ਅਹਿਮਦਾਬਾਦ, 15 ਜੂਨ (ਪੀ.ਟੀ.ਆਈ.)-ਇਕ ਫ਼ਿਲਮ ਨਿਰਮਾਤਾ ਦੇ ਪਰਿਵਾਰ ਨੇ ਵੀਰਵਾਰ ਨੂੰ ਲਾਪਤਾ ਹੋਣ ਤੋਂ ਬਾਅਦ ਡੀ.ਐਨ.ਏ. ਸੈਂਪਲ ਜਮ੍ਹਾ ਕਰਵਾਏ ਹਨ ਤੇ ਉਸ ਦੇ ਮੋਬਾਈਲ ਫੋਨ ਦੀ ਆਖਰੀ ਵਾਰ ਦੀ ਸਥਿਤੀ ਏਅਰ ਇੰਡੀਆ ਦੇ ਭਿਆਨਕ ਜਹਾਜ਼ ਹਾਦਸੇ ਤੋਂ ਸਿਰਫ 700 ਮੀਟਰ ਦੀ ਦੂਰੀ 'ਤੇ ਮਿਲੀ ਹੈ | ਨਰੋਦਾ-ਨਿਵਾਸੀ ਮਹੇਸ਼ ਕਲਾਵਾਡੀਆ, ਜਿਸ ਨੂੰ ਮਹੇਸ਼ ਜੀਰਾਵਾਲਾ ਵੀ ਕਿਹਾ ਜਾਂਦਾ ਹੈ, ਸੰਗੀਤ ਐਲਬਮਾਂ ਦਾ ਨਿਰਦੇਸ਼ਨ ਕਰਦਾ ਹੈ ਅਤੇ ਉਹ ਉਸ ਦੁਪਹਿਰ ਲਾਅ ਗਾਰਡਨ ਖੇਤਰ ਵਿਚ ਕਿਸੇ ਨੂੰ ਮਿਲਣ ਗਿਆ ਸੀ | ਮਹੇਸ਼ ਦੀ ਪਤਨੀ ਹੇਤਲ ਨੇ ਕਿਹਾ ਕਿ ਮੇਰੇ ਪਤੀ ਨੇ ਮੈਨੂੰ ਦੁਪਹਿਰ 1.14 ਵਜੇ ਫ਼ੋਨ ਕਰਕੇ ਦੱਸਿਆ ਕਿ ਉਸ ਦੀ ਮੀਟਿੰਗ ਖ਼ਤਮ ਹੋ ਗਈ ਹੈ ਤੇ ਉਹ ਘਰ ਜਾ ਰਿਹਾ ਹੈ | ਹਾਲਾਂਕਿ, ਜਦੋਂ ਉਹ ਵਾਪਸ ਨਹੀਂ ਆਇਆ ਤਾਂ ਮੈਂ ਉਸ ਦੇ ਮੋਬਾਈਲ 'ਤੇ ਰਿੰਗ ਕੀਤੀ ਪਰ ਫੋਨ ਬੰਦ ਸੀ | ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਉਸ ਦੇ ਮੋਬਾਈਲ ਫ਼ੋਨ ਦੀ ਆਖਰੀ ਲੋਕੇਸ਼ਨ ਤੋਂ ਪਤਾ ਲੱਗਾ ਕਿ ਉਹ ਹਾਦਸੇ ਵਾਲੀ ਥਾਂ ਤੋਂ 700 ਮੀਟਰ ਦੂਰ ਸੀ | ਉਸ ਦਾ ਫ਼ੋਨ ਦੁਪਹਿਰ 1:40 ਵਜੇ ਦੇ ਕਰੀਬ (ਜਹਾਜ਼ ਦੇ ਉਡਾਣ ਭਰਨ ਤੋਂ ਇਕ ਮਿੰਟ ਬਾਅਦ) ਬੰਦ ਹੋ ਗਿਆ | ਉਸ ਦਾ ਸਕੂਟਰ ਤੇ ਮੋਬਾਈਲ ਫ਼ੋਨ ਗਾਇਬ ਹੈ | ਇਹ ਸਭ ਅਸਾਧਾਰਨ ਹੈ, ਕਿਉਂਕਿ ਉਹ ਘਰ ਆਉਣ ਲਈ ਕਦੇ ਵੀ ਉਸ ਰਸਤੇ (ਆਖਰੀ ਥਾਂ ਅਨੁਸਾਰ) ਦੀ ਵਰਤੋਂ ਨਹੀਂ ਕਰੇਗਾ | ਹੇਤਲ ਨੇ ਅੱਗੇ ਕਿਹਾ ਕਿ ਅਸੀਂ ਡੀ.ਐਨ.ਏ. ਨਮੂਨੇ ਜਮ੍ਹਾਂ ਕਰਵਾਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਹਾਦਸੇ ਕਾਰਨ ਜ਼ਮੀਨ 'ਤੇ ਮਾਰੇ ਗਏ ਲੋਕਾਂ 'ਚੋਂ ਇਕ ਸੀ ਜਾਂ ਨਹੀਂ |