ਨਵੀਂ ਦਿੱਲੀ, 15 ਜੂਨ (ਪੀ.ਟੀ.ਆਈ.)-ਯੂਨੈਸਕੋ ਦੀ ਗਲੋਬਲ ਐਜੂਕੇਸ਼ਨ ਮਾਨੀਟਰਿੰਗ ਟੀਮ (ਜੀ.ਈ.ਐਮ.) ਦੇ ਅਨੁਸਾਰ ਦੁਨੀਆ ਭਰ 'ਚ 27.2 ਕਰੋੜ ਬੱਚੇ ਸਕੂਲ ਨਹੀਂ ਜਾ ਪਾ ਰਹੇ ਹਨ | ਇਹ ਅੰਕੜੇ ਪਿਛਲੇ ਅੰਦਾਜ਼ੇ ਨਾਲੋਂ ਲਗਭਗ 2 ਕਰੋੜ ਤੋਂ ਵੱਧ ਹਨ | ਟੀਮ ਨੇ ਆਪਣੀ ਤਾਜ਼ਾ ਰਿਪੋਰਟ 'ਚ ਦੱਸਿਆ ਹੈ ਕਿ 2025 ਤੱਕ ਦੇਸ਼ ਆਪਣੇ ਕਾਫੀ ਰਾਸ਼ਟਰੀ ਟੀਚਿਆਂ ਤੋਂ ਪਛੜ ਜਾਣਗੇ | ਇਸਦੇ ਵੀ 2 ਕਾਰਨ ਹਨ | ਪਹਿਲਾ ਨਵਾਂ ਦਾਖਲਾ ਤੇ ਹਾਜ਼ਰੀ ਡੇਟਾ 'ਚ ਕਮੀ ਹੈ | 2021 'ਚ ਅਫਗਾਨਿਸਤਾਨ 'ਚ ਸੈਕੰਡਰੀ ਸਕੂਲ ਦੀ ਉਮਰ ਦੀਆਂ ਕੁੜੀਆਂ 'ਤੇ ਪਾਬੰਦੀ ਵੀ ਇਸ ਵਾਧੇ 'ਚ ਯੋਗਦਾਨ ਪਾਉਂਦੀ ਹੈ | ਦੂਜਾ, ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ 'ਚ ਵਾਧੇ ਦਾ ਕਾਰਨ ਸੰਯੁਕਤ ਰਾਸ਼ਟਰ ਦੇ ਨਵੀਨਤਮ ਆਬਾਦੀ ਅਨੁਮਾਨਾਂ 'ਚ ਵਾਧਾ ਹੈ, ਜਿਸ ਨਾਲ ਅਜਿਹੇ ਬੱਚਿਆਂ ਦੀ ਗਿਣਤੀ 'ਚ 1.3 ਕਰੋੜ ਦਾ ਵਾਧਾ ਹੋਇਆ ਹੈ | ਰਿਪੋਰਟ 'ਚ ਇਹ ਵੀ ਨੋਟ ਕੀਤਾ ਗਿਆ ਕਿ ਸਕੂਲ ਨਾ ਜਾਣ ਵਾਲੇ ਬੱਚਿਆਂ ਦੀ ਗਿਣਤੀ ਦਾ ਸੁਭਾਵਿਕ ਘੱਟ ਅੰਦਾਜ਼ਾ ਲਗਾਇਆ ਗਿਆ ਹੈ, ਕਿਉਂਕਿ ਦੇਸ਼ਾਂ ਵਿਚਕਾਰ ਚੱਲ ਰਹੇ ਟਕਰਾਵਾਂ ਦੇ ਮੱਦੇਨਜ਼ਰ ਡਾਟਾ ਸੰਗ੍ਰਹਿ 'ਚ ਰੁਕਾਵਟ ਆਉਂਦੀਆਂ ਹਨ | ਵਿਸ਼ਵਵਿਆਪੀ ਆਬਾਦੀ ਅਨੁਮਾਨਾਂ 'ਚ ਤਬਦੀਲੀ ਵੀ ਸਕੂਲ ਨਾ ਜਾਣ ਵਾਲੀ ਦਰ ਤੇ ਬੱਚਿਆਂ ਦੀ ਗਿਣਤੀ ਦੇ ਅਨੁਮਾਨਾਂ ਨੂੰ ਪ੍ਰਭਾਵਿਤ ਕਰਦੀ ਹੈ ਪਰ ਉਸ ਪ੍ਰਭਾਵ ਦੀ ਤੀਬਰਤਾ ਦਾਖਲੇ ਤੇ ਹਾਜ਼ਰੀ ਦੇ ਡਾਟਾ ਦੇ ਸਰੋਤ 'ਤੇ ਨਿਰਭਰ ਕਰਦੀ ਹੈ | ਕੁੱਲ ਮਿਲਾ ਕੇ, ਪ੍ਰਾਇਮਰੀ ਸਕੂਲ-ਉਮਰ ਦੇ ਲਗਭਗ 11 ਫ਼ੀਸਦੀ ਬੱਚੇ (7.8 ਕਰੋੜ), ਹੇਠਲੇ ਸੈਕੰਡਰੀ ਸਕੂਲ-ਉਮਰ ਦੇ 15 ਫ਼ੀਸਦੀ ਕਿਸ਼ੋਰ (6.4 ਕਰੋੜ) ਤੇ ਉੱਚ ਸੈਕੰਡਰੀ ਸਕੂਲ-ਉਮਰ ਦੇ 31 ਫ਼ੀਸਦੀ ਨੌਜਵਾਨ (13 ਕਰੋੜ) ਸਕੂਲ ਨਹੀਂ ਜਾ ਰਹੇ ਹਨ | ਮਾਡਲ ਨੇ ਖੇਤਰੀ ਤੇ ਕੌਮਾਂਤਰੀ ਅÏਸਤ ਦੇ ਅੰਦਰੂਨੀ ਤੌਰ 'ਤੇ ਇਕਸਾਰ ਰੁਝਾਨ ਪੈਦਾ ਕਰਨ ਲਈ ਕਈ ਡਾਟਾ ਸਰੋਤਾਂ (ਪ੍ਰਸ਼ਾਸਕੀ, ਸਰਵੇਖਣ ਅਤੇ ਜਨਗਣਨਾ) ਦੀ ਵਰਤੋਂ ਕੀਤੀ |