ਮੁੰਬਈ, 17 ਜੂਨ (ਏਜੰਸੀ)- ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਸੀ.ਆਈ.ਏ.ਐਲ.) ਨੇ ਦੱਸਿਆ ਕਿ 157 ਯਾਤਰੀਆਂ ਨਾਲ ਦਿੱਲੀ ਜਾਣ ਵਾਲੀ ਇੰਡੀਗੋ ਦੀ ਇਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਦੇ ਬਾਅਦ ਮੰਗਲਵਾਰ ਨੂੰ ਨਾਗਪੁਰ 'ਚ ਹੰਗਾਮੀ ਹਾਲਤ 'ਚ ਉਤਾਰਨਾ ਪਿਆ | ਮਸਕਟ ਤੋਂ ਰਵਾਨਾ ਹੋਈ ਇਹ ਉਡਾਣ ਕੋਚੀ 'ਚ ਆਪਣੇ ਨਿਰਧਾਰਿਤ ਪੜਾਅ ਦੇ ਬਾਅਦ ਦਿੱਲੀ ਲਈ ਰਵਾਨਾ ਹੋਈ ਸੀ | ਸੀ.ਆਈ.ਏ.ਐਲ. ਨੇ ਦੱਸਿਆ ਕਿ ਉਸ ਨੂੰ ਉਡਾਣ ਬਾਰੇ ਆਪਣੀ ਅਧਿਕਾਰਕ ਈ.ਮੇਲ. ਆਈ.ਡੀ. 'ਤੇ ਧਮਕੀ ਮਿਲੀ ਸੀ | ਇਹ ਉਡਾਣ 157 ਯਾਤਰੀਆਂ ਤੇ 6 ਅਮਲੇ ਦੇ ਮੈਂਬਰਾਂ ਨਾਲ ਸਵੇਰੇ 9.31 ਵਜੇ ਦਿੱਲੀ ਲਈ ਰਵਾਨਾ ਹੋਈ ਸੀ | ਹਵਾਈ ਅੱਡੇ ਦੇ ਆਪਰੇਟਰ ਨੇ ਦੱਸਿਆ ਕਿ ਸੂਚਨਾ ਤੁਰੰਤ ਸੰਬੰਧਿਤ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਦੇ ਬਾਅਦ ਉਡਾਣ ਨੂੰ ਨਾਗਪੁਰ ਹਵਾਈ ਅੱਡੇ 'ਤੇ ਉਤਾਰਨਾ ਪਿਆ | ਬੁਲਾਰੇ ਨੇ ਦੱਸਿਆ ਕਿ ਉਡਾਣ ਸੇਵਾ ਨੂੰ ਫਿਰ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰੀ ਸੁਰੱਖਿਆ ਜਾਂਚ ਕਰਨ 'ਚ ਏਅਰਲਾਈਨ ਸੰਬੰਧਿਤ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ |