ਬੋਇੰਗ 787 ਫਲੀਟ 'ਚ ਕੋਈ ਵੱਡੀ ਸੁਰੱਖਿਆ ਖਾਮੀ ਸਾਹਮਣੇ ਨਹੀਂ ਆਈ-ਡੀ. ਜੀ. ਸੀ. ਏ.
ਮੁੰਬਈ/ਕੋਲਕਾਤਾ, 17 ਜੂਨ (ਪੀ. ਟੀ. ਆਈ.)-ਏਅਰ ਇੰਡੀਆ ਲਈ ਮੰਗਲਵਾਰ ਦਾ ਦਿਨ ਤਣਾਅ ਭਰਿਆ ਰਿਹਾ, ਕਿਉਂਕਿ ਏਅਰਲਾਈਨ ਨੂੰ ਅੱਜ ਸੱਤ ਹੋਰ ਅੰਤਰਰਾਸ਼ਟਰੀ ਉਡਾਣਾਂ ਨੂੰ ਰੱਦ ਕਰਨਾ ਪਿਆ, ਜਿਸ ਨਾਲ ਅਹਿਮਦਾਬਾਦ ਦੇ ਭਿਆਨਕ ਹਾਦਸੇ ਤੋਂ ਬਾਅਦ ਰੱਦ ਹੋਣ ਵਾਲੀਆਂ ਕੁੱਲ ਉਡਾਣਾਂ ਦੀ ਗਿਣਤੀ 83 ਹੋ ਗਈ ਹੈ, ਜਿਸ ਕਾਰਨ ਹਵਾਬਾਜ਼ੀ ਸੁਰੱਖਿਆ ਨਿਗਰਾਨੀ ਨੇ ਇਸ ਦੇ ਰੱਖ-ਰਖਾਅ ਅਭਿਆਸਾਂ ਬਾਰੇ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ | ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਏਅਰ ਇੰਡੀਆ ਤੋਂ 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਉਡਾਣ ਏ.ਆਈ.-171 ਦੇ ਪਾਇਲਟਾਂ ਅਤੇ ਡਿਸਪੈਚਰ ਦੇ ਸਿਖਲਾਈ ਰਿਕਾਰਡ ਮੰਗੇ, ਜੋ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਹੀ ਹਾਦਸਾਗ੍ਰਸਤ ਹੋ ਗਈ ਸੀ | ਬੋਇੰਗ 787 ਡ੍ਰੀਮਲਾਈਨਰ 'ਚ ਸਵਾਰ ਅਤੇ ਜ਼ਮੀਨ 'ਤੇ 270 ਤੋਂ ਵੱਧ ਲੋਕਾਂ ਦੀ ਮੌਤ ਨੇ ਏਅਰਲਾਈਨ ਲਈ ਸਾਢੇ ਤਿੰਨ ਸਾਲ ਪਹਿਲਾਂ ਟਾਟਾ ਗਰੁੱਪ ਵਲੋਂ ਇਸ ਨੂੰ ਖਰੀਦਣ ਤੋਂ ਬਾਅਦ ਸਭ ਤੋਂ ਵੱਡਾ ਸੰਕਟ ਪੈਦਾ ਕਰ ਦਿੱਤਾ | ਡੀ.ਜੀ.ਸੀ.ਏ. ਦੀ ਜਾਂਚ ਕਾਰਨ ਏਅਰ ਇੰਡੀਆ ਨੇ 6 ਉਡਾਣਾਂ ਰੱਦ ਕਰ ਦਿੱਤੀਆਂ, ਜਦੋਂਕਿ ਬੋਇੰਗ 777-200 ਜੈੱਟਲਾਈਨਰ ਦੇ ਇੰਜਣ 'ਚ ਸਮੱਸਿਆ ਕਾਰਨ ਸਾਨ ਫਰਾਂਸਿਸਕੋ-ਕੋਲਕਾਤਾ-ਮੁੰਬਈ ਉਡਾਣ ਨੂੰ ਕੋਲਕਾਤਾ 'ਚ ਹੀ ਰੱਦ ਕਰਨਾ ਪਿਆ | ਰੱਦ ਹੋਈਆਂ ਉਡਾਣਾਂ 'ਚ ਦਿੱਲੀ ਤੋਂ ਪੈਰਿਸ ਜਾਣ ਵਾਲੀ ਏ.ਆਈ. 143, ਪੈਰਿਸ ਤੋਂ ਦਿੱਲੀ ਆਉਣ ਵਾਲੀ ਏ.ਆਈ. 142, ਅਹਿਮਦਾਬਾਦ-ਲੰਡਨ ਏ.ਆਈ. 159, ਦਿੱਲੀ-ਦੁਬਈ ਏ.ਆਈ. 915, ਦਿੱਲੀ-ਵਿਆਨਾ ਏ.ਆਈ. 153, ਲੰਡਨ-ਅੰਮਿ੍ਤਸਰ ਏ.ਆਈ. 170 ਉਡਾਣਾਂ ਸ਼ਾਮਿਲ ਹਨ | ਇਸ ਤੋਂ ਇਲਾਵਾ ਸਾਨ ਫਰਾਂਸਿਸਕੋ ਤੋਂ ਮੁੰਬਈ ਆ ਰਹੀ ਉਡਾਣ ਨੂੰ ਤਕਨੀਕੀ ਖਰਾਬੀ ਦਾ ਪਤਾ ਲੱਗਣ 'ਤੇ ਆਪਣਾ ਸਫਰ ਕੋਲਕਾਤਾ ਹਵਾਈ ਅੱਡੇ 'ਤੇ ਹੀ ਸਮਾਪਤ ਕਰਨਾ ਪਿਆ | ਦੂਜੇ ਪਾਸੇ 'ਐਕਸ' 'ਤੇ ਇਕ ਪੋਸਟ 'ਚ ਏਅਰ ਇੰਡੀਆ ਨੇ ਕਿਹਾ ਕਿ ਦਿੱਲੀ 'ਚ ਖ਼ਰਾਬ ਮੌਸਮ ਕਾਰਨ 14 ਉਡਾਣਾਂ ਨੂੰ ਮੋੜਿਆ ਗਿਆ ਹੈ | ਡੀ.ਜੀ.ਸੀ.ਏ. ਨੇ ਕਿਹਾ ਕਿ ਏਅਰ ਇੰਡੀਆ ਦੇ ਬੋਇੰਗ 787 ਫਲੀਟ ਦੇ ਹਾਲੀਆ ਕੀਤੇ ਨਿਰੀਖਣ ਦੌਰਾਨ ਕੋਈ ਵੱਡੀ ਸੁਰੱਖਿਆ ਖਾਮੀ ਸਾਹਮਣੇ ਨਹੀਂ ਆਈ ਹੈ ਅਤੇ ਜਹਾਜ਼ ਅਤੇ ਸੰਬੰਧਿਤ ਰੱਖ-ਰਖਾਅ ਪ੍ਰਣਾਲੀਆਂ ਮੌਜੂਦਾ ਸੁਰੱਖਿਆ ਮਾਪਦੰਡਾਂ ਦੇ ਅਨੁਕੂਲ ਪਾਈਆਂ ਗਈਆਂ ਹਨ | 12 ਜੂਨ ਤੋਂ 17 ਜੂਨ ਤੱਕ ਬੀ787 ਜਹਾਜ਼ਾਂ ਨਾਲ ਚੱਲਣ ਵਾਲੀਆਂ 66 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ | ਇਸ ਸਮੇਂ ਦੌਰਾਨ ਏਅਰਲਾਈਨ ਨੇ ਬੀ787 ਨਾਲ 248 ਉਡਾਣਾਂ ਚਲਾਈਆਂ | ਜ਼ਿਕਰਯੋਗ ਹੈ ਕਿ ਟਾਟਾ ਸਮੂਹ ਦੀ ਮਲਕੀਅਤ ਵਾਲੀਆਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਰੋਜ਼ਾਨਾ 1000 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰਦਾ ਹੈ |
ਏਅਰ ਇੰਡੀਆ ਦੀਆਂ 7 ਅੰਤਰਰਾਸ਼ਟਰੀ ਉਡਾਣਾਂ ਹੋਈਆਂ ਰੱਦ
ਅਜੀਤ ਡੈਸਕ
18-06-2025