ਜੰਮੂ, 15 ਜੂਨ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਇਕਲੌਤੇ ਆਮ ਆਦਮੀ ਪਾਰਟੀ (ਆਪ) ਵਿਧਾਇਕ ਮਹਿਰਾਜ ਮਲਿਕ ਨੇ ਸਨਿਚਰਵਾਰ ਨੂੰ ਨੈਸ਼ਨਲ ਕਾਨਫਰੰਸ (ਐਨ.ਸੀ.) ਦੀ ਅਗਵਾਈ ਵਾਲੀ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ | ਹਾਲਾਂਕਿ, ਮਲਿਕ ਦੇ ਸਮਰਥਨ ਵਾਪਸ ਲੈਣ ਦਾ ਸਰਕਾਰ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਐਨ.ਸੀ.-ਕਾਂਗਰਸ ਗੱਠਜੋੜ ਕੋਲ ਖੁਦ ਬਹੁਮਤ ਹੈ | ਮੁੱਖ ਮੰਤਰੀ ਉਮਰ ਅਬਦੁੱਲਾ ਦੀ ਸਰਕਾਰ ਕੋਲ 90 ਮੈਂਬਰੀ ਵਿਧਾਨ ਸਭਾ 'ਚ 42 ਐਨ.ਸੀ. ਵਿਧਾਇਕ ਤੇ 6 ਕਾਂਗਰਸ ਵਿਧਾਇਕ ਹਨ | ਇਸ ਤੋਂ ਇਲਾਵਾ ਸਰਕਾਰ ਨੂੰ 5 ਆਜ਼ਾਦ ਵਿਧਾਇਕਾਂ ਦਾ ਸਮਰਥਨ ਵੀ ਪ੍ਰਾਪਤ ਹੈ | ਆਮ ਆਦਮੀ ਪਾਰਟੀ ਦੇ ਵਿਧਾਇਕ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਮੈਂ ਡੋਡਾ ਤੋਂ ਵਿਧਾਇਕ ਮਹਿਰਾਜ ਮਲਿਕ, ਨੈਸ਼ਨਲ ਕਾਨਫਰੰਸ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਂਦਾ ਹਾਂ | ਇਹ ਫ਼ੈਸਲਾ ਜੰਮੂ-ਕਸ਼ਮੀਰ ਦੇ ਮੇਰੇ ਲੋਕਾਂ ਦੇ ਹਿੱਤ 'ਚ ਲਿਆ ਗਿਆ ਹੈ, ਜਿਨ੍ਹਾਂ ਦਾ ਵਿਸ਼ਵਾਸ ਤੇ ਭਲਾਈ ਹਮੇਸ਼ਾ ਮੇਰੀ ਪਹਿਲੀ ਤਰਜੀਹ ਰਹੇਗੀ | ਮਲਿਕ ਨੂੰ ਇਸ ਸਾਲ 21 ਮਾਰਚ ਨੂੰ 'ਆਪ' ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ |