18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਅਮਰੀਕਾ ਵਲੋਂ ਈਰਾਨ 'ਤੇ ਹਵਾਈ ਹਮਲਿਆਂ ਲਈ ਪਾਕਿ ਤੋਂ ਫ਼ੌਜੀ ਅੱਡੇ ਮੰਗਣ ਦੀ ਚਰਚਾ

ਅਜੀਤ ਡੈਸਕ 21-06-2025

ਪਾਕਿ ਨੇ ਦਾਅਵਿਆਂ ਨੂੰ ਕੀਤਾ ਰੱਦ
ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)-ਵੱਖ-ਵੱਖ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਨੇ ਈਰਾਨ ਵਿਰੁੱਧ ਹਵਾਈ ਕਾਰਵਾਈਆਂ ਕਰਨ ਲਈ ਪਾਕਿਸਤਾਨ ਤੋਂ ਉਸ ਦੇ ਸ਼ਮਸੀ ਏਅਰਫੀਲਡ ਸਮੇਤ ਹੋਰ ਫ਼ੌਜੀ ਅੱਡੇ ਮੰਗੇ ਹਨ | ਬਲੋਚਿਸਤਾਨ ਸੂਬੇ ਦੇ ਵਾਸ਼ੁਕ ਜ਼ਿਲ੍ਹੇ 'ਚ ਸਥਿਤ ਸ਼ਮਸੀ ਏਅਰਫੀਲਡ ਨੂੰ ਭੰਡਾਰੀ ਏਅਰਸਟਿ੍ਪ ਵੀ ਕਿਹਾ ਜਾਂਦਾ ਹੈ | ਇਹ ਏਅਰਫੀਲਡ ਸ਼ੁਰੂ 'ਚ ਛੋਟੇ ਜਹਾਜ਼ਾਂ ਲਈ ਬਣਾਇਆ ਗਿਆ ਸੀ, ਪਰ ਬਾਅਦ 'ਚ ਅਮਰੀਕਾ ਦੁਆਰਾ ਵੱਡੇ ਫ਼ੌਜੀ ਜਹਾਜ਼ਾਂ ਨੂੰ ਅਨੁਕੂਲ ਬਣਾਉਣ ਲਈ ਇਸ ਨੂੰ ਵਧਾ ਦਿੱਤਾ ਗਿਆ | ਇਸ ਦੀ ਵਰਤੋਂ ਅਮਰੀਕੀ ਖ਼ੁਫ਼ੀਆ ਏਜੰਸੀ ਸੀ.ਆਈ.ਏ. ਦੁਆਰਾ ਪਾਕਿ ਦੇ ਕਬਾਇਲੀ ਖੇਤਰਾਂ 'ਚ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਡਰੋਨ ਹਮਲਿਆਂ ਲਈ ਇਕ ਆਧਾਰ ਵਜੋਂ ਕੀਤੀ ਜਾਂਦੀ ਸੀ | ਪਾਕਿ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵ੍ਹਾਈਟ ਹਾਊਸ ਵਿਖੇ ਹੋਈ ਹਾਲੀਆ ਮੁਲਾਕਾਤ ਤੋਂ ਬਾਅਦ ਸ਼ਮਸੀ ਏਅਰਫੀਲਡ ਸਮੇਤ ਹੋਰ ਫ਼ੌਜੀ ਅੱਡਿਆਂ ਦੀ ਮੰਗ ਬਾਰੇ ਚਰਚਾਵਾਂ ਹੋਰ ਵੀ ਤੇਜ਼ ਹੋ ਚੁੱਕੀਆਂ ਹਨ | ਹਾਲਾਂਕਿ, ਪਾਕਿਸਤਾਨੀ ਅਧਿਕਾਰੀਆਂ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਦੱਸਿਆ ਹੈ | ਉਨ੍ਹਾਂ ਉਕਤ ਦਾਅਵਿਆਂ ਬਾਰੇ ਸਫ਼ਾਈ ਦਿੰਦਿਆਂ ਕਿਹਾ ਕਿ ਪਾਕਿ ਦੇ ਸਿਆਸੀ ਮਾਹਿਰਾਂ ਤੇ ਫ਼ੌਜੀ ਅਧਿਕਾਰੀਆਂ ਵਲੋਂ ਉਕਤ ਮਿਲਣੀ ਤੋਂ ਬਾਅਦ ਇਹ ਜ਼ਰੂਰ ਮੰਨਿਆ ਜਾ ਰਿਹਾ ਸੀ ਕਿ ਫ਼ੌਜ ਮੁਖੀ ਆਸਿਮ ਮੁਨੀਰ ਅਮਰੀਕੀ ਰਾਸ਼ਟਰਪਤੀ ਟਰੰਪ 'ਤੇ ਈਰਾਨ-ਇਜ਼ਰਾਈਲ ਦੀ ਜੰਗ 'ਚ ਈਰਾਨ ਖ਼ਿਲਾਫ਼ ਕਾਰਵਾਈਆਂ 'ਚ ਸ਼ਾਮਿਲ ਨਾ ਹੋਣ ਲਈ ਅਪੀਲ ਕਰਨਗੇ | ਉਨ੍ਹਾਂ ਕਿਹਾ ਕਿ ਵਾਸ਼ਿੰਗਟਨ 'ਚ ਪਾਕਿਸਤਾਨ ਦੇ ਦੂਤਘਰ ਦਾ ਇਕ ਹਿੱਸਾ ਸੰਯੁਕਤ ਰਾਜ 'ਚ ਈਰਾਨ ਦੇ ਹਿਤਾਂ ਦੀ ਨੁਮਾਇੰਦਗੀ ਕਰਦਾ ਹੈ ਕਿਉਂਕਿ ਤਹਿਰਾਨ ਦੇ ਅਮਰੀਕਾ ਨਾਲ ਕੂਟਨੀਤਕ ਸੰਬੰਧ ਨਹੀਂ ਹਨ | ਅਧਿਕਾਰੀਆਂ ਨੇ ਇਹ ਵੀ ਮੰਨਿਆ ਕਿ ਪਾਕਿ ਲਗਾਤਾਰ ਈਰਾਨ ਵਿਰੁੱਧ ਇਜ਼ਰਾਈਲ ਦੇ ਹਵਾਈ ਹਮਲਿਆਂ ਦੀ ਨਿੰਦਾ ਕਰਦਾ ਆ ਰਿਹਾ ਹੈ ਕਿਉਂਕਿ ਇਹ ਹਮਲੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਦੇ ਹਨ ਤੇ ਖੇਤਰੀ ਸਥਿਰਤਾ ਲਈ ਖ਼ਤਰਾ ਵਧਾ ਰਹੇ ਹਨ |

ਪਿਛਲੀ ਖ਼ਬਰ ਚੀਨ 'ਚ ਰੱਖਿਆ ਮੰਤਰੀਆਂ ਦੀ ਮੀਟਿੰਗ 'ਚ ਹਿੱਸਾ ਲੈਣਗੇ ਰਾਜਨਾਥ ਅਗਲੀ ਖ਼ਬਰ ਲੁਧਿਆਣਾ ਜ਼ਿਮਨੀ ਚੋਣ ਦੀ ਘੱਟ ਵੋਟ ਫ਼ੀਸਦ ਬਣੀ ਸਾਰੀਆਂ ਸਿਆਸੀ ਧਿਰਾਂ ਲਈ ਚਿੰਤਾ ਦਾ ਮੁੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।