ਬੈਂਗਲੁਰੂ, 20 ਜੂਨ (ਅਜੀਤ ਬਿਊਰੋ)-ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੋਲੰਬੀਆ ਦੀ ਰਾਜਧਾਨੀ ਬੋਗੋਟਾ 'ਚ ਉਥੋਂ ਦੀ ਸੰਸਦ ਨੂੰ ਸੰਬੋਧਨ ਕੀਤਾ | ਇਹ ਉਹੀ ਸ਼ਹਿਰ ਹੈ ਜਿੱਥੇ 10 ਸਾਲ ਪਹਿਲਾਂ ਉਨ੍ਹਾਂ ਨੇ ਸ਼ਾਂਤੀ ਲਈ ਮਨੁੱਖਤਾ ਅਧਾਰਿਤ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਕੋਲੰਬੀਆ ਸਰਕਾਰ ਅਤੇ ਬਾਗ਼ੀ ਸੰਸਥਾ ਐਫ.ਏ.ਆਰ.ਸੀ. (ਫਾਰਕ) ਵਿਚਕਾਰ ਇਕ ਇਤਿਹਾਸਕ ਸ਼ਾਂਤੀ ਸਮਝੌਤਾ ਹੋਇਆ, ਜਿਸ ਕਾਰਨ ਪਿਛਲੇ 50 ਸਾਲਾਂ ਤੋਂ ਚੱਲ ਰਹੀ ਹਿੰਸਾ ਖ਼ਤਮ ਹੋਈ | ਇਸ ਸਾਲ ਸ਼੍ਰੀ ਸ਼੍ਰੀ ਰਵੀਸ਼ੰਕਰ ਦੁਬਾਰਾ ਕੋਲੰਬੀਆ ਗਏ ਤੇ ਲੋਕਾਂ ਨੂੰ ਆਤਮ-ਚਿੰਤਨ, ਅਧਿਆਤਮਿਕਤਾ ਤੇ ਗਿਆਨ ਨਾਲ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ | ਉਨ੍ਹਾਂ ਨੇ ਆਗੂਆਂ ਨੂੰ ਕਿਹਾ ਕਿ ਇਕ ਅਜਿਹਾ ਸੁਪਨਾ ਦੇਖੋ ਜਿੱਥੇ ਦੁਨੀਆ ਦੁੱਖਾਂ ਤੋਂ ਮੁਕਤ ਹੋਵੇ, ਜਿੱਥੇ ਪਿਆਰ, ਖੁਸ਼ੀ ਅਤੇ ਸ਼ਾਂਤੀ ਹੋਵੇ | ਉਨ੍ਹਾਂ ਕਿਹਾ ਅੱਜ ਦੀ ਦੁਨੀਆ 'ਚ ਲੋਕ ਪਹਿਲਾਂ ਨਾਲੋਂ ਕਾਫੀ ਵੱਧ ਇਕੱਲਾਪਨ ਮਹਿਸੂਸ ਕਰ ਰਹੇ ਹਨ | ਸਾਨੂੰ ਅਜਿਹਾ ਮਾਹੌਲ ਬਣਾਉਣਾ ਹੋਵੇਗਾ ਜਿੱਥੇ ਲੋਕ ਆਪਣੇਪਨ ਦਾ ਅਹਿਸਾਸ ਕਰ ਸਕਣ, ਤੇ ਇਹੀ ਕੰਮ 'ਆਰਟ ਆਫ਼ ਲਿਵਿੰਗ' ਕਰਦਾ ਹੈ | ਉਨ੍ਹਾਂ ਦੀ 'ਕੋਲੰਬੀਆ ਬ੍ਰੀਦਸ' ਯਾਤਰਾ 18 ਤੋਂ 23 ਜੂਨ ਤੱਕ 3 ਸ਼ਹਿਰਾਂ 'ਚ ਹੋਵੇਗੀ | ਜ਼ਿਕਰਯੋਗ ਹੈ ਕਿ ਭਾਰਤ ਤੇ 180 ਦੇਸ਼ਾਂ 'ਚ 'ਆਰਟ ਆਫ਼ ਲਿਵਿੰਗ' ਸੰਸਥਾ 'ਆਯੁਸ਼ ਮੰਤਰਾਲਾ' ਨਾਲ ਮਿਲ ਕੇ ਯੋਗ ਦਿਵਸ ਦੇ ਵੱਡੇ ਪ੍ਰੋਗਰਾਮ ਕਰ ਰਹੀ ਹੈ | ਜਿਨ੍ਹਾਂ 'ਚ ਪੁਣੇ 'ਚ ਗਿਨੀਜ਼ ਵਰਲਡ ਰਿਕਾਰਡ ਦੀ ਕੋਸ਼ਿਸ਼ ਕਰਦੇ ਹੋਏ ਹਜ਼ਾਰਾਂ ਲੋਕ ਇਕੱਠੇ ਇਕ ਮਿੰਟ ਲਈ 'ਭੁਜੰਗਾਸਨ' ਕਰਨਗੇ | ਇਸੇ ਤਰ੍ਹਾਂ ਉਦੇਪੁਰ, ਜੋਧਪੁਰ, ਹਿਮਾਚਲ ਪ੍ਰਦੇਸ਼ ਵਿਖੇ ਵੱਖ-ਵੱਖ ਥਾਵਾਂ 'ਤੇ ਯੋਗ ਦੇ ਵਿਸ਼ੇਸ਼ ਸਮਾਰੋਹ ਕਰਵਾਏ ਜਾਣਗੇ |
ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਕੋਲੰਬੀਆ ਦੀ ਸੰਸਦ ਨੂੰ ਕੀਤਾ ਸੰਬੋਧਨ <br/>
ਅਜੀਤ ਡੈਸਕ
21-06-2025