ਨਵੀਂ ਦਿੱਲੀ, 17 ਜੂਨ (ਉਪਮਾ ਡਾਗਾ ਪਾਰਥ)- ਮਸ਼ਹੂਰ ਕਾਰੋਬਾਰੀ ਅਤੇ ਕਾਂਗਰਸੀ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ, ਮੰਗਲਵਾਰ ਨੂੰ ਜਾਂਚ ਏਜੰਸੀ ਈ.ਡੀ. ਅੱਗੇ ਪੇਸ਼ ਨਹੀਂ ਹੋਏ | ਇਸ ਤੋਂ ਪਹਿਲਾਂ ਵੀ ਉਹ 10 ਜੂਨ ਨੂੰ ਈ.ਡੀ. ਵਲੋਂ ਦਿੱਤੇ ਸੱਦੇ 'ਤੇ ਨਹੀਂ ਆਏ ਸਨ | ਉਸ ਵੇਲੇ ਉਨ੍ਹਾਂ ਬਿਮਾਰੀ ਦਾ ਕਾਰਨ ਦੱਸਦਿਆਂ ਆਉਣ 'ਚ ਅਸਮਰੱਥਾ ਪ੍ਰਗਟਾਈ ਸੀ | ਹਲਕਿਆਂ ਮੁਤਾਬਿਕ ਵਾਡਰਾ ਇਸ ਵੇਲੇ ਆਪਣੀ ਬੇਟੀ ਦੀ ਗ੍ਰੈਜੂਏਸ਼ਨ ਸੈਰੇਮਨੀ 'ਚ ਹਿੱਸਾ ਲੈਣ ਲਈ ਵਿਦੇਸ਼ 'ਚ ਹਨ | ਵਾਪਸ ਆ ਕੇ ਉਹ ਜਾਂਚ 'ਚ ਸ਼ਾਮਿਲ ਹੋਣਗੇ | ਪੜਤਾਲੀਆ ਏਜੰਸੀ ਈ.ਡੀ. ਰਾਬਰਟ ਵਾਡਰਾ ਅਤੇ ਲੰਡਨ 'ਚ ਸੰਜੈ ਭੰਡਾਰੀ ਦੀਆਂ ਦੋ ਸੰਪਤੀਆਂ ਦਾ ਰਾਬਤਾ ਲੱਭਣ ਦੀ ਕੋਸ਼ਿਸ਼ 'ਚ ਹੈ | ਮਾਮਲੇ ਦੀ ਜਾਂਚ ਗ਼ੈਰ-ਕਾਨੂੰਨੀ ਢੰਗ ਨਾਲ ਪੈਸੇ ਦੇ ਲੈਣ-ਦੇਣ 'ਚ ਬਚਾਅ ਬਾਰੇ ਕਾਨੂੰਨ ਤਹਿਤ ਕੀਤੀ ਜਾ ਰਹੀ ਹੈ |