02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2024

ਕਲਿ ਤਾਰਣ ਗੁਰੁ ਨਾਨਕ ਆਇਆ

ਅਜੀਤ ਡੈਸਕ 15-11-2024

ਗੁਰੂੁ ਨਾਨਕ ਦੇਵ ਜੀ, ਸੱਚੇ ਅਰਥਾਂ 'ਚ ਮਾਨਵਤਾ ਅਤੇ ਸਰਬ-ਸਾਂਝੀਵਾਲਤਾ ਦੇ ਰਹਿਬਰ ਸਨ | ਉਨ੍ਹਾਂ ਨੇ ਕਿਸੇ ਵਿਸ਼ੇਸ਼ ਧਰਮ, ਜਾਤੀ, ਨਸਲ ਤੋਂ ਉੱਪਰ ਉੱਠ ਕੇ ਨਿਰੋਲ ਮਾਨਵੀ ਧਰਮ ਦੀ ਨੀਂਹ ਰੱਖੀ | ਗੁਰੂ ਨਾਨਕ ਦੇਵ ਜੀ ਦੀ ਬ੍ਰਹਿਮੰਡੀ ਵਿਚਾਰਧਾਰਾ ਨੂੰ ਕੇਵਲ ਸਿੱਖ ਧਰਮ ਤੱਕ ਸੀਮਤ ਕਰ ਦੇਣਾ ਠੀਕ ਨਹੀਂ ਹੈ | ਗੁਰੂੁ ਨਾਨਕ ਦੇਵ ਜੀ ਬਹੁਤ ਉੱਚੇ-ਸੁੱਚੇ ਵਿਚਾਰਾਂ, ਮਨੁੱਖੀ ਕਦਰਾਂ ਨਾਲ ਲਬਰੇਜ਼, ਗ਼ਰੀਬਾਂ, ਨਿਮਾਣਿਆਂ ਤੇ ਨਿਤਾਣਿਆਂ ਨੂੰ ਗਲੇ ਲਾਉਣ ਵਾਲੇ, ਹਰ ਧਰਮ ਦੇ ਪੈਰੋਕਾਰ ਨੂੰ ਆਪਣੇ ਧਰਮ 'ਚ ਪੂਰਾ ਹੋਣ ਦੀ ਸਿੱਖਿਆ ਦੇਣ ਵਾਲੇ ਅਜਿਹੇ ਯੁੱਗ ਪੁਰਸ਼ ਸਨ, ਜਿਨ੍ਹਾਂ ਨੂੰ ਬਾਕੀ ਧਰਮਾਂ ਦੇ ਲੋਕ ਵੀ ਇਕ ਜ਼ੁਬਾਨ ਨਾਲ ਆਪਣਾ ਰਹਿਬਰ ਕਹਿਣ 'ਚ ਮਾਣ ਮਹਿਸੂਸ ਕਰਦੇ ਹਨ | ਉਨ੍ਹਾਂ ਦੀ ਸਰਬ ਸਾਂਝੀਵਾਲਤਾ ਤੇ ਮਾਨਵਤਾਵਾਦੀ ਸਿੱਖਿਆ ਨੇ ਸੰਸਾਰ ਦੇ ਬਹੁਤ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ | ਦੂਜੇ ਧਰਮਾਂ ਨੂੰ ਮੰਨਣ ਵਾਲੇ ਬੇਸ਼ੁਮਾਰ ਸ਼ਰਧਾਵਾਨ ਵੀ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਅੱਗੇ ਸਿਰ ਝੁਕਾਉਂਦੇ ਹਨ | ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਗੁਰੂ ਜੀ ਨੂੰ ਸ਼ਰਧਾ ਭਾਵਨਾ ਅਨੁਸਾਰ ਵੱਖ-ਵੱਖ ਨਾਵਾਂ ਨਾਲ ਸਤਿਕਾਰ ਭੇਟ ਕੀਤਾ ਜਾਂਦਾ ਹੈ, ਜਿਵੇਂ ਤਿੱਬਤ 'ਚ ਨਾਨਕ ਲਾਮਾ, ਨਿਪਾਲ 'ਚ ਨਾਨਕ ਰਿਸ਼ੀ, ਸ੍ਰੀਲੰਕਾ 'ਚ ਨਾਨਕਅਚਾਰੀਆ, ਮੱਕਾ 'ਚ ਵਲੀ ਹਿੰਦ, ਬਗਦਾਦ 'ਚ ਨਾਨਕ ਪੀਰ, ਇਰਾਕ 'ਚ ਹਜ਼ਰਤ ਬਾਬਾ ਨਾਨਕ, ਭੂਟਾਨ 'ਚ ਗੁਰੂ ਰਿੰਪੋਚੀਆ ਤੇ ਮਿਸਰ 'ਚ ਨਾਨਕ ਵਲੀ ਆਦਿ ਨਾਵਾਂ ਨਾਲ ਗੁਰੂ ਜੀ ਪ੍ਰਤੀ ਆਪਣਾ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ |
ਗੁਰੂ ਨਾਨਕ ਦੇਵ ਜੀ ਦੇ ਸਮਿਆਂ ਦੇ ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਕ ਜੀਵਨ 'ਚ ਘੋਰ ਅਧੋਗਤੀ ਆ ਚੁੱਕੀ ਸੀ | ਆਲੇ-ਦੁਆਲੇ ਘੋਰ ਅਗਿਆਨਤਾ ਤੇ ਅੰਧਕਾਰ ਦੀ ਧੁੰਦ ਪਸਰੀ ਹੋਈ ਸੀ | ਧਰਮ ਅਧੋਗਤੀ ਦੇ ਰਾਹ ਪੈ ਗਏ ਸਨ–
''ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ¨
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ¨''
ਅਗਿਆਨਤਾ ਦੇ ਹਨ੍ਹੇਰੇ 'ਚ ਭਟਕ ਰਹੇ ਲੋਕਾਂ ਦੇ ਰਾਹ ਰੌਸ਼ਨ ਕਰਨ ਲਈ ਅਤੇ ਉਨ੍ਹਾਂ ਨੂੰ ਸੱਚ ਦਾ ਮਾਰਗ ਦੱਸਣ ਲਈ ਗੁਰੂ ਜੀ ਨੇ ਉਦਾਸੀ ਦੀ ਪਰੰਪਰਾ ਚਲਾਈ ਅਤੇ ਕਈ ਵਰਿ੍ਹਆਂ ਤੱਕ ਮੀਲਾਂ ਲੰਮੇ ਤੇ ਦੁਸ਼ਵਾਰੀਆਂ ਭਰੇ ਸਫਰ ਸਹਿ ਕੇ, ਲੋਕਾਂ ਦਾ ਰਾਹ ਰੁਸ਼ਨਾਇਆ | ਅਗਿਆਨਤਾ ਦੇ ਹਨ੍ਹੇਰੇ ਵਿਚ ਭਟਕ ਰਹੀ ਲੁਕਾਈ ਨੂੰ ਸੱਚ ਦਾ ਰਾਹ ਦੱਸਿਆ | ਗੁਰੂ ਸਾਹਿਬ ਨੇ ਮਨੁੱਖ ਨੂੰ ਆਪਣਾ ਮੂਲ ਪਛਾਨਣ ਦੀ ਸਿੱਖਿਆ ਦਿੱਤੀ | ''ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ'' ਉਨ੍ਹਾਂ ਦੀ ਦਾਰਸ਼ਨਿਕ ਬਾਣੀ ਜਪੁਜੀ ਸਾਹਿਬ ਦਾ ਮੂਲ ਸਰੋਕਾਰ ਹੈ | ਉਨ੍ਹਾਂ ਨੇ ਸੰਸਾਰੀ ਮਨੁੱਖ ਨੂੰ ਸਚਿਆਰਾ ਬਣਨ ਦੀ ਜੁਗਤ ਵੀ ਦੱਸੀ ਤੇ ਕਾਦਰ ਦੀ ਸਾਜੀ ਕੁਦਰਤ ਦੇ ਅਨੁਸ਼ਾਸਨ 'ਚ ਰਹਿਣ ਦਾ ਉਪਦੇਸ਼ ਵੀ ਦਿੱਤਾ | ਸੱਚ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਸੱਚ ਸਭ ਤੋਂ ਵੱਡਾ ਹੈ, ਪਰ ਜੇ ਸੱਚ ਮਨੁੱਖੀ ਜ਼ਿੰਦਗੀ ਦੇ ਵਿਵਹਾਰ ਦਾ ਹਿੱਸਾ ਬਣ ਜਾਵੇ, ਤਾਂ ਉਹ ਕਿਤੇ ਵੱਡਾ ਹੋ ਜਾਂਦਾ ਹੈ | ਜਦੋਂ ਤੱਕ ਜੀਵ ਦੇ ਅੰਦਰ ਸੱਚ ਦਾ ਵਾਸ ਨਹੀਂ ਹੁੰਦਾ ਤੇ ਉਹ ਜੀਵਨ-ਜਾਚ ਲਈ ਇਸ ਨੂੰ ਨਹੀਂ ਅਪਣਾਉਂਦਾ, ਉਦੋਂ ਤੱਕ ਧਰਮ ਕਰਮ ਦੇ ਸਾਰੇ ਆਡੰਬਰ ਵਿਅਰਥ ਹਨ |
ਅੰਤਰ-ਧਰਮ ਸੰਵਾਦ ਦੀ ਪਰੰਪਰਾ ਗੁਰੂ ਨਾਨਕ ਦੇਵ ਜੀ ਦੀ ਵਿਲੱਖਣ ਦੇਣ ਹੈ | ਜਦੋਂ ਧਰਮਾਂ ਦੇ ਰੌਲੇ-ਰੱਪੇ ਵਿਚ, ਅਗਿਆਨਤਾ ਤੇ ਹਊਮੈ ਦੀ ਬਦੌਲਤ ਕੋਈ ਕਿਸੇ ਦੇ ਵਿਚਾਰ ਸੁਣਨ ਲਈ ਤਿਆਰ ਹੀ ਨਹੀਂ ਸੀ, ਗੁਰੂ ਨਾਨਕ ਦੇਵ ਜੀ ਨੇ ਆਪਣੀ ਚਿੰਤਨਮਈ ਤੇ ਵਿਵੇਕਸ਼ੀਲ ਸੋਚ ਦਾ ਪ੍ਰਗਟਾਵਾ ਕਰਦਿਆਂ ਆਪਸੀ ਵਿਚਾਰ-ਵਟਾਂਦਰੇ ਦੀ ਪਿਰਤ ਪਾਈ | ਉਨ੍ਹਾਂ ਦਾ ਕਥਨ ਹੈ—
''ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ¨'' (ਅੰਗ-661)
ਸਿੱਧਾਂ ਨਾਲ ਵਿਚਾਰ ਚਰਚਾ ਕਰਨੀ ਤੇ ਬਹੁਤ ਸਹਿਜਤਾ ਤੇ ਨਿਮਰਤਾ ਨਾਲ ਉਨ੍ਹਾਂ ਨਾਲ ਸੰਵਾਦ ਰਚਾਉਣਾ ਕੇਵਲ ਬਾਬਾ ਨਾਨਕ ਦੇ ਹਿੱਸੇ ਹੀ ਆਇਆ ਹੈ | ਲੁਕਾਈ ਦੇ ਬਹੁਤ ਸਾਰੇ ਭਰਮ-ਭੁਲੇਖੇ ਦੂਰ ਕਰਨ ਲਈ ਗੁਰੂ ਸਾਹਿਬ ਨੇ ਅਜਿਹੀ ਜੁਗਤ ਅਪਣਾਈ ਕਿ ਹਰ ਕੋਈ ਉਨ੍ਹਾਂ ਦੇ ਵਿਚਾਰਾਂ ਦਾ ਕਾਇਲ ਹੋ ਗਿਆ | ਉਸ ਸਮੇਂ ਦੇ ਸਮਾਜ ਵਿਚ, ਮਨੁੱਖ ਵਲੋਂ ਕੀਤੇ ਪਾਪਾਂ ਦੀ ਮੈਲ ਧੋਣ ਲਈ, ਤੀਰਥ-ਯਾਤਰਾ ਦੇ ਮਹੱਤਵ ਨੂੰ ਬਹੁਤ ਪ੍ਰਚਾਰਿਆ ਜਾਂਦਾ ਸੀ ਪਰ ਗੁਰੂੁ ਜੀ ਨੇ ਸਮੇਂ ਦੇ ਵਹਿਣ ਦੇ ਉਲਟ, ਤੀਰਥਾਂ 'ਤੇ ਜਾ ਕੇ ਨਹਾਉਣ ਨੂੰ ਬਿਲਕੁਲ ਨਿਰਾਰਥਕ ਦੱਸਿਆ | ਗੁਰੂ ਜੀ ਨੇ, ਉਨ੍ਹਾਂ ਸਮਿਆਂ ਵਿਚ ਬਹੁਤ ਡੂੰਘੇ ਧਸ ਚੁੱਕੇ ਜਾਤ-ਪਾਤੀ ਪ੍ਰਬੰਧ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ | ਉਨ੍ਹਾਂ ਨੇ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਦੇ ਦਰਦ ਨੂੰ ਸਮਝਦਿਆਂ, ਇਸ ਅਣਮਨੁੱਖੀ ਵਰਤਾਰੇ ਨੂੰ ਭੋਗ ਰਹੇ ਲੋਕਾਂ ਦੇ ਹੱਕ ਵਿਚ ਆਵਾਜ਼ ਉਠਾਈ—
''ਨੀਚਾ ਅੰਦਿਰ ਨੀਚ ਜਾਤਿ
ਨੀਚੀ ਹੂ ਅਤਿ ਨੀਚ¨
ਨਾਨਕੁ ਤਿਨ ਕੈ ਸੰਗਿ ਸਾਥਿ
ਵਡਿਆ ਸਿਉ ਕਿਆ ਰੀਸ¨'' (ਅੰਗ-15)
ਅਗਿਆਨਤਾ ਵਿਚ ਵਿਚਰਦੀ ਲੁਕਾਈ ਨੂੰ ਵਹਿਮਾਂ-ਭਰਮਾਂ ਤੇ ਕਰਮਕਾਂਡੀ ਰਸਮਾਂ ਵਿਚੋਂ ਕੱਢਣ ਲਈ, ਗੁਰੂ ਜੀ ਨੇ ਵਿਗਿਆਨਕ ਦਿ੍ਸ਼ਟੀਕੋਣ ਅਪਣਾਇਆ | ਹਰਿਦੁਆਰ ਵਿਚ ਆਪਣੇ ਪਿਤਰਾਂ ਨੂੰ ਪਾਣੀ ਸੁੱਟ ਰਹੇ ਲੋਕਾਂ ਨੂੰ , ਉਨ੍ਹਾਂ ਨੇ ਸਹਿਜ ਰੂਪ 'ਚ ਹੀ ਇਹ ਅਹਿਸਾਸ ਕਰਾ ਦਿੱਤਾ ਕਿ ਉਹ ਸੱਚਮੁਚ ਹੀ ਨਿਰਾਰਥਕ ਕਰਮ-ਕਾਂਡ ਵਿਚ ਫਸੇ ਹੋਏ ਹਨ |
ਗੁਰੂ ਨਾਨਕ ਦੇਵ ਜੀ ਨੇ ਆਪਣੀ ਸਮਕਾਲੀ ਸਮਾਜ 'ਚ ਇਸਤਰੀ ਦੀ ਤਰਸਯੋਗ ਹਾਲਤ ਨੂੰ ਮਹਿਸੂਸ ਕਰਕੇ, 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਦਾ ਹੋਕਾ ਦੇ ਕੇ, ਲੁਕਾਈ ਨੂੰ ਸਮਾਜ 'ਚ ਔਰਤ ਦੇ ਮਾਣ-ਸਤਿਕਾਰ ਦੀ ਸਿੱਖਿਆ ਦਿੱਤੀ ਸੀ | ਬਾਬਾ ਨਾਨਕ ਨੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦਾ ਸਿਧਾਂਤ ਦਿੱਤਾ | ਕਿਰਤ ਮਨੁੱਖ ਜੀਵਨ ਦੀ ਧਰੋਹਰ ਹੈ | ਦਸਾਂ ਨਹੁੰਆਂ ਦੀ ਸੱਚੀ ਸੁੱਚੀ ਕਿਰਤ ਮਨੁੱਖੀ ਜੀਵਨ ਨੂੰ ਸਚਿਆਰਾ ਬਣਾਉਣ ਦਾ ਰਾਹ ਹੈ | ਗੁਰੂ ਸਾਹਿਬ ਨੇ ਸਤਾਰਾਂ ਸਾਲ ਹੱਥੀਂ ਖੇਤੀ ਕਰਕੇ ਕਿਰਤ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਲੁਕਾਈ ਨੂੰ ਸੱਚੀ-ਸੁੱਚੀ ਕਿਰਤ ਦੇ ਰਾਹ ਤੋਰਿਆ | ਗੁਰੂ ਜੀ ਨੇ ਆਪਣੀ ਬਾਣੀ 'ਚ ਕੁਦਰਤ ਦੇ ਸਮੁੱਚੇ ਵਰਤਾਰੇ, ਧਰਤੀ, ਪਾਤਾਲ, ਆਕਾਸ਼, ਜੀਵਾਂ ਤੇ ਖੰਡਾਂ ਬ੍ਰਹਿਮੰਡਾਂ ਦੀ ਭਰਪੂਰ ਵਿਆਖਿਆ ਕੀਤੀ ਹੈ | ਮਨੁੱਖ ਸਮੇਤ ਧਰਤੀ ਦੇ ਸਭ ਪ੍ਰਾਣੀਆਂ ਲਈ ਹਵਾ, ਪਾਣੀ ਤੇ ਧਰਤੀ ਦੇ ਮਹੱਤਵ ਬਾਰੇ ਏਨੀਆਂ ਸਦੀਆਂ ਪਹਿਲਾਂ ਹੀ, ਗੁਰੂ ਸਾਹਿਬ ਨੇ ਕੁਦਰਤ ਦੇ ਇਸ ਵਿਲੱਖਣ ਵਰਤਾਰੇ ਬਾਰੇ ਲੁਕਾਈ ਨੂੰ ਸੁਚੇਤ ਕਰ ਦਿੱਤਾ ਸੀ ਪਰ ਅਸੀਂ 'ਬਲਿਹਾਰੀ ਕੁਦਰਿਤ ਵਸਿਆ' ਦੀ ਸਿੱਖਿਆ ਨੂੰ ਮਨਾਂ 'ਚ ਵਸਾਉਣ ਦੀ ਥਾਂ, ਉਲਟਾ ਕੁਦਰਤ ਦੇ ਨੇਮਾਂ ਦੀ ਉਲੰਘਣਾ ਕਰਨ ਦੇ ਰਾਹ ਪੈ ਕੇ ਆਪਣੀ ਧਰਤੀ, ਪਾਣੀ ਤੇ ਹਵਾ ਨੂੰ ਇਸ ਹੱਦ ਤੱਕ ਬਰਬਾਦੀ ਦੇ ਰਾਹ ਤੋਰ ਦਿੱਤਾ ਹੈ ਕਿ ਮਨੁੱਖ ਦਾ ਜੀਣਾ ਹੀ ਦੁੱਭਰ ਹੁੰਦਾ ਜਾ ਰਿਹਾ ਹੈ | ਅਜੋਕੀ ਸਥਿਤੀ ਇਹ ਹੈ ਕਿ ਜਿਨ੍ਹਾਂ ਧਾਰਮਿਕ ਕਰਮ-ਕਾਂਡਾਂ ਤੇ ਪਖੰਡਾਂ ਵਿਚੋਂ ਗੁਰੂ ਬਾਬੇ ਨੇ ਸਾਨੂੰ ਕੱਢਣ ਦਾ ਉਪਦੇਸ਼ ਦਿੱਤਾ ਸੀ, ਅਸੀਂ ਅੱਜ ਵੀ ਉਸੇ ਦਲਦਲ ਵਿਚ ਹੀ ਖੁੱਭੇ ਹੋਏ ਹਾਂ | ਵਿਤਕਰੇ, ਜਬਰ, ਲੁੱਟ-ਖਸੁੱਟ, ਹਉਮੈ-ਹੰਕਾਰ, ਲਾਲਸਾਵਾਂ, ਅਸਹਿਣਸ਼ੀਲਤਾ, ਰਿਸ਼ਵਤ, ਨਫ਼ਰਤੀ ਬੋਲ-ਕੁਬੋਲ ਤੇ ਮਰ ਗਈ ਸੰਵੇਦਨਾ ਸਾਡੇ ਸਮਿਆਂ ਦਾ ਸੱਚ ਬਣ ਗਈ ਹੈ | ਗੁਰੂੁ ਨਾਨਕ ਵਿਚਾਰਧਾਰਾ ਜੀਵਨ-ਜਾਚ ਦਾ ਖ਼ਜ਼ਾਨਾ ਹੈ, ਇਸ ਨੂੰ ਮਨ 'ਚ ਵਸਾ ਕੇ ਜੀਵਨ ਦੇ ਰਾਹਾਂ ਨੂੰ ਰੁਸ਼ਨਾਇਆ ਜਾ ਸਕਦਾ ਹੈ |

-ਮੋਬਾਈਲ : 98153-56086

ਪਿਛਲੀ ਖ਼ਬਰ ਰਾਇ ਭੋਇ ਦੀ ਤਲਵੰਡੀ ਤੋਂ 'ਸ੍ਰੀ ਨਨਕਾਣਾ ਸਾਹਿਬ' ਤੱਕ ਅਗਲੀ ਖ਼ਬਰ ਨਰੋਏ ਸਮਾਜ ਦੇ ਸਿਰਜਕ ਸ੍ਰੀ ਗੁਰੂ ਨਾਨਕ ਦੇਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।