ਵੋਟਰਾਂ ਦੀ ਚੋਣ ਪ੍ਰਕਿਰਿਆ ਪ੍ਰਤੀ ਬੇਰੁਖ਼ੀ ਨੇ ਸਭ ਧਿਰਾਂ ਨੂੰ ਕੀਤਾ ਹੈਰਾਨ
ਹਰਕਵਲਜੀਤ ਸਿੰਘ
ਚੰਡੀਗੜ੍ਹ, 20 ਜੂਨਪੰਜਾਬ ਵਿਚਲੀ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ, ਜਿਸ ਨੂੰ ਰਾਜ ਦੀਆਂ ਸਿਆਸੀ ਪਾਰਟੀਆਂ ਵਲੋਂ ਵੱਕਾਰੀ ਬਣਾ ਕੇ ਲੜਿਆ ਗਿਆ ਪਰ ਵੋਟਿੰਗ ਮੌਕੇ ਵੋਟਰਾਂ ਵਲੋਂ ਦਿਖਾਈ ਬੇਰੁਖ਼ੀ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਮਾਯੂਸ ਅਤੇ ਪ੍ਰੇਸ਼ਾਨ ਕੀਤਾ ਹੋਇਆ ਹੈ | ਚੋਣ ਕਮਿਸ਼ਨ, ਜੋ ਕਿ ਇਸ ਚੋਣ ਲਈ ਚੋਣ ਫ਼ੀਸਦ ਵਧਣ ਦੀ ਸੰਭਾਵਨਾ ਰੱਖ ਰਿਹਾ ਸੀ, ਨੂੰ ਵੀ 51.33 ਦੀ ਚੋਣ ਫ਼ੀਸਦ ਕਾਰਨ ਵੱਡੀ ਮਾਯੂਸੀ ਹੋਈ ਹੈ | ਸਿਆਸੀ ਧਿਰਾਂ ਵਲੋਂ ਵੱਖ-ਵੱਖ ਖੇਤਰਾਂ 'ਚ ਪਈਆਂ ਵੋਟਾਂ ਦੀ ਫ਼ੀਸਦੀ ਤੋਂ ਆਪਣੇ ਅੰਦਾਜ਼ੇ ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ | ਹਾਲਾਂਕਿ, ਰਾਜ ਦੀ ਹੁਕਮਰਾਨ ਧਿਰ ਦਾ ਮੰਨਣਾ ਹੈ ਕਿ ਜਦੋਂ ਵੋਟਰ ਜ਼ੋਰ ਨਾਲ ਜ਼ਿਆਦਾ ਪੋਿਲੰਗ ਕਰਦਾ ਹੈ, ਉਹ ਬਦਲਾਅ ਲਈ ਅਤੇ ਸੱਤਾ ਪੱਖ ਦੇ ਵਿਰੁੱਧ ਸਮਝੀ ਜਾਂਦੀ ਹੈ | ਸਰਕਾਰੀ ਹਲਕਿਆਂ ਦਾ ਦਾਅਵਾ ਹੈ ਕਿ ਵੋਟਰਾਂ ਤੋਂ ਸਪੱਸ਼ਟ ਹੈ ਕਿ ਵਿਰੋਧੀ ਧਿਰ ਦੇ ਵੋਟਰਾਂ ਨੇ ਵੋਟਿੰਗ ਲਈ ਦਿਲਚਸਪੀ ਨਹੀਂ ਦਿਖਾਈ, ਜਦੋਂਕਿ ਗਰਮੀ ਕਾਰਨ ਸ਼ਹਿਰੀ ਵੋਟਰਾਂ ਵਲੋਂ ਆਮ ਘੱਟ ਵੋਟਿੰਗ ਕਰਨਾ ਵੀ ਕਾਰਨ ਦੱਸੇ ਜਾ ਰਹੇ ਹਨ ਪਰ ਵੋਟਿੰਗ ਬਹੁਤ ਹੀ ਘੱਟ ਹੋਣ ਦੀ ਚਿੰਤਾ ਸੱਤਾ ਪੱਖ ਵਿਚ ਵੀ ਵੇਖੀ ਜਾ ਸਕਦੀ ਹੈ, ਕਿਉਂਕਿ ਚੋਣ ਪ੍ਰਕਿਰਿਆ ਲਈ ਵੋਟਰਾਂ ਵਿਚ ਉਤਸ਼ਾਹ ਦਾ ਘਟਣਾ ਸਿਆਸੀ ਤੰਤਰ ਪ੍ਰਤੀ ਲੋਕਾਂ ਵਿਚਲੀ ਨਿਰਾਸ਼ਾ ਦਾ ਸੰਕੇਤ ਤਾਂ ਹੈ ਹੀ | ਇਸ ਵਿਚ ਕੋਈ ਸ਼ੱਕ ਨਹੀਂ ਕਿ ਹੁਕਮਰਾਨ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਤੇ ਅਕਾਲੀ ਦਲ ਵਲੋਂ ਚੋਣ ਮੁਹਿੰਮਾਂ ਲਈ ਪੂਰਾ ਜ਼ੋਰ ਲਗਾਇਆ ਗਿਆ ਸੀ ਅਤੇ ਭਾਜਪਾ ਦੀ ਕੌਮੀ ਤੇ ਸੂਬਾਈ ਲੀਡਰਸ਼ਿਪ ਅਤੇ ਅਕਾਲੀ ਦਲ ਪ੍ਰਧਾਨ ਨੇ ਵੀ ਖ਼ੁਦ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਸੀ | ਰਾਜ ਵਿਚ ਕੋਈ ਡੇਢ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਇਸ ਚੋਣ ਨੂੰ ਕਾਫ਼ੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ, ਕਿਉਂਕਿ ਹੁਕਮਰਾਨ ਧਿਰ ਇਸ ਚੋਣ ਨੂੰ ਜਿੱਤ ਕੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੇ ਹੱਕ ਵਿਚ ਫ਼ਤਵਾ ਦੱਸ ਸਕਦੀ ਹੈ, ਜਦੋਂਕਿ ਰਾਜ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਇਸ ਨੂੰ ਜਿੱਤ ਕੇ ਆਮ ਚੋਣਾਂ ਲਈ ਮਾਹੌਲ ਨੂੰ ਬਦਲਣਾ ਚਾਹੁੰਦੀ ਸੀ, ਪ੍ਰੰਤੂ ਕਾਂਗਰਸ ਦੇ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਧੜ੍ਹੇਬੰਦੀ ਨੇ ਪਾਰਟੀ ਦੇ ਅਕਸ ਨੂੰ ਸੱਟ ਵੀ ਮਾਰੀ ਪਰ ਵੋਟਰਾਂ ਦੀ ਸਿਆਸੀ ਤੰਤਰ ਅਤੇ ਚੋਣ ਪ੍ਰਣਾਲੀ ਪ੍ਰਤੀ ਬੇਰੁਖ਼ੀ ਤੇ ਉਦਾਸੀ ਵੱਡੀ ਚਿੰਤਾ ਦਾ ਵਿਸ਼ਾ ਜ਼ਰੂਰ ਹੈ, ਜਿਸ ਦੀ ਘੋਖ ਹੋਣੀ ਜ਼ਰੂਰੀ ਹੈ ਤਾਂ ਜੋ ਇਸ ਗੱਲ ਦਾ ਪਤਾ ਲੱਗ ਸਕੇ ਕਿ ਵੋਟਰਾਂ ਵਲੋਂ ਵੋਟ ਪਾਉਣ ਵਿਚ ਦਿਲਚਸਪੀ ਕਿਉਂ ਨਹੀਂ ਵਿਖਾਈ ਗਈ | ਦਿਲਚਸਪ ਗੱਲ ਇਹ ਹੈ ਕਿ ਹਲਕੇ ਵਿਚਲੇ ਕੁਝ ਦਿਹਾਤੀ ਖੇਤਰਾਂ 'ਚੋਂ ਵੀ ਵੋਟ ਫ਼ੀਸਦ ਘੱਟ ਰਹੀ ਹੈ, ਜਿਸ ਦਾ ਇਹ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਿਸਾਨੀ ਇਸ ਮੌਕੇ ਝੋਨੇ ਦੀ ਬਿਜਾਈ ਵਿਚ ਲੱਗੀ ਹੋਈ ਹੈ ਪਰ ਚੋਣ ਕਮਿਸ਼ਨ ਵਲੋਂ ਝੋਨੇ ਦੀ ਬਿਜਾਈ ਤੇ ਇੰਨੇ ਗਰਮ ਮੌਸਮ ਵਿਚ ਵੋਟਿੰਗ ਰੱਖੀ ਹੀ ਕਿਉਂ ਗਈ | ਇਸ ਜ਼ਿਮਨੀ ਚੋਣ ਦੇ ਨਤੀਜੇ 23 ਜੂਨ ਨੂੰ ਆਉਣੇ ਹਨ ਪਰ ਸਾਰੀਆਂ ਸਿਆਸੀ ਧਿਰਾਂ ਵਲੋਂ ਆਪਣੀ ਭਵਿੱਖ ਦੀ ਰਾਜਨੀਤੀ ਲਈ ਇਸ ਚੋਣ ਦੇ ਨਤੀਜਿਆਂ ਨੂੰ ਕਾਫ਼ੀ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ | ਅਕਾਲੀ ਦਲ, ਜਿਸ ਵਲੋਂ ਕਦੀ ਲੁਧਿਆਣਾ ਪੱਛਮੀ ਦੀ ਸੀਟ ਜਿੱਤੀ ਵੀ ਜਾਂਦੀ ਰਹੀ ਹੈ, ਮਗਰਲੀ ਚੋਣ ਵਿਚ ਅਕਾਲੀ ਉਮੀਦਵਾਰ ਦੀ ਜ਼ਮਾਨਤ ਵੀ ਜ਼ਬਤ ਹੋ ਗਈ ਸੀ, ਵਲੋਂ ਇਸ ਜ਼ਿਮਨੀ ਚੋਣ 'ਚ ਜ਼ਮਾਨਤ ਬਚਾਉਣ ਤੇ ਸਨਮਾਨਜਨਕ ਵੋਟ ਫ਼ੀਸਦ ਹਾਸਲ ਕਰਨ ਲਈ ਪੂਰੀ ਵਾਹ ਲੱਗਾ ਦਿੱਤੀ ਗਈ ਸੀ |
ਲੁਧਿਆਣਾ ਜ਼ਿਮਨੀ ਚੋਣ ਦੀ ਘੱਟ ਵੋਟ ਫ਼ੀਸਦ ਬਣੀ ਸਾਰੀਆਂ ਸਿਆਸੀ ਧਿਰਾਂ ਲਈ ਚਿੰਤਾ ਦਾ ਮੁੱਦਾ <br/>
ਅਜੀਤ ਡੈਸਕ
21-06-2025