1997 ਤੋਂ ਬਾਅਦ ਦੂਜੀ ਸਭ ਤੋਂ ਘੱਟ ਵੋਟਿੰਗ ਨੇ ਮਾਹਿਰਾਂ ਦਾ ਗਣਿਤ ਵਿਗਾੜਿਆ <br/>
ਅਜੀਤ ਡੈਸਕ
21-06-2025
ਲੁਧਿਆਣਾ, 20 ਜੂਨ-ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਬੀਤੇ ਕੱਲ੍ਹ ਵੋਟਾਂ ਪੈਣ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੁੱਲ 1,75,469 ਵੋਟਾਂ 'ਚੋਂ ਸਿਰਫ਼ 51.33 ਫ਼ੀਸਦੀ ਵੋਟਾਂ ਪੈਣ ਨਾਲ ਇਸ ਸੀਟ ਉਪਰ ਜੇਤੂ ਉਮੀਦਵਾਰ ਬਾਰੇ ਸਿਆਸੀ ਮਾਹਿਰਾਂ ਵਲੋਂ ਬਣਾਏ ਗਏ ਸਾਰੇ ਸਮੀਕਰਨਾਂ ਦਾ ਗਣਿਤ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ | ਜ਼ਿਮਨੀ ਚੋਣ 'ਚ ਹੋਈ 51.33 ਫ਼ੀਸਦੀ ਦੀ ਵੋਟਿੰਗ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ 'ਚ ਦੂਜੀ ਸਭ ਤੋਂ ਘੱਟ ਵੋਟਿੰਗ ਫ਼ੀਸਦ ਕਹੀ ਜਾ ਰਹੀ ਹੈ | 1997 'ਚ ਕੁੱਲ 54.21 ਫ਼ੀਸਦੀ ਵੋਟਾਂ ਪਈਆਂ ਤਾਂ 2002 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਇਹ ਅੰਕੜਾ ਬੁਰੀ ਤਰ੍ਹਾਂ ਡਿਗ ਕੇ ਸਿਰਫ਼ 43.77 ਫ਼ੀਸਦੀ ਹੀ ਰਹਿ ਗਿਆ ਸੀ ਪਰ ਇਸ ਤੋਂ ਬਾਅਦ 2007 'ਚ ਇਸ 'ਚ ਮੁੜ ਵਾਧਾ ਹੋਇਆ ਅਤੇ ਇਹ 58.91 ਫ਼ੀਸਦੀ ਹੋ ਗਿਆ, ਫਿਰ ਸਾਲ 2012 'ਚ ਸਭ ਤੋਂ ਜ਼ਿਆਦਾ 69.66 ਫ਼ੀਸਦੀ ਵੋਟਾਂ ਪਈਆਂ ਅਤੇ ਸਾਲ 2017 ਦੀ ਵਿਧਾਨ ਸਭਾ ਚੋਣ 'ਚ ਵੀ ਇਸ ਹਲਕੇ 'ਚ ਕੁਝ ਫ਼ੀਸਦ ਘਟ ਕੇ 69.25 ਫ਼ੀਸਦੀ ਕੁੱਲ ਵੋਟਾਂ ਪਈਆਂ ਸਨ | ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੱਲੀ ਬਦਲਾਅ ਦੀ ਹਨ੍ਹੇਰੀ 'ਚ ਵੀ ਵੋਟ ਫ਼ੀਸਦ 60 ਫ਼ੀਸਦੀ ਤੋਂ ਜ਼ਿਆਦਾ ਰਿਹਾ ਅਤੇ ਕੁੱਲ 1,82,537 ਵੋਟਰਾਂ 'ਚੋਂ 1,17,360 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ਹਿਸਾਬ ਨਾਲ ਕੁੱਲ ਵੋਟਿੰਗ ਫ਼ੀਸਦ 64.29 ਫ਼ੀਸਦੀ ਰਿਹਾ ਪਰ ਮੌਜੂਦਾ ਸਾਲ 2025 ਦੀ ਜ਼ਿਮਨੀ ਚੋਣ 'ਚ ਕੁੱਲ ਵੋਟਾਂ 'ਚੋਂ ਸਿਰਫ਼ 51.33 ਫ਼ੀਸਦੀ ਵੋਟਾਂ ਹੀ ਪੈਣ ਨਾਲ ਸਥਿਤੀ ਕਾਫ਼ੀ ਗੁੰਝਲਦਾਰ ਬਣ ਗਈ ਹੈ | ਸਿੱਧੇ ਤੌਰ 'ਤੇ ਦੇਖਿਆ ਜਾਵੇ ਤਾਂ ਹਲਕਾ ਪੱਛਮੀ 'ਚ ਮਰਦ ਵੋਟਰਾਂ ਦੀ ਕੁੱਲ ਗਿਣਤੀ 90,088 ਤੋਂ 20 ਵੋਟਾਂ ਘੱਟ 90068 ਵੋਟਾਂ ਦਾ ਹੀ ਭੁਗਤਾਨ ਹੋ ਸਕਿਆ | ਕਿਸੇ ਵੀ ਚੋਣ 'ਚ ਵੋਟਿੰਗ ਫ਼ੀਸਦ ਦੇ ਅੰਕੜਿਆਂ ਤੋਂ ਆਪਣੇ ਸਿਆਸੀ ਗਣਿਤ ਰਾਹੀਂ ਸਮੀਕਰਨ ਤਿਆਰ ਕਰਕੇ ਕਿਸੇ ਉਮੀਦਵਾਰ ਦੀ ਜਿੱਤ ਦਾ ਦਾਅਵਾ ਕਰਨ ਵਾਲੇ ਸਿਆਸੀ ਮਾਹਿਰਾਂ ਦੇ ਅੰਕੜੇ ਵੀ ਗੜਬੜਾ ਗਏ ਹਨ, ਕਿਉਂਕਿ ਲਗਭਗ ਸਾਢੇ ਤਿੰਨ ਸਾਲ ਪਹਿਲਾਂ ਹੋਈ 2022 ਦੀ ਵਿਧਾਨ ਸਭਾ ਚੋਣ 'ਚ 64.29 ਫ਼ੀਸਦੀ ਅਤੇ ਹੁਣ ਜ਼ਿਮਨੀ ਚੋਣ 'ਚ 51.33 ਫ਼ੀਸਦੀ ਵੋਟਾਂ ਦੇ ਵਿਚਾਲੇ ਦੇ 12.99 ਫ਼ੀਸਦੀ ਵੋਟਾਂ ਦੇ ਫਰਕ ਨੂੰ ਸਮਝ ਪਾਉਣਾ ਸਿਆਸੀ ਮਾਹਿਰਾਂ ਦੀ ਪਕੜ ਤੋਂ ਬਾਹਰ ਹੋ ਗਿਆ ਹੈ | ਭਾਵੇਂ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਇਸ ਨੂੰ ਆਪਣੀ-ਆਪਣੀ ਪਾਰਟੀ ਲਈ ਫਾਇਦੇਮੰਦ ਦੱਸਦੇ ਹੋਏ ਜੇਤੂ ਹੋਣ ਦੀ ਗੱਲ ਕਰ ਰਹੇ ਹਨ ਪਰ ਸਿਆਸਤ ਦੀ ਸਮਝ ਰੱਖਣ ਵਾਲੇ ਲੋਕ ਇਸ ਨੂੰ ਆਪਣੇ-ਆਪਣੇ ਤਰੀਕੇ ਨਾਲ ਘਟਾ, ਵਧਾ ਕੇ ਦੇਖਣ ਦੇ ਬਾਅਦ ਵੀ ਇਹ ਕਹਿਣ ਲਈ ਮਜਬੂਰ ਹਨ ਕਿ ਅਸਲ ਨਤੀਜਿਆਂ ਲਈ 23 ਜੂਨ ਦੀ ਉਡੀਕ ਕਰਨੀ ਹੀ ਬਿਹਤਰ ਹੈ |