ਭਾਰਤ ਵਲੋਂ ਘੱਟ ਪਾਣੀ ਛੱਡਣ ਕਾਰਨ ਪਾਕਿ 'ਚ ਫ਼ਸਲਾਂ ਦੀ ਬਿਜਾਈ ਬੁਰੀ ਤਰ੍ਹਾਂ ਪ੍ਰਭਾਵਿਤ
ਅੰਮਿ੍ਤਸਰ, 17 ਜੂਨ (ਸੁਰਿੰਦਰ ਕੋਛੜ)-ਸਿੰਧੂ ਜਲ ਸੰਧੀ ਸੰਬੰਧੀ ਭਾਰਤ ਦੇ ਫ਼ੈਸਲੇ ਦਾ ਅਸਰ ਪਾਕਿਸਤਾਨ 'ਤੇ ਸਾਫ਼ ਵਿਖਾਈ ਦੇ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਘੱਟ ਪਾਣੀ ਛੱਡਣ ਕਾਰਨ ਗੁਆਂਢੀ ਦੇਸ਼ 'ਚ ਫ਼ਸਲਾਂ ਦੀ ਬਿਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਲਹਿੰਦੇ ਪੰਜਾਬ ਅਤੇ ਸਿੰਧ ਸੂਬਿਆਂ ਦੇ 6.5 ਕਰੋੜ ਕਿਸਾਨ ਸਿੰਜਾਈ ਲਈ ਚਨਾਬ 'ਤੇ ਨਿਰਭਰ ਕਰਦੇ ਹਨ | ਪਾਕਿ ਦੀ ਡੇਲੀ ਵਾਟਰ ਸਿਚੂਏਸ਼ਨ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਪਾਕਿ 'ਚ ਚਨਾਬ ਨਦੀ ਦਾ ਵਹਾਅ 92 ਫ਼ੀਸਦੀ ਘਟ ਗਿਆ ਹੈ | ਪਾਣੀ ਦੀ ਕਮੀ ਕਾਰਨ ਇਥੇ 40 ਫ਼ੀਸਦੀ ਤੋਂ ਵੱਧ ਫ਼ਸਲਾਂ ਤਬਾਹ ਹੋਣ ਦੇ ਕੰਢੇ 'ਤੇ ਹਨ | ਸਿੰਧ ਦਰਿਆ 'ਤੇ ਤਰਬੇਲਾ ਡੈਮ ਅਤੇ ਜਿਹਲਮ ਦਰਿਆ 'ਤੇ ਮੰਗਲਾ ਡੈਮ 'ਚ ਵੀ ਪਾਣੀ ਦੀ ਭਾਰੀ ਕਮੀ ਹੈ | ਇਸ ਕਾਰਨ ਕਰਕੇ ਪਾਕਿ ਦੇ ਖੇਤੀਬਾੜੀ ਮੰਤਰਾਲੇ ਨੇ ਸਵੀਕਾਰ ਕੀਤਾ ਹੈ ਕਿ ਇਸ ਵਾਰ ਸਾਉਣੀ ਦਾ ਮੌਸਮ ਹਾਲ ਹੀ ਦੇ ਇਤਿਹਾਸ 'ਚ ਸਭ ਤੋਂ ਭੈੜਾ ਹੋ ਸਕਦਾ ਹੈ | ਇੰਡਸ ਰਿਵਰ ਸਿਸਟਮ ਅਥਾਰਿਟੀ (ਆਈ.ਆਰ.ਐੱਸ.ਏ.) ਵਲੋਂ ਲੰਘੇ ਦਿਨ ਵੱਖ-ਵੱਖ ਰਿਮ ਸਟੇਸ਼ਨਾਂ ਤੋਂ 254,300 ਕਿਊਸਿਕ ਪਾਣੀ ਛੱਡਿਆ ਗਿਆ | ਅਥਾਰਿਟੀ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਤਰਬੇਲਾ ਡੈਮ ਵਿਖੇ ਸਿੰਧ ਦਰਿਆ 'ਚ ਪਾਣੀ ਦਾ ਪੱਧਰ 1450.85 ਫੁੱਟ ਹੈ, ਜੋ ਕਿ 1402 ਫੁੱਟ ਦੇ 'ਡੈੱਡ ਲੈਵਲ' ਤੋਂ 48.85 ਫੁੱਟ ਵੱਧ ਹੈ | ਡੈਮ 'ਚ ਪਾਣੀ ਦਾ ਪ੍ਰਵਾਹ ਅਤੇ ਨਿਕਾਸ ਕ੍ਰਮਵਾਰ 177,400 ਕਿਊਸਿਕ ਅਤੇ 151,800 ਕਿਊਸਿਕ ਦਰਜ ਕੀਤਾ ਗਿਆ | ਮੰਗਲਾ ਡੈਮ ਵਿਖੇ ਜਿਹਲਮ ਦਰਿਆ 'ਚ ਪਾਣੀ ਦਾ ਪੱਧਰ 1167.20 ਫੁੱਟ ਸੀ ਜੋ ਕਿ ਇਸ ਦੇ 'ਡੈੱਡ ਲੈਵਲ' 1,050 ਫੁੱਟ ਤੋਂ 117.20 ਫੁੱਟ ਵੱਧ ਹੈ | ਪਾਣੀ ਦਾ ਪ੍ਰਵਾਹ ਅਤੇ ਨਿਕਾਸ ਕ੍ਰਮਵਾਰ 31,750 ਕਿਊਸਿਕ ਅਤੇ 17,658 ਕਿਊਸਿਕ ਦਰਜ ਕੀਤਾ ਗਿਆ | ਕਾਲਾਬਾਗ, ਤੌਂਸਾ, ਗੁੱਡੂ ਅਤੇ ਸੁੱਕਰ ਵਿਖੇ ਪਾਣੀ ਛੱਡਣਾ ਕ੍ਰਮਵਾਰ 186, 304, 137, 105, 90, 219 ਅਤੇ 33,560 ਕਿਊਸਿਕ ਦਰਜ ਕੀਤਾ ਗਿਆ | ਇਸੇ ਤਰ੍ਹਾਂ ਕਾਬੁਲ ਨਦੀ ਤੋਂ ਨੌਸ਼ਹਿਰਾ ਵਿਖੇ ਕੁੱਲ 23,200 ਕਿਊਸਿਕ ਅਤੇ ਮਰਾਲਾ ਵਿਖੇ ਚਨਾਬ ਨਦੀ ਤੋਂ 30,417 ਕਿਊਸਿਕ ਪਾਣੀ ਛੱਡਿਆ ਗਿਆ | ਆਈ. ਆਰ. ਐੱਸ. ਏ. ਮੁਤਾਬਿਕ ਲੰਘੇ ਦਿਨ 16 ਜੂਨ ਨੂੰ ਪਾਕਿ ਦੇ ਸਿੰਧ ਸੂਬੇ 'ਚ ਸਿੰਧੂ ਨਦੀ ਪ੍ਰਣਾਲੀ ਤੋਂ 1.33 ਲੱਖ ਕਿਊਸਿਕ ਪਾਣੀ ਛੱਡਿਆ ਗਿਆ | ਜਦੋਂ ਕਿ ਪਿਛਲੇ ਸਾਲ ਇਸ ਦਿਨ ਇਹ ਅੰਕੜਾ 1.6 ਲੱਖ ਕਿਊਸਿਕ ਸੀ | ਇਸ ਸੰਬੰਧ 'ਚ ਪਾਣੀ ਦੇ ਪੱਧਰ ਵਿਚ 16.87 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ | ਪਾਕਿ ਦੀ ਸਿੰਧੂ ਨਦੀ ਪ੍ਰਣਾਲੀ ਅਥਾਰਿਟੀ ਦੁਆਰਾ ਜਾਰੀ ਰਿਪੋਰਟ ਮੁਤਾਬਿਕ ਲਹਿੰਦੇ ਪੰਜਾਬ ਸੂਬੇ 'ਚ ਵੀ ਪਿਛਲੇ ਸਾਲ 16 ਜੂਨ ਨੂੰ 1.29 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ | ਜਦੋਂ ਕਿ ਲੰਘੇ ਦਿਨ ਇਹ ਅੰਕੜਾ 1.26 ਲੱਖ ਕਿਊਸਿਕ ਹੈ | ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਪਾਕਿ 'ਚ ਸਿੰਧੂ ਜਲ ਪ੍ਰਣਾਲੀ ਨਾਲ ਜੁੜੇ ਦਰਿਆਵਾਂ ਅਤੇ ਜਲ ਭੰਡਾਰਾਂ ਵਿਚ ਬਹੁਤ ਘੱਟ ਪਾਣੀ ਬਚਿਆ ਹੈ | ਇਹ ਉਸ ਸਮੇਂ ਹੋ ਰਿਹਾ ਹੈ ਜਦੋਂ ਪਾਕਿ 'ਚ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਚੱਲ ਰਹੀ ਹੈ | ਇਸ ਕਾਰਨ ਪਾਕਿਸਤਾਨੀ ਕਿਸਾਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਕਿਹਾ ਜਾ ਰਿਹਾ ਹੈ ਕਿ ਪਾਕਿ 'ਚ ਮੌਨਸੂਨ ਦੇ ਦਾਖ਼ਲੇ ਲਈ ਅਜੇ ਦੋ ਹਫ਼ਤੇ ਬਾਕੀ ਹਨ | ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਸਥਿਤੀ ਜਾਰੀ ਰਹੀ ਤਾਂ ਪਾਕਿਸਤਾਨ ਨੂੰ ਗੰਭੀਰ ਰਾਸ਼ਟਰੀ ਭੋਜਨ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਖ਼ਾਸ ਗੱਲ ਇਹ ਹੈ ਕਿ ਜਦੋਂ ਭਾਰਤ ਨੇ ਸਿੰਧੂ ਜਲ ਸਮਝੌਤਾ ਮੁਲਤਵੀ ਕਰ ਦਿੱਤਾ ਹੈ ਤਾਂ ਸਿੰਧੂ ਦਰਿਆ ਪ੍ਰਣਾਲੀ ਨਾਲ ਜੁੜੇ ਦਰਿਆਵਾਂ ਦੇ ਪਾਣੀ ਦੇ ਪੱਧਰ ਬਾਰੇ ਜਾਣਕਾਰੀ ਵੀ ਪਾਕਿ ਨਾਲ ਸਾਂਝੀ ਨਹੀਂ ਕੀਤੀ ਜਾ ਰਹੀ | ਹੁਣ ਜੇਕਰ ਮੌਨਸੂਨ ਦੌਰਾਨ ਇਨ੍ਹਾਂ ਦਰਿਆਵਾਂ 'ਚ ਪਾਣੀ ਦਾ ਪੱਧਰ ਵਧਦਾ ਹੈ ਤਾਂ ਪਾਕਿ ਦਾ ਹੇਠਲਾ ਖੇਤਰ ਸਮੱਸਿਆਵਾਂ ਵਿਚ ਘਿਰ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਹੁਣ ਤੱਕ ਸਿੰਧੂ ਜਲ ਸੰਧੀ ਅਤੇ ਪਾਣੀ ਸਪਲਾਈ ਦੀ ਬਹਾਲੀ ਸੰਬੰਧੀ ਭਾਰਤ ਨੂੰ 4 ਰਸਮੀ ਪੱਤਰ ਭੇਜੇ ਹਨ | ਇਹ ਸਾਰੇ ਪੱਤਰ ਪਾਕਿ ਦੇ ਜਲ ਸਰੋਤ ਮੰਤਰਾਲੇ ਦੇ ਸਕੱਤਰ ਸਈਦ ਅਲੀ ਮੁਰਤਜ਼ਾ ਦੁਆਰਾ ਭਾਰਤ ਦੇ ਜਲ ਸ਼ਕਤੀ ਮੰਤਰਾਲੇ ਨੂੰ ਭੇਜੇ ਗਏ ਸਨ, ਜੋ ਬਾਅਦ 'ਚ ਵਿਦੇਸ਼ ਮੰਤਰਾਲੇ ਨੂੰ ਭੇਜੇ ਗਏ |
ਲਹਿੰਦੇ ਪੰਜਾਬ ਅਤੇ ਸਿੰਧ 'ਚ ਪਾਣੀ ਦਾ ਪੱਧਰ ਖ਼ਤਮ ਹੋਣ ਕਿਨਾਰੇ ਪੁੱਜਾ
ਅਜੀਤ ਡੈਸਕ
18-06-2025