18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸਿਰਫ਼ ਪਰਿਵਾਰ ਦੇ ਵਿਕਾਸ 'ਚ ਵਿਸ਼ਵਾਸ ਰੱਖਦੇ ਹਨ ਕਾਂਗਰਸ ਤੇ ਆਰ.ਜੇ.ਡੀ.-ਮੋਦੀ <br/>

ਅਜੀਤ ਡੈਸਕ 21-06-2025

• ਬਿਹਾਰ ਦੇ ਵਿਕਾਸ ਦਾ ਸਿਹਰਾ ਐਨ.ਡੀ.ਏ. ਨੂੰ ਦਿੱਤਾ • 5900 ਕਰੋੜ ਦੇ ਪ੍ਰਾਜੈਕਟਾਂ ਦਾ ਉਦਘਾਟਨ
ਸੀਵਾਨ, 20 ਜੂਨ (ਪੀ.ਟੀ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਵਾਨ 'ਚ ਇਕ ਜਨਤਕ ਰੈਲੀ 'ਚ ਕਾਂਗਰਸ ਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਆਪਣੇ ਸ਼ਾਸਨ ਦੌਰਾਨ ਬਿਹਾਰ ਨੂੰ ਗਰੀਬੀ ਤੇ ਅਰਾਜਕਤਾ 'ਚ ਧੱਕ ਦਿੱਤਾ ਸੀ | ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਕਾਂਗਰਸ-ਆਰ.ਜੇ.ਡੀ. ਗੱਠਜੋੜ ਦੁਆਰਾ ਬਣਾਏ ਗਏ ਜੰਗਲ ਰਾਜ ਨੂੰ ਖਤਮ ਕਰ ਦਿੱਤਾ ਹੈ | ਮੋਦੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ ਅਪਮਾਨ ਕਰਨ ਲਈ ਆਰ.ਜੇ.ਡੀ. ਦੀ ਵੀ ਨਿੰਦਾ ਕੀਤੀ ਤੇ ਕਿਹਾ ਕਿ ਰਾਜ ਦੇ ਲੋਕ ਦਲਿਤ ਪ੍ਰਤੀਕ ਦਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ | ਮੋਦੀ ਨੇ ਦੋਸ਼ ਲਗਾਇਆ ਕਿ ਆਰ.ਜੇ.ਡੀ. ਤੇ ਕਾਂਗਰਸ ਬਿਹਾਰ ਤੋਂ ਮਜ਼ਦੂਰਾਂ ਦੇ ਵੱਡੇ ਪੱਧਰ 'ਤੇ ਪ੍ਰਵਾਸ ਤੇ ਦਹਾਕਿਆਂ ਤੋਂ ਰਾਜ ਨੂੰ ਪ੍ਰਭਾਵਿਤ ਕਰਨ ਵਾਲੀ ਨਿਰੰਤਰ ਗਰੀਬੀ ਲਈ ਜ਼ਿੰਮੇਵਾਰ ਹਨ | ਉਨ੍ਹਾਂ ਦਾਅਵਾ ਕੀਤਾ ਕਿ ਆਰ.ਜੇ.ਡੀ.-ਕਾਂਗਰਸ ਸ਼ਾਸਨ ਮਾਡਲ ਲੋਕਾਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੇ ਪਰਿਵਾਰਾਂ ਨੂੰ ਅਮੀਰ ਬਣਾਉਣ 'ਤੇ ਕੇਂਦਰਿਤ ਸੀ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲਾਇਸੈਂਸ ਰਾਜ ਦੌਰਾਨ ਉਨ੍ਹਾਂ ਦੇ ਆਗੂ ਅਮੀਰ ਹੋ ਗਏ, ਪਰ ਜਨਤਾ ਗਰੀਬ ਹੀ ਰਹੀ | ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਆਰ.ਜੇ.ਡੀ. ਨੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਤੇ ਬਿਹਾਰ ਦੇ ਲੋਕ ਉਨ੍ਹਾਂ ਨੂੰ ਕਦੇ ਮਾਫ਼ ਨਹੀਂ ਕਰਨਗੇ | ਆਰ.ਜੇ.ਡੀ. ਤੇ ਕਾਂਗਰਸ ਦੇ ਆਗੂ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਦੀਆਂ ਤਸਵੀਰਾਂ ਆਪਣੇ ਪੈਰਾਂ ਕੋਲ ਰੱਖਦੇ ਹਨ | ਮੈਂ ਉਨ੍ਹਾਂ ਦੀ ਫੋਟੋ ਆਪਣੇ ਦਿਲ ਦੇ ਨੇੜੇ ਰੱਖਦਾ ਹਾਂ | ਆਰ.ਜੇ.ਡੀ. ਦੀ ਰਾਜਨੀਤਿਕ ਪਹੁੰਚ 'ਤੇ ਚੁਟਕੀ ਲੈਂਦੇ ਹੋਏ ਮੋਦੀ ਨੇ ਕਿਹਾ ਕਿ ਅਸੀਂ 'ਸਬਕਾ ਸਾਥ, ਸਬਕਾ ਵਿਕਾਸ' 'ਚ ਵਿਸ਼ਵਾਸ ਰੱਖਦੇ ਹਾਂ, ਪਰ ਉਹ ਸਿਰਫ਼ 'ਪਰਿਵਾਰ ਕਾ ਵਿਕਾਸ' 'ਚ ਵਿਸ਼ਵਾਸ ਰੱਖਦੇ ਹਨ | ਮੋਦੀ ਨੇ ਚਿਤਾਵਨੀ ਦਿੱਤੀ ਕਿ ਆਰ.ਜੇ.ਡੀ. ਤੇ ਕਾਂਗਰਸ, ਜੋ ਉਨ੍ਹਾਂ ਅਨੁਸਾਰ ਬਿਹਾਰ ਦੇ ਮੁਸ਼ਕਿਲ ਭਰੇ ਅਤੀਤ ਲਈ ਜ਼ਿੰਮੇਵਾਰ ਸਨ, ਦੁਬਾਰਾ ਸੱਤਾ 'ਤੇ ਨਜ਼ਰਾਂ ਟਿਕਾਈ ਬੈਠੇ ਹਨ | ਉਨ੍ਹਾਂ ਜੰਗਲ ਰਾਜ ਬਣਾਇਆ ਤੇ ਹੁਣ ਉਹ ਵਾਪਸ ਆਉਣਾ ਚਾਹੁੰਦੇ ਹਨ, ਪਰ ਬਿਹਾਰ ਦੇ ਲੋਕ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ 'ਚ ਢੁਕਵਾਂ ਜਵਾਬ ਦੇਣਗੇ | ਬਿਹਾਰ ਵਿਧਾਨ ਸਭਾ ਚੋਣਾਂ ਕੁਝ ਮਹੀਨਿਆਂ 'ਚ ਹੋਣ ਵਾਲੀਆਂ ਹਨ | ਐਨ.ਡੀ.ਏ. ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਮੋਦੀ ਨੇ ਦਾਅਵਾ ਕੀਤਾ ਕਿ ਬਿਹਾਰ 'ਚ ਹਾਲ ਹੀ ਦੇ ਸਾਲਾਂ 'ਚ ਮਹੱਤਵਪੂਰਨ ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ ਹੈ | ਸੂਬੇ ਲਈ 59 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਕਿਹਾ ਕਿ ਐਨ.ਡੀ.ਏ. ਅਧੀਨ 55 ਹਜ਼ਾਰ ਕਿਲੋਮੀਟਰ ਪੇਂਡੂ ਸੜਕਾਂ ਬਣਾਈਆਂ ਗਈਆਂ, 1.5 ਕਰੋੜ ਤੋਂ ਵੱਧ ਘਰਾਂ 'ਚ ਬਿਜਲੀ ਪਹੁੰਚਾਈ ਗਈ ਤੇ 26 ਕਰੋੜ ਲੋਕਾਂ ਤੱਕ ਪਾਈਪਾਂ ਰਾਹੀਂ ਪਾਣੀ ਪਹੁੰਚਿਆ | ਮੋਦੀ ਨੇ ਕਿਹਾ ਕਿ ਪੂਰੀ ਦੁਨੀਆ ਭਾਰਤ ਦੀ ਵਿਕਾਸ ਯਾਤਰਾ ਨੂੰ ਸਵੀਕਾਰ ਕਰ ਰਹੀ ਹੈ | ਮੇਰੀ ਹਾਲੀਆ ਵਿਦੇਸ਼ ਯਾਤਰਾ ਦੌਰਾਨ ਕਈ ਵਿਸ਼ਵ ਨੇਤਾਵਾਂ ਨੇ ਭਾਰਤ ਦੀ ਤਰੱਕੀ ਦੀ ਪ੍ਰਸ਼ੰਸਾ ਕੀਤੀ |

ਪਿਛਲੀ ਖ਼ਬਰ ਸਿਸੋਦੀਆ ਕੋਲੋਂ 3 ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਅਗਲੀ ਖ਼ਬਰ ਆਪ੍ਰੇਸ਼ਨ ਸਿੰਧੂ : ਈਰਾਨ ਤੋਂ 290 ਹੋਰ ਭਾਰਤੀ ਵਿਦਿਆਰਥੀ ਵਾਪਸ ਲਿਆਂਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।