03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2021

ਸਾਡੇ ਘਰ ਦਾਣੇ ਵੀ ਲਿਆਈਂ ਨੀ ਵਿਸਾਖੀਏ <h4>* ਬੂਟਾ ਗੁਲਾਮੀ ਵਾਲਾ * </h4>

ਅਜੀਤ ਡੈਸਕ 13-04-2021

ਆ ਜਾਂਦੀ ਗਰਮੀ ਤੇ ਮੁੱਕਦਾ ਸਿਆਲ ਏ,
ਖੇਤਾਂ ਵਿਚ ਕਣਕਾਂ ਦਾ ਰੰਗ ਹੁੰਦਾ ਲਾਲ ਏ,
ਖੁਸ਼ੀਆਂ ਦੇ ਨਾਲ ਫੇਰਾ, ਪਾਈਂ ਨੀ ਵਿਸਾਖੀਏ,
ਸਾਡੇ ਘਰ ਦਾਣੇ ਵੀ ਲਿਆਈਂ ਨੀ ਵਿਸਾਖੀਏ।

ਸਾਡੇ ਘਰ ਆਟੇ ਵਾਲੇ, ਪੀਪੇ ਹੋਏ ਖਾਲੀ ਨੀ,
ਕਦੇ ਵੀ ਨਾ ਹੋਈ, ਸਾਡੀ ਜ਼ਿੰਦਗੀ ਸੁਖਾਲੀ ਨੀ,
ਦੀਵਾ ਆ ਕੇ ਖ਼ੁਸ਼ੀ ਦਾ, ਜਗਾਈਂ ਨੀ ਵਿਸਾਖੀਏ,
ਸਾਡੇ ਘਰ ਦਾਣੇ ਵੀ ਲਿਆਈਂ ਨੀ ਵਿਸਾਖੀਏ।

ਅਸੀਂ ਵੀ ਤਾਂ ਅੱਖਾਂ ਵਿਚ, ਸੁਪਨੇ ਨੇ ਬੁੰਨਣੇ,
ਝੜ ਝੜ ਡਿੱਗੇ ਜਿਹੜੇ, ਸਿੱਟੇ ਅਸੀਂ ਚੁੰਨਣੇ,
ਸਭ ਦੇ ਭੜੋਲੇ ਤੂੰ ਭਰਾਈਂ ਨੀ ਵਿਸਾਖੀਏ,
ਸਾਡੇ ਘਰ ਦਾਣੇ ਵੀ ਲਿਆਈਂ ਨੀ ਵਿਸਾਖੀਏ।

ਵਿਸਾਖ ਦੇ ਮਹੀਨੇ 'ਚ, ਹਨੇਰੀ ਜਾਵੇ ਝੁੱਲ ਨਾ,
ਸਾਨੂੰ ਕਿਤੇ ਪੈ ਜਾਵੇ, ਆਟਾ ਲੈਣਾ ਮੁੱਲ ਨਾ,
ਐਸੀ ਤੂੰ ਹਨੇਰੀ, ਨਾ ਝੁਲਾਈਂ ਨੀ ਵਿਸਾਖੀਏ,
ਸਾਡੇ ਘਰ ਦਾਣੇ ਵੀ ਲਿਆਈਂ ਨੀ ਵਿਸਾਖੀਏ।

ਗੁਲਾਮੀ ਵਾਲਾ ਆਖੇ, ਭਰੀਂ ਸਭ ਦੇ ਭੜੋਲੇ ਤੂੰ,
ਰੋਟੀ ਨਾ ਗ਼ਰੀਬ ਕੋਲੋਂ, ਕਰੀ ਕਿਤੇ ਓਹਲੇ ਤੂੰ,
ਹਰ ਘਰ ਰਿਜਕ, ਪਹੁੰਚਾਈਂ ਨੀ ਵਿਸਾਖੀਏ,
ਸਾਡੇ ਘਰ ਦਾਣੇ ਵੀ ਲਿਆਈਂ ਨੀ ਵਿਸਾਖੀਏ।

-ਕੋਟ ਈਸੇ ਖਾਂ, ਮੋਗਾ। ਮੋਬਾਈਲ : 94171-97395.

ਪਿਛਲੀ ਖ਼ਬਰ ਵਿਸਾਖੀ ਦਾ ਤਿਉਹਾਰ ਨਿਆਰਾ... <h4>* ਅਮਰੀਕ ਸਿੰਘ ਤਲਵੰਡੀ ਕਲਾਂ * </h4> ਅਗਲੀ ਖ਼ਬਰ ਆ ਨੀ ਵਿਸਾਖੀਏੇ <h4>* ਗੁਰਦੀਸ਼ ਕੌਰ ਗਰੇਵਾਲ * </h4>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।