ਕੈਨਾਨਾਸਕਿਸ (ਕੈਨੇਡਾ), 18 ਜੂਨ (ਪੀ.ਟੀ.ਆਈ.)-ਇਥੇ ਜੀ 7 ਸੰਮੇਲਨ ਦੇ ਸਮਾਪਤੀ ਸ਼ੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਗੁਆਂਢੀ ਦੇਸ਼ ਅੱਤਵਾਦ ਲਈ ਇਕ ਪ੍ਰਜਨਨ ਸਥਾਨ ਬਣ ਗਿਆ ਹੈ ਤੇ ਇਸ ਚੁਣੌਤੀ ਤੋਂ ਅੱਖਾਂ ਮੋੜ ਲੈਣਾ ਮਨੁੱਖਤਾ ਨਾਲ ਵਿਸ਼ਵਾਸਘਾਤ ਹੋਵੇਗਾ | ਉਨ੍ਹਾਂ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਨੂੰ ਸਮਰਥਨ ਦੇਣ ਲਈ ਪਾਕਿਸਤਾਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ | ਅੱਤਵਾਦ ਵਿਰੁੱਧ ਭਾਰਤ ਦੇ ਸਟੈਂਡ ਦੀ ਪੁਸ਼ਟੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਵਿਸ਼ਵ ਸ਼ਾਂਤੀ ਤੇ ਖੁਸ਼ਹਾਲੀ ਲਈ, ਸਾਡੀ ਸੋਚ ਤੇ ਨੀਤੀ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਦੇਸ਼ ਅੱਤਵਾਦ ਦਾ ਸਮਰਥਨ ਕਰਦਾ ਹੈ, ਤਾਂ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ | ਕੈਨੇਡਾ 'ਚ ਮੰਗਲਵਾਰ ਨੂੰ ਜੀ 7 ਸਮਾਪਤੀ ਸੈਸ਼ਨ 'ਚ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਗਲੋਬਲ ਸਾਊਥ ਦੀਆਂ ਚਿੰਤਾਵਾਂ ਤੇ ਤਰਜੀਹਾਂ ਵੱਲ ਧਿਆਨ ਦੇਣ ਦਾ ਵੀ ਸੱਦਾ ਦਿੱਤਾ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਕੌਮਾਂਤਰੀ ਚੁਣੌਤੀਆਂ ਤੇ ਇਕ ਬਿਹਤਰ ਸਮਾਜ ਲਈ ਸਾਂਝੀਆਂ ਇੱਛਾਵਾਂ 'ਤੇ ਜੀ 7 ਨੇਤਾਵਾਂ ਨਾਲ ਮਹੱਤਵਪੂਰਨ ਵਿਚਾਰ-ਵਟਾਂਦਰੇ ਕੀਤੇ |