ਨਵੀਂ ਦਿੱਲੀ, 18 ਜੂਨ (ਜਗਤਾਰ ਸਿੰਘ)-ਪਾਕਿਸਤਾਨੀ ਫ਼ੌਜ ਦੇ ਮੁਖੀ ਆਸਿਮ ਮੁਨੀਰ ਦੇ ਅਮਰੀਕੀ ਦੌਰੇ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਦੁਪਹਿਰ ਦੇ ਭੋਜਨ (ਲੰਚ) ਦੇ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ | ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਉਹ (ਆਸਿਮ ਮੁਨੀਰ) ਪਹਿਲਗਾਮ ਹਮਲੇ ਦਾ ਦੋਸ਼ੀ ਹੈ, ਇਸ ਤੋਂ ਸਾਫ਼ ਹੈ ਕਿ ਭਾਰਤ ਦੀ ਕੂਟਨੀਤੀ ਖਿੱਲਰ ਰਹੀ ਹੈ | ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਪਹਿਲਗਾਮ ਹਮਲੇ ਦਾ ਦੋਸ਼ੀ ਹੈ ਉਨ੍ਹਾਂ ਨੇ ਵ੍ਹਾਈਟ ਹਾਊਸ 'ਚ ਰਾਸ਼ਟਰਪਤੀ ਟਰੰਪ ਨਾਲ ਲੰਚ ਕੀਤਾ | ਕੀ ਇਹੀ ਕਾਰਨ ਹੈ ਕਿ ਟਰੰਪ ਨੇ ਇਕ ਦਿਨ ਪਹਿਲਾਂ ਹੀ ਜੀ-7 ਸਿਖ਼ਰ ਸੰਮੇਲਨ ਛੱਡ ਦਿੱਤਾ ਤੇ ਮਿਸਟਰ ਨਰਿੰਦਰ ਮੋਦੀ ਨੂੰ ਗਲੇ ਲਗਾਉਣ ਤੋਂ ਇਨਕਾਰ ਕਰ ਦਿੱਤਾ | ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਰਾਸ਼ਟਰਪਤੀ ਟਰੰਪ ਨੇ ਖ਼ੁਦ 14 ਵਾਰ ਇਹ ਦਾਅਵਾ ਕੀਤਾ ਹੈ ਕਿ ਭਾਰਤ-ਪਾਕਿ ਵਿਚਕਾਰ ਜੰਗ ਉਨ੍ਹਾਂ ਰੁਕਵਾਈ ਹੈ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਆਪ੍ਰੇਸ਼ਨ ਸੰਧੂਰ ਨੂੰ ਖ਼ਤਮ ਕਰ ਦਿੱਤਾ |