ਭੁਵਨੇਸ਼ਵਰ, 20 ਜੂਨ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਸ਼ਿੰਗਟਨ ਆਉਣ ਦੇ ਸੱਦੇ ਨੂੰ ਠੁਕਰਾ ਦਿੱਤਾ ਹੈ ਤੇ ਇਸ ਦੀ ਬਜਾਏ ਭਗਵਾਨ ਜਗਨਨਾਥ ਦੀ ਪਵਿੱਤਰ ਧਰਤੀ ਓਡੀਸ਼ਾ ਆਉਣ ਨੂੰ ਚੁਣਿਆ ਹੈ | ਭੁਵਨੇਸ਼ਵਰ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਮੈਂ ਜੀ7 ਸੰਮੇਲਨ ਲਈ ਕੈਨੇਡਾ 'ਚ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੈਨੂੰ ਫ਼ੋਨ ਕੀਤਾ ਸੀ ਤੇ ਚਰਚਾ ਤੇ ਦੁਪਹਿਰ ਦੇ ਖਾਣੇ ਲਈ ਵਾਸ਼ਿੰਗਟਨ ਆਉਣ ਦਾ ਸੱਦਾ ਦਿੱਤਾ ਸੀ | ਮੈਂ ਸੱਦਾ ਪੱਤਰ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਨੂੰ ਭਗਵਾਨ ਜਗਨਨਾਥ ਦੀ ਧਰਤੀ ਓਡੀਸ਼ਾ ਦਾ ਦੌਰਾ ਕਰਨਾ ਹੈ | ਮੈਂ ਉਨ੍ਹਾਂ ਦੇ ਸੱਦੇ ਨੂੰ ਨਿਮਰਤਾ ਨਾਲ ਠੁਕਰਾ ਦਿੱਤਾ | ਮੋਦੀ ਨੇ ਰਾਜ 'ਚ ਭਾਜਪਾ ਦੀ ਪਹਿਲੀ ਸਰਕਾਰ ਦੀ ਪਹਿਲੀ ਵਰ੍ਹੇਗੰਢ ਸਮਾਗਮ 'ਚ ਹਿੱਸਾ ਲਿਆ ਤੇ 18600 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ |