ਅੰਮਿ੍ਤਸਰ, 15 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ, ਉੱਥੋਂ ਦੇ ਸਿਆਸਤਦਾਨਾਂ ਤੇ ਮੀਡੀਆ ਅਦਾਰਿਆਂ ਵਲੋਂ ਆਪ੍ਰੇਸ਼ਨ ਸੰਧੂਰ ਦੇ ਬਾਅਦ ਤੋਂ ਵਾਰ-ਵਾਰ ਤਿੰਨ ਭਾਰਤੀ ਰਾਫੇਲ ਜਹਾਜ਼ਾਂ ਨੂੰ ਡੇਗਣ ਦੇ ਦਾਅਵੇ ਕੀਤੇ ਜਾ ਰਹੇ ਹਨ | ਪਾਕਿ ਵਲੋਂ ਇਹ ਦਾਅਵੇ ਕੌਮਾਂਤਰੀ ਮੰਚਾਂ 'ਤੇ ਵੀ ਬੜੇ ਧੜੱਲੇ ਨਾਲ ਕੀਤੇ ਜਾ ਰਹੇ ਹਨ, ਜਦਕਿ ਫਰਾਂਸੀਸੀ ਏਅਰੋਸਪੇਸ ਕੰਪਨੀ ਡਸਾਲਟ ਐਵੀਏਸ਼ਨ ਦੇ ਚੇਅਰਮੈਨ ਤੇ ਸੀ. ਈ. ਓ. ਏਰਿਕ ਟ੍ਰੈਪੀਅਰ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਪਾਕਿ ਦਾ ਤਿੰਨ ਰਾਫੇਲ ਜਹਾਜ਼ਾਂ ਨੂੰ ਡੇਗਣ ਦਾ ਦਾਅਵਾ ਪੂਰੀ ਤਰ੍ਹਾਂ ਨਾਲ ਝੂਠਾ ਹੈ | ਦੱਸਣਯੋਗ ਹੈ ਕਿ ਰਾਫੇਲ ਲੜਾਕੂ ਜਹਾਜ਼ ਬਣਾਉਣ ਵਾਲੀ ਡਸਾਲਟ ਐਵੀਏਸ਼ਨ ਕੰਪਨੀ ਨੇ ਪਹਿਲੀ ਵਾਰ ਆਪ੍ਰੇਸ਼ਨ ਸੰਧੂਰ ਦੌਰਾਨ ਰਾਫੇਲ ਜਹਾਜ਼ ਨੂੰ ਡੇਗਣ ਦੇ ਦਾਅਵਿਆਂ 'ਤੇ ਟਿੱਪਣੀ ਕੀਤੀ ਹੈ | ਇਕ ਇੰਟਰਵਿਊ 'ਚ ਏਰਿਕ ਟ੍ਰੈਪੀਅਰ ਨੇ ਕਿਹਾ ਕਿ ਭਾਰਤੀ ਪੱਖ ਨੇ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਇਸ ਲਈ ਘਟਨਾ ਦੇ ਸਹੀ ਹਾਲਾਤ ਅਜੇ ਸਪੱਸ਼ਟ ਨਹੀਂ ਹਨ | ਉਨ੍ਹਾਂ ਨੇ ਇੰਟਰਵਿਊ 'ਚ ਰਾਫੇਲ ਜਹਾਜ਼ਾਂ ਦੀਆਂ ਸਮਰਥਾਵਾਂ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ ਕਿ ਰਾਫੇਲ ਦੁਨੀਆ ਦੇ ਸਭ ਤੋਂ ਵਧੀਆ ਬਹੁ-ਭੂਮਿਕਾ ਵਾਲੇ ਲੜਾਕੂ ਜਹਾਜ਼ਾਂ 'ਚੋਂ ਇਕ ਹੈ ਅਤੇ ਇਹ ਐੱਫ-35 ਅਤੇ ਸਾਰੇ ਚੀਨੀ ਜਹਾਜ਼ਾਂ ਨਾਲੋਂ ਬਿਹਤਰ ਹੈ | ਉਨ੍ਹਾਂ ਕਿਹਾ ਕਿ ਰਾਫੇਲ ਅਮਰੀਕੀ ਐੱਫ-22 ਵਰਗੇ ਜਹਾਜ਼ਾਂ ਨਾਲੋਂ ਕਮਜ਼ੋਰ ਹੋ ਸਕਦਾ ਹੈ, ਪਰ ਜੇਕਰ ਇਕ ਅਜਿਹੇ ਜਹਾਜ਼ ਦੀ ਲੋੜ ਹੈ, ਜੋ ਹਵਾ ਤੋਂ ਹਵਾ, ਹਵਾ ਤੋਂ ਜ਼ਮੀਨ, ਪ੍ਰਮਾਣੂ ਹਮਲਿਆਂ ਤੇ ਸਮੁੰਦਰੀ ਜਹਾਜ਼ਾਂ ਦੇ ਕਰੀਅਰਾਂ 'ਤੇ ਵੀ ਕੰਮ ਕਰ ਸਕੇ ਤਾਂ ਰਾਫੇਲ ਸਭ ਤੋਂ ਵਧੀਆ ਵਿਕਲਪ ਹੈ |