ ਵਿਸਾਖੀ ਖੁਸ਼ੀਆਂ ਵਾਲੀ, ਦਮਦਮਾ ਸਾਹਿਬ ਨੂੰ ਚੱਲੀਏ।
ਤਖ਼ਤ ਸਾਹਿਬ ਚੱਲ ਟੇਕੀਏ ਮੱਥਾ, ਨਾਲ ਸੰਗਤ ਦੇ ਰਲੀਏ।

ਆਏ ਏਥੇ ਸਨ ਦਸਮ ਪਾਤਸ਼ਾਹ, ਚੱਲ ਕੇ ਢਾਬ ਖਿਦਰਾਣਾ।
ਨੌਂ ਮਹੀਨੇ ਨੌਂ ਦਿਨ ਸਤਿਗੁਰ, ਕੀਤਾ ਇਥੇ ਟਿਕਾਣਾ।

ਲੰਮੇ ਸਮੇਂ ਦੇ ਯੁੱਧਾਂ ਪਿੱਛੋਂ ਕੀਤਾ ਗੁਰ ਬਿਸਰਾਮ।
ਏਸ ਜਗ੍ਹਾ ਨੂੰ ਸਤਿਗੁਰ ਦਿੱਤਾ, ਤਖ਼ਤ ਚੌਥੇ ਦਾ ਨਾਮ।

ਭਾਈ ਡੱਲੇ ਨੂੰ ਦਾਤੇ ਨੇ, ਦਿੱਤੀ ਸੀ ਵਡਿਆਈ।
ਸਿੰਘ ਸਜਾ ਕੇ ਗਲ ਨਾਲ ਲਾਇਆ, ਉਸ ਦੀ ਪੈਜ ਰਖਾਈ।

ਮੌਜ 'ਚ ਆ ਕੇ ਦਸਮ ਗੁਰੂ ਨੇ, ਕਈ ਕੌਤਕ ਸਨ ਕੀਤੇ।
ਸੰਗਤ ਨੇ ਵੀ ਦਾਤੇ ਕੋਲੋਂ, ਘੁੱਟ ਅੰਮ੍ਰਿਤ ਦੇ ਪੀਤੇ।

'ਗੁਰੂ ਕਾਸ਼ੀ' ਅਖਵਾਏ ਧਰਤੀ, ਖੁੱਲ੍ਹੇ ਕਈ ਵਿਦਿਆਲੇ।
ਗੁਰ-ਦਾਤੇ ਦੀ ਅਜ਼ਮਤ ਤੋਂ, ਸਭ ਹੁੰਦੇ ਜਾਣ ਨਿਹਾਲੇ।

ਮੇਲੇ ਵਾਲੇ ਦਿਨਾਂ ਨੂੰ ਏਥੇ, ਲੱਗਣ ਅਜਬ ਬਹਾਰਾਂ।
ਗੁਰ-ਦਰਬਾਰ 'ਚ ਮੱਥਾ ਟੇਕਣ, ਬੰਨ੍ਹਣੀਆਂ ਪੈਣ ਕਤਾਰਾਂ।

ਚੋਜੀ ਪ੍ਰੀਤਮ ਕੋਲੋਂ ਓਹੀ, ਮਨਇੱਛਿਤ ਫਲ ਪਾਵੇ।
ਸ਼ਰਧਾ ਨਾਲ 'ਸ਼ਨਾਨ ਕਰੇ, ਤੇ ਸੱਚੇ ਦਿਲੋਂ ਧਿਆਵੇ।

ਸਰਕਸ, ਝੂਲੇ, ਖਾਣ-ਪੀਣ ਦੀਆਂ, ਸਜੀਆਂ ਬਹੁਤ ਦੁਕਾਨਾਂ।
ਲੋਕਾਂ ਦੇ ਇਸ ਅਜਬ ਜਲੌਅ ਨੂੰ, ਖੜ੍ਹ ਕੇ ਵੇਖ ਜਵਾਨਾ।

ਕਿਧਰੇ ਕਵੀ, ਕਵੀਸ਼ਰ ਕਿਧਰੇ, ਢਾਡੀ ਵਾਰਾਂ ਗਾਉਂਦੇ।
ਮੱਲ 'ਖਾੜੇ ਵਿਚ ਦੂਰ ਪਰ੍ਹੇ, ਇਕ-ਦੂਜੇ ਨੂੰ ਪਏ ਢਾਹੁੰਦੇ।

ਦਸਮ ਪਿਤਾ ਦੇ ਦਰ 'ਤੇ ਸਾਰੇ, ਆਓ ਸੀਸ ਝੁਕਾਈਏ।
ਧੰਨ ਗੁਰੂ, ਧੰਨ ਅੰਮ੍ਰਿਤ-ਦਾਤਾ, ਨਾਲ ਰੂਹੀ ਦੇ ਗਾਈਏ।

-ਤਲਵੰਡੀ ਸਾਬੋ-151302 (ਬਠਿੰਡਾ)।
ਮੋਬਾਈਲ : 94176-92015

ਪਿਛਲੀ ਖ਼ਬਰ ਕਣਕਾਂ ਪੱਕੀਆਂ ਅਗਲੀ ਖ਼ਬਰ <h4> ਵੈਸਾਖ-ਕਾਵਿ </h4> ਸਿੱਖੀ ਦਾ ਇਤਿਹਾਸ ਸੁਣਾਏ ਪਿਆਰ ਵਿਸਾਖੀ ਦਾ <h4>* ਬਲਵਿੰਦਰ 'ਬਾਲਮ' ਗੁਰਦਾਸਪੁਰ * </h4>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।