ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਕੋਇਟਾ ਤੋਂ ਪਿਸ਼ਾਵਰ ਜਾ ਰਹੀ ਜਾਫ਼ਰ ਐਕਸਪ੍ਰੈੱਸ ਰੇਲ ਗੱਡੀ ਨੂੰ ਇਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ | ਪਾਕਿ ਰੇਲਵੇ ਅਧਿਕਾਰੀਆਂ ਅਨੁਸਾਰ ਜੈਕਬਾਬਾਦ 'ਚ ਪਸ਼ੂ ਮੰਡੀ ਨੇੜੇ ਹੋਏ ਧਮਾਕੇ ਨਾਲ ਜਾਫ਼ਰ ਐਕਸਪ੍ਰੈੱਸ ਦੇ 6 ਡੱਬੇ ਪਟੜੀ ਤੋਂ ਉਤਰ ਗਏ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਦੱਸਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਬਾਅਦ ਪੁਲਿਸ ਦੀ ਭਾਰੀ ਟੁਕੜੀ ਨੇ ਇਲਾਕੇ ਨੂੰ ਘੇਰ ਲਿਆ | ਘਟਨਾ ਤੋਂ ਬਾਅਦ ਇਸ ਰੂਟ 'ਤੇ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ | ਘਟਨਾ ਤੋਂ ਬਾਅਦ ਗੱਡੀ 'ਚ ਸਵਾਰ ਮੁਸਾਫ਼ਰਾਂ ਨੂੰ ਆਪਣਾ ਸਾਮਾਨ ਚੁੱਕ ਕੇ ਪੈਦਲ ਨਜ਼ਦੀਕੀ ਰੇਲਵੇ ਸਟੇਸ਼ਨ ਤਕ ਜਾਣਾ ਪਿਆ | ਬਲੋਚਿਸਤਾਨ ਦੇ ਵਿਦ੍ਰੋਹੀ ਸਮੂਹ ਬਲੋਚ ਰਿਪਬਲਿਕਨ ਗਾਰਡ (ਬੀ. ਆਰ. ਜੀ.) ਨੇ ਆਪਣੇ ਅਧਿਕਾਰਤ ਮੀਡੀਆ ਵਿੰਗ ਰਾਹੀਂ ਬਿਆਨ ਜਾਰੀ ਕਰਕੇ ਜਾਫ਼ਰ ਐਕਸਪ੍ਰੈੱਸ 'ਤੇ ਹੋਏ ਤਾਜ਼ਾ ਹਮਲੇ ਦੀ ਜ਼ਿੰਮੇਵਾਰੀ ਲਈ ਹੈ |