ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)-ਦਿੱਲੀ 'ਚ ਕਲਾਸ ਰੂਮ ਨਿਰਮਾਣ ਸਬੰਧੀ ਕਥਿਤ ਘੁਟਾਲੇ ਨੂੰ ਲੈ ਕੇ ਦਿੱਲੀ ਦੀ ਸਿਆਸਤ ਹੋਰ ਭਖਣੀ ਸ਼ੁਰੂ ਹੋ ਗਈ ਹੈ | ਮਾਮਲੇ 'ਚ ਕਥਿਤ ਭਿ੍ਸ਼ਟਾਚਾਰ ਨੂੰ ਲੈ ਕੇ ਦਿੱਲੀ ਦੇ ਸਾਬਕਾ ਉਪ-ਮੁੱਖ ਮੰਤਰੀ ਤੇ ਸੀਨੀਅਰ 'ਆਪ' ਆਗੂ ਮਨੀਸ਼ ਸਿਸੋਦੀਆ ਅੱਜ ਭਿ੍ਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਸਾਹਮਣੇ ਪੇਸ਼ ਹੋਏ ਤੇ ਪੁੱਛਗਿੱਛ ਤੋਂ ਬਾਅਦ ਕਰੀਬ ਢਾਈ ਵਜੇ ਬਾਹਰ ਨਿਕਲੇ | ਏ. ਸੀ. ਬੀ ਵਲੋਂ 3 ਘੰਟੇ ਤੋਂ ਵੱਧ ਸਮਾਂ ਸਿਸੋਦੀਆ ਕੋਲੋਂ ਪੁੱਛਗਿੱਛ ਕੀਤੀ ਗਈ | ਏ.ਸੀ.ਬੀ. ਦਫ਼ਤਰ ਜਾਣ ਤੋਂ ਪਹਿਲਾਂ ਉਨ੍ਹਾਂ ਭਾਜਪਾ 'ਤੇ ਦੋਸ਼ ਲਾਇਆ ਕਿ ਭਾਜਪਾ ਸਿਆਸੀ ਬਦਲੇ ਦੀ ਭਾਵਨਾ ਨਾਲ ਪ੍ਰੇਰਿਤ ਹੋ ਕੇ ਸੁਤੰਤਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ | ਭਾਜਪਾ ਆਗੂ ਤੇ ਦਿੱਲੀ ਦੇ ਕੈਬਨਿਟ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ ਕਿ ਦਿੱਲੀ 'ਚ ਸਰਕਾਰੀ ਸਕੂਲਾਂ 'ਚ ਕਲਾਸ ਰੂਮਾਂ ਦੀ ਉਸਾਰੀ 'ਚ ਘੁਟਾਲ਼ਾ ਹੋਇਆ ਹੈ ਤੇ ਠੇਕੇਦਾਰਾਂ ਨੂੰ ਦੁੱਗਣੀ ਤੇ ਤਿੰਨ ਗੁਣਾ ਕੀਮਤ ਦਿੱਤੀ ਗਈ ਹੈ ¢ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਪ੍ਰਵੇਸ਼ ਵਰਮਾ ਦੇ ਬਿਆਨ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਰਾਜਨੀਤਕ ਸਾਜਿਸ਼ ਕਰਾਰ ਦਿੱਤਾ ¢ ਆਤਿਸ਼ੀ ਨੇ ਕਿਹਾ ਕਿ ਇਹ ਕਲਾਸ-ਰੂਮ ਘੁਟਾਲ਼ਾ ਮਾਮਲਾ ਝੂਠੇ ਦੋਸ਼ਾਂ ਦੀ ਇਕ ਹੋਰ ਲੜੀ ਹੈ | ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ 'ਆਪ' ਆਗੂਆਂ ਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਪਏਗਾ | ਉਨ੍ਹਾਂ ਕਿਹਾ ਕਿ ਛੇਤੀ ਹੀ ਇਨ੍ਹਾਂ ਸਾਰਿਆਂ ਨੂੰ ਅਦਾਲਤ 'ਚ ਪੇਸ਼ ਹੋਣਾ ਪਏਗਾ | ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਵੀ ਪੰਜਾਬ ਤੋਂ ਦਿੱਲੀ ਪਰਤਣਾ ਪਏਗਾ, ਹੁਣ ਕੋਈ ਕਿਧਰੇ ਨਹੀਂ ਭੱਜ ਸਕਦਾ |