18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਈਰਾਨ ਵਲੋਂ ਇਜ਼ਰਾਈਲ 'ਤੇ ਕਲੱਸਟਰ ਬੰਬਾਂ ਨਾਲ ਹਮਲਾ

ਅਜੀਤ ਡੈਸਕ 21-06-2025

• ਜੰਗ 8ਵੇਂ ਦਿਨ 'ਚ ਦਾਖ਼ਲ • ਹੁਣ ਤੱਕ 657 ਈਰਾਨੀ ਹਲਾਕ
ਦੁਬਈ, 20 ਜੂਨ (ਏਜੰਸੀ)-ਇਜ਼ਰਾਈਲ ਨੇ ਈਰਾਨ 'ਤੇ ਕਲੱਸਟਰ ਬੰਬ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ | ਇਜ਼ਰਾਈਲ ਅਨੁਸਾਰ ਇਹ ਪਹਿਲਾ ਮੌਕਾ ਹੈ, ਜਦੋਂ ਈਰਾਨ ਨੇ ਹਫ਼ਤੇ ਭਰ ਚੱਲੇ ਸੰਘਰਸ਼ 'ਚ ਕਲੱਸਟਰ ਬੰਬਾਂ ਦੀ ਵਰਤੋਂ ਕੀਤੀ ਹੈ | ਇਜ਼ਰਾਈਲ ਰੱਖਿਆ ਬਲਾਂ ਤੇ ਵਾਸ਼ਿੰਗਟਨ 'ਚ ਇਜ਼ਰਾਈਲੀ ਦੂਤਘਰ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਕਲੱਸਟਰ ਬੰਬਾਂ ਦੀ ਇਕ ਹਥਿਆਰ ਵਜੋਂ ਵਰਤੋਂ ਦੀ ਵਿਆਪਕ ਤੌਰ 'ਤੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਆਲੋਚਨਾ ਕੀਤੀ ਜਾਂਦੀ ਹੈ | ਇਸ ਦੀ ਵਰਤੋਂ ਆਬਾਦੀ ਵਾਲੇ ਖੇਤਰਾਂ ਲਈ ਇਕ ਗੰਭੀਰ ਖ਼ਤਰਾ ਪੈਦਾ ਕਰਦੀ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ | ਇਜ਼ਰਾਈਲੀ ਫੌਜ ਤੇ ਵਾਸ਼ਿੰਗਟਨ 'ਚ ਇਸ ਦੇ ਦੂਤਘਰ ਨੇ ਪੁਸ਼ਟੀ ਕੀਤੀ ਕਿ ਈਰਾਨ ਨੇ ਕੇਂਦਰੀ ਇਜ਼ਰਾਈਲ 'ਚ ਕਲੱਸਟਰ ਸਬਮੂਨਾਂ (ਮਿਊਨਿਸ਼ਨ) ਵਾਲੀ ਇਕ ਮਿਜ਼ਾਈਲ ਦਾਗੀ | ਅੱਜ ਈਰਾਨੀ ਹਥਿਆਰਬੰਦ ਬਲਾਂ ਨੇ ਇਜ਼ਰਾਈਲ ਦੇ ਇਕ ਸੰਘਣੀ ਆਬਾਦੀ ਵਾਲੇ ਨਾਗਰਿਕ ਖੇਤਰ 'ਤੇ ਇਕ ਮਿਜ਼ਾਈਲ ਦਾਗੀ, ਜਿਸ 'ਚ ਕਲੱਸਟਰ ਸਬਮੂਨਾਂ (ਮਿਊਨਿਸ਼ਨ) ਸਨ | ਪਿਛਲੇ 7 ਦਿਨਾਂ ਤੋਂ ਜਾਰੀ ਲੜਾਈ 'ਚ ਹੁਣ ਤੱਕ ਇਜ਼ਰਾਈਲ ਦੇ 24 ਲੋਕ ਮਾਰੇ ਜਾ ਚੁੱਕੇ ਹਨ ਜਦਕਿ 600 ਤੋਂ ਵੱਧ ਲੋਕ ਜ਼ਖਮੀ ਹੋਏ ਹਨ | ਇਸ ਦੇ ਨਾਲ ਹੀ ਵਾਸ਼ਿੰਗਟਨ ਸਥਿਤ ਇਕ ਮਨੁੱਖੀ ਅਧਿਕਾਰ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ 'ਚ ਮਰਨ ਵਾਲਿਆਂ ਦੀ ਗਿਣਤੀ ਹੁਣ 657 ਤੱਕ ਪਹੁੰਚ ਗਈ ਹੈ ਤੇ 2037 ਲੋਕ ਜ਼ਖਮੀ ਹਨ | ਈਰਾਨ ਨੇ ਸ਼ੁੱਕਰਵਾਰ ਸਵੇਰੇ ਇਜ਼ਰਾਈਲ ਦੇ ਬੇਅਰਸ਼ੇਬਾ ਸ਼ਹਿਰ 'ਤੇ ਬੈਲਿਸਟਿਕ ਮਿਜ਼ਾਈਲ ਹਮਲਾ ਕੀਤਾ | ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਅਨੁਸਾਰ ਮਿਜ਼ਾਈਲ ਮਾਈਕ੍ਰੋਸਾਫਟ ਦਫਤਰ ਨੇੜੇ ਡਿੱਗੀ | ਇਸ ਕਾਰਨ ਕਈ ਕਾਰਾਂ ਨੂੰ ਅੱਗ ਲੱਗ ਗਈ | ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ | ਇਸ 'ਚ 6 ਲੋਕ ਜ਼ਖਮੀ ਹੋਏ ਹਨ | ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਬੇਅਰਸ਼ੇਬਾ ਸ਼ਹਿਰ ਮਿਜ਼ਾਈਲਾਂ ਨਾਲ ਦਹਿਲਿਆ ਹੈ | ਇਸ ਤੋਂ ਪਹਿਲਾਂ ਵੀਰਵਾਰ ਨੂੰ ਈਰਾਨ ਨੇ ਬੇਅਰਸ਼ੇਬਾ ਦੇ ਇਕ ਹਸਪਤਾਲ 'ਤੇ ਮਿਜ਼ਾਈਲ ਦਾਗੀ, ਜਿਸ 'ਚ 50 ਤੋਂ ਵੱਧ ਲੋਕ ਜ਼ਖਮੀ ਹੋ ਗਏ | ਈਰਾਨ ਦੇ ਸ਼ੁੱਕਰਵਾਰ ਸਵੇਰੇ ਮਿਜ਼ਾਈਲ ਹਮਲੇ ਤੋਂ ਬਾਅਦ ਬੇਅਰਸ਼ੇਬਾ ਸ਼ਹਿਰ ਦੀ ਪਾਰਕਿੰਗ 'ਚ ਖੜ੍ਹੀਆਂ ਕਈ ਕਾਰਾਂ ਨੂੰ ਅੱਗ ਲੱਗ ਗਈ |
ਕਲੱਸਟਰ ਬੰਬ ਕੀ ਹੈ?
ਕਲੱਸਟਰ ਬੰਬ ਅਸਲ 'ਚ ਸੈਂਕੜੇ ਛੋਟੇ ਬੰਬਾਂ ਦਾ ਸੰਗ੍ਰਹਿ ਹੁੰਦਾ ਹੈ | ਜਦੋਂ ਇਹ ਬੰਬ ਵਿਸਫੋਟ ਕੀਤੇ ਜਾਂਦੇ ਹਨ ਤਾਂ ਇਹ ਵਿਚਕਾਰੋਂ ਫਟ ਜਾਂਦੇ ਹਨ ਤੇ ਇਕ ਵੱਡੇ ਖੇਤਰ ਨੂੰ ਨੁਕਸਾਨ ਪਹੁੰਚਾਉਂਦੇ ਹਨ | ਇਹ ਨਿਸ਼ਾਨੇ ਦੇ ਆਲੇ-ਦੁਆਲੇ ਭਾਰੀ ਨੁਕਸਾਨ ਵੀ ਪਹੁੰਚਾਉਂਦਾ ਹੈ | ਇਹ ਜ਼ਿਆਦਾਤਰ ਪੈਦਲ ਫੌਜ ਦੀਆਂ ਇਕਾਈਆਂ ਜਾਂ ਦੁਸ਼ਮਣ ਫੌਜ ਦੇ ਗਠਨ ਨੂੰ ਨੁਕਸਾਨ ਪਹੁੰਚਾਉਣ ਲਈ ਵਰਤਿਆ ਜਾਂਦਾ ਹੈ |

ਪਿਛਲੀ ਖ਼ਬਰ ਭਾਰਤ ਅੱਜ 191 ਦੇਸ਼ਾਂ 'ਚ ਕਰਵਾਏਗਾ ਯੋਗ ਦਿਵਸ ਸਮਾਗਮ ਅਗਲੀ ਖ਼ਬਰ ਸਿਸੋਦੀਆ ਕੋਲੋਂ 3 ਘੰਟੇ ਤੋਂ ਵੱਧ ਸਮਾਂ ਪੁੱਛਗਿੱਛ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।