ਕੈਨਾਨਾਸਕਿਸ, 18 ਜੂਨ (ਇੰਟ.)-ਕੈਨੇਡਾ ਦੇ ਕੈਨਾਨਾਸਕਿਸ 'ਚ 51ਵੇਂ ਜੀ 7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨਾਲ ਮੁਲਾਕਾਤ ਕੀਤੀ | ਇਸ ਮੁਲਾਕਾਤ ਦੀ ਇਕ ਵੀਡੀਓ ਦੀ ਝਲਕ ਮੇਲੋਨੀ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਤੇ ਲਿਖਿਆ ਕਿ ਇਟਲੀ ਤੇ ਭਾਰਤ ਮਹਾਨ ਦੋਸਤੀ 'ਚ ਬੱਝੇ ਹੋਏ ਹਨ | ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਤੇ ਇਟਲੀ ਵਿਚਕਾਰ ਵਧਦੀ ਦੋਸਤੀ ਲਈ ਆਪਣਾ ਉਤਸ਼ਾਹ ਪ੍ਰਗਟ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਦੁਵੱਲੇ ਸੰਬੰਧ ਮਜ਼ਬੂਤ ਹੁੰਦੇ ਰਹਿਣਗੇ, ਜਿਸ ਨਾਲ ਦੋਵਾਂ ਦੇਸ਼ਾਂ ਨੂੰ ਲਾਭ ਹੋਵੇਗਾ | ਵਾਈਰਲ ਵੀਡੀਓ 'ਚ ਪ੍ਰਧਾਨ ਮੰਤਰੀ ਮੋਦੀ ਨੂੰ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦਾ ਸਵਾਗਤ ਕਰਦਿਆਂ ਹੱਥ ਮਿਲਾਉਂਦੇ ਹੋਏ ਅਤੇ ਸਿਖਰ ਸੰਮੇਲਨ ਦੌਰਾਨ ਉਨ੍ਹਾਂ ਨਾਲ ਇਕ ਸੰਖੇਪ ਗੱਲਬਾਤ ਕਰਦੇ ਹੋਏ ਦਿਖਾਇਆ ਗਿਆ ਹੈ | ਇਸ ਗੱਲਬਾਤ ਦੌਰਾਨ ਮੇਲੋਨੀ ਨੂੰ ਮੋਦੀ ਨੂੰ ਇਹ ਕਹਿੰਦੇ ਸੁਣਿਆ ਗਿਆ ਕਿ 'ਤੁਸੀ ਸਭ ਤੋਂ ਵਧੀਆ ਹੋ ਤੇ ਮੈਂ ਵੀ ਤੁਹਾਡੇ ਵਾਂਗ ਬਣਨ ਦੀ ਕੋਸ਼ਿਸ਼ ਕਰ ਰਹੀ ਹਾਂ' |