02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2024

ਰਾਇ ਭੋਇ ਦੀ ਤਲਵੰਡੀ ਤੋਂ 'ਸ੍ਰੀ ਨਨਕਾਣਾ ਸਾਹਿਬ' ਤੱਕ

ਅਜੀਤ ਡੈਸਕ 15-11-2024

ਸ੍ਰੀ ਨਨਕਾਣਾ ਸਾਹਿਬ ਉਹ ਮੁਕੱਦਸ ਨਗਰ ਹੈ, ਜਿੱਥੇ ਜਗਤ ਗੁਰੂ ਬਾਬਾ ਨਾਨਕ ਜੀ, ਨਿਰੰਕਾਰ ਦੇ ਸਾਕਾਰ ਰੂਪ ਵਿਚ ਪ੍ਰਗਟ ਹੋਏ | ਇਸ ਕਸਬੇ ਦਾ ਪਹਿਲਾ ਨਾਂਅ ਰਾਏਪੁਰ ਤੇ ਫਿਰ ਰਾਇ ਭੋਇ ਦੀ ਤਲਵੰਡੀ ਹੋਇਆ | ਗੁਰੂ ਸਾਹਿਬ ਦੇ ਆਗਮਨ ਨਾਲ ਇਸ ਦਾ ਨਾਂਅ ਉਨ੍ਹਾਂ ਦੇ ਨਾਂਅ ਤੋਂ ਨਨਕਾਣਾ ਸਾਹਿਬ ਜਗਤ ਪ੍ਰਸਿੱਧ ਹੋ ਗਿਆ | ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਮੁਖੜੇ 'ਤੇ ਇਲਾਹੀ ਜਲੌਅ ਵੇਖਣ ਅਤੇ ਉਨ੍ਹਾਂ ਨੂੰ ਆਪਣੀ ਗੋਦ ਚੁੱਕਣ ਦਾ ਮਾਣ ਸਭ ਤੋਂ ਪਹਿਲਾਂ ਇਸੇ ਇਲਾਕੇ ਦੀ ਦਾਈ ਮਾਈ ਦੌਲਤਾਂ ਨੂੰ ਪ੍ਰਾਪਤ ਹੋਇਆ, ਜਦਕਿ ਗੁਰੂ ਸਾਹਿਬ 'ਚੋਂ ਰੱਬੀ ਨੂਰ ਵੇਖਣ ਵਾਲੇ ਪਹਿਲੇ ਸ਼ਖ਼ਸ ਰਾਏ ਭੋਇ ਖ਼ਾਨ ਦੇ ਪੁੱਤਰ ਅਤੇ ਰਾਇ ਭੋਇ ਦੀ ਮੰਡੀ ਦੇ ਚੌਧਰੀ ਰਾਇ ਬੁਲਾਰ ਭੱਟੀ ਸਨ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਤੋਂ ਬਾਅਦ ਗੁਰੂ ਜੀ 'ਚੋਂ ਰੱਬੀ ਜੋਤਿ ਨੂੰ ਪਛਾਣਿਆ |
'ਖ਼ੁਰਸ਼ੀਦ ਖ਼ਾਲਸਾ' ਦੇ ਪੰਨਾ 36 ਅਤੇ 'ਵਿਸਾਖ ਨਹੀਂ ਕੱਤਕ' ਦੇ ਪੰਨਾ 86 ਦੇ ਅਨੁਸਾਰ ਰਾਇ ਬੁਲਾਰ ਨੇ ਆਪਣੇ ਜਿਉਂਦਿਆਂ ਹੀ ਮਾਲ ਦੇ ਕਾਗ਼ਜ਼ਾਂ ਵਿਚ ਰਾਇ ਭੋਇ ਦੀ ਤਲਵੰਡੀ ਦਾ ਨਾਂਅ ਗੁਰੂ ਪਿਆਰ ਅੰਦਰ ਨਨਕਾਣਾ ਸਾਹਿਬ ਰੱਖਿਆ ਸੀ | ਚੌਧਰੀ ਰਾਏ ਬੁਲਾਰ ਭੱਟੀ ਦੇ ਮੌਜੂਦਾ ਵਾਰਸਾਂ ਦਾ ਦਾਅਵਾ ਹੈ ਕਿ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੀ ਲਗਭਗ 39 ਹਜ਼ਾਰ ਕਿੱਲੇ ਜ਼ਮੀਨ 'ਚੋਂ ਅੱਧੀ ਭੂਮੀ 750 ਮੁਰੱਬੇ ਭਾਵ 18750 ਏਕੜ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਹੈ ਅਤੇ ਇਸ ਜ਼ਮੀਨ 'ਤੇ ਲਗਭਗ 40 ਪਿੰਡ ਵਸਾਏ ਗਏ ਹਨ, ਜੋ ਅੱਜ ਵੀ ਸ੍ਰੀ ਨਨਕਾਣਾ ਸਾਹਿਬ ਦੇ ਮਾਲ ਵਿਭਾਗ ਦੇ ਰਿਕਾਰਡ 'ਚ 'ਹਜ਼ਰਤ ਬਾਬਾ ਨਾਨਕ ਅਲਹਿ ਸਲਾਮ' ਦੇ ਨਾਂਅ 'ਤੇ ਦਰਜ ਹਨ | ਇਹ ਪੂਰਾ ਬਲਾਕ ਪਾਕਿਸਤਾਨ ਦੇ ਬਣਨ ਤੋਂ ਬਾਅਦ ਵਕਫ਼ ਬੋਰਡ ਦੇ ਅਧੀਨ ਹੈ | ਗੁਰੂ ਸਾਹਿਬ ਨੂੰ ਦਿੱਤੀ ਇਸ ਤੋਹਫ਼ੇ ਵਾਲੀ ਜ਼ਮੀਨ 'ਤੇ ਰਹਿਣ ਵਾਲੇ ਤੇ ਖੇਤੀਬਾੜੀ ਕਰਨ ਵਾਲੇ ਲੋਕਾਂ ਅਤੇ ਕਾਰੋਬਾਰੀ ਅਦਾਰਿਆਂ ਪਾਸੋਂ ਪ੍ਰਸ਼ਾਸਨਿਕ ਅਮਲੇ ਵਲੋਂ ਕਰੋੜਾਂ ਦਾ ਮਾਲੀਆ ਇਕੱਠਾ ਕੀਤਾ ਜਾ ਰਿਹਾ ਹੈ |
ਮਈ 2005 'ਚ ਜ਼ਿਲ੍ਹਾ ਬਣਾਏ ਜਾਣ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਜ਼ਿਲ੍ਹਾ ਸ਼ੇਖ਼ੂਪੁਰਾ ਦੇ ਅਧੀਨ ਸੀ | ਮੌਜੂਦਾ ਸਮੇਂ ਇਸ ਸ਼ਹਿਰ ਦੀ ਆਬਾਦੀ 17 ਲੱਖ ਦੇ ਲਗਭਗ ਹੈ ਅਤੇ ਇੱਥੇ ਨਵੀਂ ਬਣ ਰਹੀ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਇਲਾਵਾ ਕਈ ਹੋਟਲ ਅਤੇ ਸਰਾਵਾਂ ਬਣ ਚੁੱਕੀਆਂ ਹਨ | ਇਸ ਸ਼ਹਿਰ ਦੇ ਮੁੱਖ ਬਾਜ਼ਾਰ ਵਿਚ ਗੁਰਦੁਆਰਾ ਜਨਮ ਅਸਥਾਨ ਸੁਸ਼ੋਭਿਤ ਹੈ, ਜਿਸ ਨੂੰ ਉੱਥੋਂ ਦੇ ਸਥਾਨਕ ਨਿਵਾਸੀ 'ਯਾਦਗਾਰ' ਕਹਿ ਕੇ ਸੰਬੋਧਨ ਕਰਦੇ ਹਨ | ਗੁਰੂ ਨਾਨਕ ਦੇਵ ਜੀ ਤੋਂ ਬਾਅਦ ਪੰਜਵੀਂ ਪਾਤਸ਼ਾਹੀ ਤਕ ਇਹ ਮੁਕੱਦਸ ਅਸਥਾਨ ਆਮ ਹਾਲਤ ਵਿਚ ਹੀ ਰਿਹਾ | ਸੰਮਤ 1670 ਬਿਕਰਮੀ (1612 ਈ.) ਨੂੰ ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਨੂੰ ਆਏ ਤਾਂ ਉਨ੍ਹਾਂ ਇਸ ਅਸਥਾਨ ਦੀ ਸੇਵਾ ਆਰੰਭ ਕਰਵਾਈ | ਸਿੱਖ ਰਾਜ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ ਦਾ ਨਵ-ਨਿਰਮਾਣ ਕਰਵਾ ਕੇ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਇਸ ਪਾਵਨ ਅਸਥਾਨ ਦੇ ਨਾਂਅ ਕਾਫੀ ਜਾਗੀਰ ਵੀ ਲਵਾਈ |
ਗੁਰਦੁਆਰਾ ਜਨਮ ਅਸਥਾਨ ਤੋਂ ਸੱਜੇ ਹੱਥ ਪਾਸ ਹੀ ਇਕ ਗਲੀ ਵਿਚ ਗੁਰਦੁਆਰਾ ਪੱਟੀ ਸਾਹਿਬ ਮੌਜੂਦ ਹੈ | ਇਸ ਅਸਥਾਨ 'ਤੇ 1475 ਈ. ਵਿਚ ਗੁਰੂ ਜੀ ਨੂੰ ਪੰਡਿਤ ਗੋਪਾਲ ਦਾਸ ਪਾਸ ਹਿੰਦੀ ਪੜ੍ਹਨ, 1478 ਈ. ਵਿਚ ਪੰਡਿਤ ਬਿ੍ਜ ਲਾਲ ਪਾਸ ਸੰਸਕਿ੍ਤ ਅਤੇ 1482 ਈ. ਵਿਚ ਮੌਲਵੀ ਕੁਤਬਦੀਨ ਪਾਸ ਫ਼ਾਰਸੀ ਪੜ੍ਹਨ ਲਈ ਭੇਜਿਆ ਗਿਆ | ਗੁਰੂ ਨਾਨਕ ਦੇਵ ਜੀ ਦੀ ਤੀਖਣ ਬੁੱਧੀ, ਆਤਮਿਕ ਗਿਆਨ ਤੇ ਰੌਸ਼ਨ ਦਿਮਾਗ਼ ਦੇ ਸਾਹਮਣੇ, ਵਾਰੀ-ਵਾਰੀ ਤਿੰਨਾਂ ਹੀ ਸੰਸਾਰਿਕ ਉਸਤਾਦਾਂ ਨੇ ਸਿਰ ਨਿਵਾਇਆ | ਜਿਸ ਅਸਥਾਨ 'ਤੇ ਗੁਰਦੇਵ ਨੂੰ ਪੜ੍ਹਨ ਲਈ ਭੇਜਿਆ ਗਿਆ ਸੀ, ਉਸੇ ਅਸਥਾਨ 'ਤੇ ਗੁਰਦੁਆਰਾ ਪੱਟੀ ਸਾਹਿਬ ਸੁਭਾਇਮਾਨ ਹੈ | ਇਸ ਅਸਥਾਨ 'ਤੇ ਮੌਲਵੀ ਕੁਤਬਦੀਨ ਪਾਸੋਂ ਫ਼ਾਰਸੀ ਪੜ੍ਹਨ ਕਰਕੇ ਇਸ ਅਸਥਾਨ ਨੂੰ ਗੁਰਦੁਆਰਾ ਮੌਲਵੀ ਪੱਟੀ ਸਾਹਿਬ ਵੀ ਆਖਿਆ ਜਾਂਦਾ ਹੈ |
ਗੁਰਦੁਆਰਾ ਪੱਟੀ ਸਾਹਿਬ ਤੋਂ ਕੋਈ 20 ਕੁ ਕਦਮ ਦੀ ਦੂਰੀ 'ਤੇ ਗੁਰਦੁਆਰਾ ਬਾਲ ਲੀਲਾ ਮੌਜੂਦ ਹੈ | ਇਸ ਅਸਥਾਨ 'ਤੇ ਗੁਰੂ ਜੀ ਬਾਲ ਉਮਰ ਵਿਚ ਆਪਣੇ ਹਾਣੀਆਂ ਨਾਲ ਖੇਡਿਆ ਕਰਦੇ ਸਨ | ਇੱਥੇ ਬਾਅਦ ਵਿਚ ਰਾਇ ਬੁਲਾਰ ਨੇ ਨਾਨਕਸਰ ਨਾਂਅ ਦਾ ਇਕ ਸਰੋਵਰ ਬਣਵਾਇਆ | ਇਹ ਸਰੋਵਰ ਅੱਜ ਵੀ ਗੁਰਦੁਆਰਾ ਬਾਲ ਲੀਲ੍ਹਾ ਦੇ ਬਿਲਕੁਲ ਨਾਲ ਮੌਜੂਦ ਹੈ | ਗੁਰਦੁਆਰਾ ਸਾਹਿਬ ਦੀ ਹਾਲ ਹੀ 'ਚ ਆਲੀਸ਼ਾਨ ਇਮਾਰਤ ਤਿਆਰ ਕਰਵਾਈ ਗਈ ਹੈ |
ਗੁਰਦੁਆਰਾ ਜਨਮ ਅਸਥਾਨ ਤੋਂ ਨੱਕ ਦੀ ਸੇਧ 'ਤੇ ਅੱਧਾ-ਪੌਣਾ ਕਿੱਲੋਮੀਟਰ ਦੀ ਵਿੱਥ 'ਤੇ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ | ਇਸ ਅਸਥਾਨ 'ਤੇ ਤੰਬੂ ਦੀ ਤਰ੍ਹਾਂ ਫੈਲਿਆ ਹੋਇਆ ਇਕ ਵੱਟ ਦਾ ਵਿਸ਼ਾਲ ਪੁਰਾਣਾ ਰੁੱਖ ਹੈ | ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਚੂਹੜਕਾਣੇ ਤੋਂ ਸੱਚਾ ਸੌਦਾ ਕਰਨ ਤੋਂ ਬਾਅਦ ਵਾਪਸੀ ਸਮੇਂ ਰੁਕੇ ਸਨ | ਗੁਰਦੁਆਰਾ ਤੰਬੂ ਸਾਹਿਬ ਦੇ ਪਾਸ ਹੀ ਉਹ ਅਸਥਾਨ ਹੈ, ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਤੋਂ ਵਾਪਸੀ ਸਮੇਂ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਪਧਾਰੇ ਸਨ | ਗੁਰੂ ਜੀ ਇਸ ਜਗ੍ਹਾ 'ਤੇ ਤਿੰਨ ਦਿਨ ਠਹਿਰੇ | ਬਾਅਦ ਵਿਚ ਇੱਥੇ ਯਾਦਗਾਰੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਣਾਇਆ ਗਿਆ | ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਬਿਲਕੁਲ ਨਾਲ ਇਕ ਹੋਰ ਗੁਰਦੁਆਰਾ ਪੰਜਵੀਂ ਪਾਤਿਸ਼ਾਹੀ ਵੀ ਹੈ | ਦੱਸਿਆ ਜਾਂਦਾ ਹੈ ਕਿ ਇੱਥੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸਨ |
ਗੁਰਦੁਆਰਾ ਜਨਮ ਅਸਥਾਨ ਮੁੱਖ ਬਾਜ਼ਾਰ ਤੋਂ ਹਟਵੀਂ ਇਕ ਗਲੀ ਵਿਚ ਗੁਰਦੁਆਰਾ ਮਾਲ ਜੀ ਸਾਹਿਬ ਵੀ ਆਪਣੀਆਂ ਸ਼ਾਨਾਂ ਬਰਕਰਾਰ ਰੱਖੇ ਹੋਏ ਹੈ | ਇਸ ਅਸਥਾਨ ਦੀ ਨਵਉਸਾਰੀ ਵੀ ਹਾਲ ਹੀ 'ਚ ਮੁਕੰਮਲ ਕੀਤੀ ਗਈ ਹੈ | ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਮੌਜੂਦ ਗੁਰਦੁਆਰਾ ਕਿਆਰਾ ਸਾਹਿਬ ਦੀ ਵੀ ਮੁਰੰਮਤ ਹਾਲ ਹੀ 'ਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਗਈ ਹੈ | ਉਕਤ ਦੇ ਇਲਾਵਾ ਮੁੱਖ ਬਾਜ਼ਾਰ 'ਚ ਗੁਰਦੁਆਰਾ ਤੰਬੂ ਸਾਹਿਬ ਦੇ ਨਾਲ ਹੀ ਇਕ ਅਸਥਾਨ 'ਛਾਉਣੀ ਨਿਹੰਗ ਸਿੰਘਾਂ' ਵੀ ਮੌਜੂਦ ਹੈ | ਦੁਨੀਆ ਭਰ 'ਚ ਰਹਿੰਦੇ ਸਿੱਖਾਂ ਅਤੇ ਨਾਨਕ ਲੇਵਾ ਸੰਗਤ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਉਕਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਦੀ ਤਾਂਘ ਰਹਿੰਦੀ ਹੈ ਅਤੇ ਹਰ ਸਾਲ ਸੈਂਕੜੇ ਸ਼ਰਧਾਲੂ ਇਨ੍ਹਾਂ ਅਸਥਾਨਾਂ ਦੇ ਦਰਸ਼ਨਾਂ ਲਈ ਪਹੁੰਚਦੇ ਹਨ, ਜਿਨ੍ਹਾਂ ਦੀ ਰਿਹਾਇਸ਼ ਲਈ ਲੰਗਰ-ਘਰ ਅਤੇ ਨਿਵਾਸ ਲਈ ਨਵੇਂ ਆਲੀਸ਼ਾਨ ਕਮਰਿਆਂ ਦੀ ਉਸਾਰੀ ਕਰਵਾਈ ਗਈ ਹੈ |

-ਪੱਤਰਕਾਰ, 'ਅਜੀਤ' ਉਪ-ਦਫ਼ਤਰ ਅੰਮਿ੍ਤਸਰ
ਮੋਬਾਈਲ : 93561-27771

ਪਿਛਲੀ ਖ਼ਬਰ kanaya ਅਗਲੀ ਖ਼ਬਰ ਕਲਿ ਤਾਰਣ ਗੁਰੁ ਨਾਨਕ ਆਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।