02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2024

ਨਰੋਏ ਸਮਾਜ ਦੇ ਸਿਰਜਕ ਸ੍ਰੀ ਗੁਰੂ ਨਾਨਕ ਦੇਵ

ਅਜੀਤ ਡੈਸਕ 15-11-2024

ਅਗਿਆਨਤਾ ਦੇ ਹਨੇਰੇ ਨੂੰ ਸ਼ਬਦਾਂ ਦੀ ਰੌਸ਼ਨੀ ਨਾਲ ਪ੍ਰਕਾਸ਼ਮਾਨ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਰਾਇ ਭੋਇ ਦੀ ਤਲਵੰਡੀ ਜੋ ਕਿ ਹੁਣ ਪਾਕਿਸਤਾਨ ਵਿਚ ਹੈ, ਵਿਖੇ ਹੋਇਆ | ਰੌਸ਼ਨ ਦਿਮਾਗ ਪਿਤਾ ਮਹਿਤਾ ਕਾਲੂ ਦੇ ਗ੍ਰਹਿ ਵਿਖੇ ਸਤਿਕਾਰਿਤ ਮਾਤਾ ਤਿ੍ਪਤਾ ਦੇ ਅੱਖਾਂ ਦੇ ਤਾਰੇ ਨੇ ਸਮਾਜ ਵਿਚ ਅਨੇਕਾਂ ਕੁਰੀਤੀਆਂ ਨੂੰ ਦੂਰ ਕਰਕੇ ਨਰੋਏ ਸਮਾਜ ਦੀ ਸਿਰਜਣਾ ਕੀਤੀ | ਸਤਿਗੁਰਾਂ ਨੇ ਬੜੇ ਤਰਕਮਈ ਅਤੇ ਦਲੇਰਾਨਾ ਢੰਗ ਨਾਲ ਪੁਜਾਰੀ ਵਰਗ ਅਤੇ ਹਾਕਮਾਂ ਵਲੋਂ ਮਨੁੱਖਤਾ ਦੇ ਘਾਣ ਲਈ ਬਣਾਈਆਂ ਨੀਤੀਆਂ ਦਾ ਖੰਡਨ ਹੀ ਨਹੀਂ ਕੀਤਾ ਸਗੋਂ ਮਾਇਆਧਾਰੀ ਮਲਿਕ ਭਾਗੋ ਦੇ ਸਵਾਦਿਸ਼ਟ ਪਕਵਾਨਾਂ ਨੂੰ ਠੁਕਰਾ ਕੇ ਸੱਚੀ-ਸੁੱਚੀ ਕਿਰਤ ਕਰਨ ਵਾਲੇ ਭਾਈ ਲਾਲੋ ਦੇ ਘਰ ਨੂੰ ਗੁਰਮਤਿ ਪ੍ਰਚਾਰ ਦਾ ਕੇਂਦਰ ਬਣਾਇਆ | ਕਿਰਤੀਆਂ ਦੀ ਸੁੱਚੀ ਕਿਰਤ ਨੂੰ ਸਤਿਗੁਰਾਂ ਦਾ ਇਹ ਸਤਿਕਾਰਤ ਕਦਮ ਨੂੰ ਉਤਸ਼ਹਿਤ ਕਰ ਗਿਆ | ਸਤਿਗੁਰਾਂ ਨੇ ਸਰੀਰ ਤੇ ਧਾਰੇ ਹੋਏ ਧਾਰਮਿਕ ਚਿੰਨ੍ਹਾਂ ਦੇ ਨਾਲ-ਨਾਲ ਇਸ ਦੀ ਅਹਿਮੀਅਤ ਸਮਝਾਉਂਦੇ ਹੋਏ ਕੁੱਲ ਪੁਰੋਹਿਤ ਨੂੰ ਸਮਝਾਇਆ ਕਿ ਧਰਮ ਦੀ ਪੈਦਾਇਸ਼ ਦਇਆ ਹੈ ਅਤੇ ਜਤ ਸਤ ਧਰ ਕੇ ਸੰਜਮ ਵਿਚ ਜੀਵਨ ਬਤੀਤ ਕਰਨ ਵਾਲੇ ਜਨੇਊ ਦੀ ਪਰਿਭਾਸ਼ਾ ਦੱਸਦੇ ਹੋਏ ਆਖਿਆ ਕਿ ਪਰਿਵਾਰ ਤੇ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਜਿਹੇ ਗੁਣਾਂ ਦਾ ਹੋਣਾ ਅਤਿ ਜ਼ਰੂਰੀ ਹਨ |
ਗੁਰੂ ਜੀ ਦੀ ਪਹਿਲੀ ਉਦਾਸੀ ਸਮੇਂ ਜ਼ਿਲ੍ਹਾ ਮੁਲਤਾਨ ਵਿਖੇ ਸੱਜਣ ਠੱਗ ਨੂੰ ਸਹੀ ਮਾਇਨੇ ਵਿਚ ਸੱਜਣ ਦੇ ਅਰਥ ਅੰਮਿ੍ਤਮਈ ਪ੍ਰਭਾਵਸ਼ਾਲੀ ਬੋਲਾਂ ਨਾਲ ਸਮਝਾਉਂਦੇ ਹੋਏ ਪਾਪ ਕਰਨ ਤੋਂ ਵਰਜਿਆ ਅਤੇ ਸਮੁੱਚੀ ਮਾਨਵਤਾ ਵਿਚ ਨਿਰੰਕਾਰੀ ਜੋਤ ਮਹਿਸੂਸ ਕਰਵਾ ਕੇ ਮਾਨਵਤਾ ਦੀ ਸੇਵਾ, ਸੁੱਚੀ ਕਿਰਤ ਅਤੇ ਨਿਰੰਕਾਰੀ ਕੀਰਤੀ ਨਾਲ ਜੋੜਿਆ | ਗੁਰੂ ਪਾਤਿਸ਼ਾਹ ਨੇ ਹਰਿਦੁਆਰ ਜਾ ਕੇ ਪੰਡਤਾਂ ਨੂੰ ਚੜ੍ਹਦੇ ਸੂਰਜ ਵਾਲੇ ਪਾਸੇ ਪਾਣੀ ਦੇਣ ਵਾਲੀ ਨੀਤੀ ਨੂੰ ਬੜੇ ਹੀ ਸ਼ਾਂਤ, ਸਹਿਜ ਅਤੇ ਦਲੇਰਾਨਾ ਢੰਗ ਨਾਲ ਖੰਡਨ ਕਰਕੇ ਜਿਊਾਦੇ ਮਾਂ-ਬਾਪ ਅਤੇ ਬਜ਼ੁਰਗਾਂ ਦੀ ਸੇਵਾ ਵਿਚ ਹੀ ਆਨੰਦ ਮਹਿਸੂਸ ਕਰਨ ਦੀ ਯੁਕਤੀ ਪ੍ਰਦਾਨ ਕੀਤੀ | ਧਾਰਮਿਕ ਕੱਟੜਤਾ ਨੂੰ ਮਨੁੱਖੀ ਜੀਵਨ ਦੇ ਵਿਕਾਸ ਅਤੇ ਨਿਰੰਕਾਰੀ ਮਿਲਾਪ ਵਿਚ ਅਹਿਮ ਰੁਕਾਵਟ ਨੂੰ ਸਮਝਦੇ ਹੋਏ ਦੱਸਿਆ ਕਿ ਆਪੋ-ਆਪਣੇ ਧਰਮ ਵਿਚ ਪਰਪੱਖ ਰਹਿ ਕੇ ਅਤੇ ਜੀਵਨ ਵਿਚ ਧਰਮ ਦੇ ਅਸੂਲਾਂ ਨੂੰ ਅਪਣਾ ਕੇ ਹੀ ਸਫ਼ਲ ਹੋਇਆ ਜਾ ਸਕਦਾ ਹੈ | ਇਸ ਸੰਦਰਭ ਵਿਚ ਉਹ ਜਦੋਂ ਬਗ਼ਦਾਦ ਗਏ ਤਾਂ ਧਾਰਮਿਕ ਆਗੂਆਂ ਨੂੰ ਰਾਮ, ਰਹੀਮ, ਅੱਲਾ, ਖ਼ੁਦਾ ਨੂੰ ਇਕ ਸ਼ਕਤੀ ਦਾ ਪ੍ਰਤੀਕ ਮੰਨਦੇ ਹੋਏ ਆਪੋ-ਆਪਣੇ ਫਰਜ਼ਾਂ ਨੂੰ ਨਿਭਾਉਣ ਲਈ ਪ੍ਰੇਰਿਤ ਕੀਤਾ |
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁੱਧ ਕਰਮਾਂ ਨੂੰ ਤਰਜੀਹ ਦਿੰਦੇ ਹੋਏ ਹਾਕਮ ਸ਼੍ਰੇਣੀ ਨੂੰ ਸੱਚਾ ਇਨਸਾਫ਼ 'ਯੋਗੀਆਂ ਨੂੰ ਜਤ ਤੇ ਸਤ ਅਪਣਾਉਣ ਦਾ, ਬ੍ਰਹਮਣਾਂ ਨੂੰ ਸੰਤੋਖ ਧਾਰ ਕੇ ਸਮੁੱਚੀ ਮਾਨਵਤਾ ਨੂੰ ਉਪਦੇਸ਼ ਦਿੰਦੇ ਹੋਏ ਆਖਿਆ ਕਿ ਗ੍ਰਹਿਸਥ ਵਿਚ ਰਹਿ ਕੇ' ਕਿਰਤ ਕਰਦੇ ਹੋਏ ਆਪਣੇ ਫਰਜ਼ ਨੂੰ ਪਹਿਚਾਣਨ ਵਾਲਾ ਹੀ ਨਿਰੰਕਾਰ ਦੀ ਕੀਰਤੀ ਕਰਦਾ ਹੋਇਆ ਪ੍ਰਵਾਨ ਹੁੰਦਾ ਹੈ | ਸਮਾਜ ਦੀ ਤਰੱਕੀ ਲਈ ਕਿਰਤੀ ਕਾਮਿਆਂ ਦੇ ਸਨਮਾਨ ਨੂੰ ਬਹੁਤ ਜ਼ਰੂਰੀ ਦੱਸਦੇ ਹੋਏ ਸਮਾਜ ਸੁਧਾਰ ਦੇ ਅਹਿਮ ਕਾਰਜ ਕੀਤੇ | ਉਸ ਵਕਤ ਅਣਭੋਲ ਲੋਕਾਈ ਨੂੰ ਕਰਾਮਾਤਾਂ ਰੂਪੀ ਨਾਟਕ ਚੇਟਕ ਦਿਖਾਉਣ ਵਾਲੇ ਹਊਮੈ ਵਿਚ ਗ੍ਰਸੇ ਧਾਰਮਿਕ ਆਗੂਆਂ ਨੂੰ ਨੂਰੀ ਜਲਵਾ ਦਿਖਾ ਕੇ ਪੂਰਨ ਪੁਰਖ ਬਣਾਇਆ | ਦੀਪਾਲਪੁਰ ਕੋੜ੍ਹੀ ਦੀ ਆਪਣੇ ਹੱਥੀਂ ਸੇਵਾ ਕਰਕੇ ਅੰਮਿ੍ਤਮਈ, ਹਮਦਰਦੀ ਭਰੇ ਬੋਲਾਂ ਨਾਲ ਉਸ ਨੂੰ ਕੇਵਲ ਤੰਦਰੁਸਤ ਹੀ ਨਹੀਂ ਕੀਤਾ ਬਲਕਿ ਸਿੱਖੀ ਪ੍ਰਚਾਰਕ ਥਾਪਿਆ ਅਤੇ ਮਾਨਵਤਾ ਨੂੰ ਲਾਚਾਰਾਂ, ਬਿਮਾਰਾਂ ਅਤੇ ਸਮਾਜ ਵਲੋਂ ਧਿਰਕਾਰੇ ਲੋਕਾਂ ਦੀ ਸੇਵਾ ਲਈ ਪ੍ਰੇਰਿਤ ਕੀਤਾ | ਸਾਨੂੰ ਸਾਰਿਆਂ ਨੂੰ ਇਕ ਦੁਜੇ ਦੇ ਪੂਰਕ ਬਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਮਿਤ ਪ੍ਰਚਾਰ ਨੂੰ ਘਰ ਘਰ ਪਹੁੰਚਾਉਣ ਦੇ ਉਦਮ ਕਰਨੇ ਚਾਹੀਦੇ ਹਨ |

-ਮੁੱਖ ਸੇਵਾਦਾਰ ਸ੍ਰੀ ਨਾਨਕਸਰ ਦਰਬਾਰ ਠਾਠ ਡਾਗੋ ਲੁਧਿਆਣਾ |
-ਮੋਬਾਈਲ : 88722-30004

ਪਿਛਲੀ ਖ਼ਬਰ ਕਲਿ ਤਾਰਣ ਗੁਰੁ ਨਾਨਕ ਆਇਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦਾ ਸਾਂਝ ਤੇ ਸਦਭਾਵਨਾ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।