11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਪ੍ਰਚਾਰ ਸਮਾਪਤ-ਵੋਟਾਂ ਕੱਲ੍ਹ

ਅਜੀਤ ਡੈਸਕ 18-06-2025

ਮੁਕਾਬਲਾ ਚਹੰੁ-ਮੁਖੀ ਬਣਿਆ, ਕਿਸ ਦੇ ਸਿਰ ਸਜੇਗਾ ਤਾਜ!
ਪਰਮਿੰਦਰ ਸਿੰਘ ਆਹੂਜਾ

ਲੁਧਿਆਣਾ, 17 ਜੂਨ-ਲੁਧਿਆਣਾ ਪੱਛਮੀ ਚੋਣ ਲਈ ਅੱਜ ਸ਼ਾਮ ਬੇਸ਼ੱਕ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ, ਪਰ ਜਿਉਂ-ਜਿਉਂ ਵੋਟਾਂ ਦਾ ਦਿਨ 19 ਜੂਨ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰਾਂ ਦੀਆਂ ਧੜਕਣਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ | ਹਾਲਾਂਕਿ ਇਹ ਚੋਣ ਮੁਕਾਬਲਾ ਚਹੰੁਮੁਖੀ ਬਣਿਆ ਹੋਇਆ ਤੇ ਕਿਸਮਤ ਅਜ਼ਮਾ ਰਹੇ ਕੁੱਲ 14 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹਲਕਾ ਪੱਛਮੀ ਦੇ 1,75,469 ਵੋਟਰ ਕਰਨਗੇ | ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ 'ਤੇ ਪੂਰੇ ਸੂਬੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਕਾਂਗਰਸ ਵਲੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਭਾਜਪਾ ਵਲੋਂ ਜੀਵਨ ਗੁਪਤਾ, ਸ਼ੋ੍ਰਮਣੀ ਅਕਾਲੀ ਦਲ (ਬ) ਵਲੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਤੇ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਨਵਨੀਤ ਕੁਮਾਰ ਗੋਪੀ ਨੂੰ ਟਿਕਟ ਦਿੱਤੀ ਗਈ ਹੈ | ਇਸ ਤੋਂ ਇਲਾਵਾ 9 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਹ ਸੀਟ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਮÏਤ ਤੋਂ ਬਾਅਦ ਖ਼ਾਲੀ ਹੋਈ ਸੀ | ਉਸ ਤੋਂ ਬਾਅਦ ਫਰਵਰੀ ਮਹੀਨੇ 'ਚ ਆਮ ਆਦਮੀ ਪਾਰਟੀ ਵਲੋਂ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਗਿਆ | ਪਿਛਲੇ ਤਿੰਨ ਹਫ਼ਤਿਆਂ ਤੋਂ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਵਲੋਂ ਉਮੀਦਵਾਰਾਂ ਲਈ ਦਿਨ-ਰਾਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਸਾਰੀਆਂ ਹੀ ਪਾਰਟੀਆਂ ਲਈ ਇਹ ਚੋਣ ਵੱਕਾਰ ਦਾ ਸਵਾਲ ਬਣੀ ਹੋਈ ਹੈ, ਜਿਸ ਕਾਰਨ ਇਨ੍ਹਾਂ ਦੇ ਸੀਨੀਅਰ ਆਗੂ ਪਿਛਲੇ ਤਿੰਨ ਹਫ਼ਤਿਆਂ ਤੋਂ ਲੁਧਿਆਣਾ 'ਚ ਡੇਰੇ ਜਮਾਈ ਬੈਠੇ ਹਨ | ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਕੈਬਨਿਟ ਮੰਤਰੀਆਂ ਸਮੇਤ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ 'ਚ ਹੀ ਸਨ, ਪਰ ਪਿਛਲੇ ਤਿੰਨ ਦਿਨਾਂ ਤੋਂ ਮੁੱਖ ਮੰਤਰੀ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਹ ਚੋਣ ਪ੍ਰਚਾਰ 'ਚ ਹਿੱਸਾ ਨਹੀਂ ਲੈ ਰਹੇ ਤੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੇ ਸੰਭਾਲੀ ਹੋਈ ਹੈ¢ ਜੇਕਰ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰੀਏ ਤਾਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਆਸ਼ੂ ਦੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਉਨ੍ਹਾਂ ਨਾਲ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪਰਗਟ ਸਿੰਘ ਤੇ ਹੋਰ ਸੀਨੀਅਰ ਆਗੂ ਚੋਣ ਪ੍ਰਚਾਰ ਕਰ ਰਹੇ ਹਨ ਜਦਕਿ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੰਭਾਲੀ ਹੋਈ ਹੈ | ਹਰਿਆਣਾ ਤੇ ਦਿੱਲੀ ਦੇ ਮੁੱਖ ਮੰਤਰੀਆਂ ਸਮੇਤ ਕੇਂਦਰੀ ਮੰਤਰੀਆਂ ਵਲੋਂ ਵੀ ਜੀਵਨ ਗੁਪਤਾ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ | ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਖੁਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਭਾਲੀ ਹੋਈ ਹੈ ਤੇ ਸੀਨੀਅਰ ਆਗੂਆਂ ਵਲੋਂ ਦਿਨ-ਰਾਤ ਐਡਵੋਕੇਟ ਘੁੰਮਣ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਨਵਨੀਤ ਕੁਮਾਰ ਗੋਪੀ ਲਈ ਖ਼ੁਦ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਚੋਣ ਪ੍ਰਚਾਰ ਕਰਦੇ ਰਹੇ ਹਨ | ਚੋਣ ਪ੍ਰਚਾਰ ਦੇ ਅੱਜ ਆਖ਼ਰੀ ਦਿਨ ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ ਤੇ ਹੋਰ ਕਈ ਕੈਬਨਿਟ ਮੰਤਰੀਆਂ ਨੇ ਹਲਕਾ ਪੱਛਮੀ 'ਚ ਸੰਜੀਵ ਅਰੋੜਾ ਦੇ ਹੱਕ 'ਚ ਰੋਡ ਸ਼ੋਅ ਕੀਤਾ | ਇਸ ਤੋਂ ਇਲਾਵਾ ਭਾਰਤ ਭੂਸ਼ਨ ਆਸ਼ੂ ਵਲੋਂ ਵੀ ਪ੍ਰਭਾਵਸ਼ਾਲੀ ਰੋਡ ਸ਼ੋਅ ਕੱਢਿਆ ਗਿਆ | ਚੋਣ ਪ੍ਰਚਾਰ ਦਾ ਰੌਲ਼ਾ-ਰੱਪਾ ਅੱਜ ਸ਼ਾਮ 5.00 ਵਜੇ ਬੰਦ ਹੋ ਗਿਆ ਤੇ ਹੁਣ ਇਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾਵੇਗਾ | ਵੀਰਵਾਰ ਨੂੰ ਸਵੇਰੇ ਵੋਟਿੰਗ ਸ਼ੁਰੂ ਹੋਵੇਗੀ ਤੇ ਸੋਮਵਾਰ ਨੂੰ ਨਤੀਜਾ ਐਲਾਨਿਆ ਜਾਵੇਗਾ |

ਪਿਛਲੀ ਖ਼ਬਰ ਏਅਰ ਇੰਡੀਆ ਦੀਆਂ 7 ਅੰਤਰਰਾਸ਼ਟਰੀ ਉਡਾਣਾਂ ਹੋਈਆਂ ਰੱਦ ਅਗਲੀ ਖ਼ਬਰ ਈ.ਡੀ. ਵਲੋਂ ਪੰਜਾਬ ਸਮੇਤ 6 ਸੂਬਿਆਂ 'ਚ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।