ਨਸ਼ਾ ਤਸਕਰੀ ਨਾਲ ਜੁੜੀ ਹਵਾਲਾ ਰਾਸ਼ੀ ਦਾ ਮਾਮਲਾ
ਨਵੀਂ ਦਿੱਲੀ, 17 ਜੂਨ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਕ ਨਸ਼ਾ ਤਸਕਰੀ ਗਰੋਹ ਨਾਲ ਜੁੜੇ ਹਵਾਲਾ ਰਾਸ਼ੀ ਮਾਮਲੇ, ਜਿਸ ਦਾ ਪਤਾ ਪਹਿਲੀ ਵਾਰ ਪੰਜਾਬ ਪੁਲਿਸ ਦੁਆਰਾ ਲਗਾਇਆ ਗਿਆ ਸੀ, ਦੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਪੰਜਾਬ ਸਮੇਤ 6 ਸੂਬਿਆਂ ਵਿਚ ਇਕੋ ਸਮੇਂ ਛਾਪਾਮਾਰੀ ਕੀਤੀ | ਸੂਤਰਾਂ ਨੇ ਦੱਸਿਆ ਕਿ ਹਵਾਲਾ ਰਾਸ਼ੀ ਰੋਕਥਾਮ ਐਕਟ (ਪੀ.ਐਮ.ਐਲ.ਏ.) ਤਹਿਤ ਦਰਜ ਕੀਤੇ ਗਏ ਇਕ ਕੇਸ ਦੇ ਹਿੱਸੇ ਵਜੋਂ ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਮਹਾਰਾਸ਼ਟਰ 'ਚ 15 ਤੋਂ ਵੱਧ ਥਾਵਾਂ 'ਤੇ ਛਾਪੇ ਮਾਰੇ ਗਏ | ਈ.ਡੀ. ਦਾ ਮਾਮਲਾ ਦੋ ਨਸ਼ਾ ਤਸਕਰਾਂ ਅਤੇ ਇਕ ਕਥਿਤ ਵਿਚੋਲੇ ਐਲੇਕਸ ਪਾਲੀਵਾਲ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਦੀ 2024 ਵਿਚ ਦਰਜ ਐਫ.ਆਈ.ਆਰ. ਤੋਂ ਨਿਕਲਿਆ ਹੈ | ਸੂਤਰਾਂ ਅਨੁਸਾਰ ਜਾਂਚ ਏਜੰਸੀ ਨੇ ਕੁਝ ਸੰਬੰਧਿਤ ਵਿਅਕਤੀਆਂ ਦੇ ਟਿਕਾਣਿਆਂ ਤੋਂ ਇਲਾਵਾ ਬਾਇਓਜੈਨੇਟਿਕ ਡਰੱਗਜ਼ ਪ੍ਰਾਈਵੇਟ ਲਿਮਟਿਡ, ਸੀ.ਬੀ. ਹੈਲਥਕੇਅਰ, ਸਮਾਈਲੈਕਸ ਫਾਰਮਾਕੈਮ ਡਰੱਗ ਇੰਡਸਟਰੀਜ਼, ਸੋਲ ਹੈਲਥ ਕੇਅਰ (ਆਈ) ਪ੍ਰਾਈਵੇਟ ਲਿਮਟਿਡ ਅਤੇ ਐਸਟਰ ਫਾਰਮਾ ਨਾਮਕ ਕੁਝ ਫਾਰਮਾਸਿਊਟੀਕਲ ਕੰਪਨੀਆਂ ਦੇ ਅਹਾਤਿਆਂ 'ਤੇ ਛਾਪੇ ਮਾਰੇ | ਪੰਜਾਬ ਪੁਲਿਸ ਨੇ ਪਿਛਲੇ ਸਾਲ ਕੀਤੇ ਗਏ ਆਪਣੇ ਆਪ੍ਰੇਸ਼ਨ ਦੇ ਹਿੱਸੇ ਵਜੋਂ 7 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਸੀ ਅਤੇ ਨਸ਼ੀਲੇ ਪਦਾਰਥ ਬਣਾਉਣ ਵਾਲੀਆਂ ਫਾਰਮਾ ਦਵਾਈਆਂ ਦਾ ਇਕ ਜ਼ਖੀਰਾ ਜ਼ਬਤ ਕੀਤਾ |
ਈ.ਡੀ. ਵਲੋਂ ਪੰਜਾਬ ਸਮੇਤ 6 ਸੂਬਿਆਂ 'ਚ ਛਾਪੇਮਾਰੀ
ਅਜੀਤ ਡੈਸਕ
18-06-2025