ਤਹਿਰਾਨ, 21 ਜੂਨ (ਏਜੰਸੀ)-ਈਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਅਡਿਗ ਰਹਿਣ ਦੀ ਗੱਲ ਕਹੀ ਹੈ | ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਿਸੇ ਵੀ ਸਥਿਤੀ 'ਚ ਪ੍ਰਮਾਣੂ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਨਹੀਂ ਕਰੇਗਾ | ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਉਕਤ ਪ੍ਰਗਟਾਵਾ ਕਰਦਿਆਂ ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਈਰਾਨ ਸ਼ਾਂਤੀਪੂਰਨ ਪ੍ਰਮਾਣੂ ਗਤੀਵਿਧੀਆਂ ਦੇ ਖੇਤਰ 'ਚ ਵਿਸ਼ਵਾਸ ਬਣਾਉਣ ਲਈ ਚਰਚਾ ਅਤੇ ਸਹਿਯੋਗ 'ਤੇ ਤਿਆਰ ਹੈ ਪਰ ਪ੍ਰਮਾਣੂ ਗਤੀਵਿਧੀਆਂ ਨੂੰ ਸਿਫਰ ਤੱਕ ਬੰਦ ਕਰਨ ਲਈ ਸਹਿਮਤ ਨਹੀਂ ਹੈ | ਦੂਜੇ ਪਾਸੇ, ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ (86) ਨੇ ਆਪਣੀ ਹੱਤਿਆ ਦੇ ਡਰ ਤੋਂ ਆਪਣੇ ਉੱਤਰਾਧਿਕਾਰੀਆਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਉਨ੍ਹਾਂ ਤਿੰਨ ਸੀਨੀਅਰ ਮੌਲਵੀਆਂ ਨੂੰ ਸੁਪਰੀਮ ਲੀਡਰ ਵਜੋਂ ਅਹੁਦਾ ਸੰਭਾਲਣ ਲਈ ਉਮੀਦਵਾਰਾਂ ਵਜੋਂ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਖਾਮੇਨੇਈ ਨੇ ਆਪਣੇ ਕਮਾਂਡਰਾਂ ਨਾਲ ਗੱਲ ਕਰਨ ਲਈ ਇਲੈਕਟ੍ਰਾਨਿਕ ਸੰਚਾਰ ਦੀ ਵਰਤੋਂ ਬੰਦ ਕਰ ਦਿੱਤੀ ਹੈ ਅਤੇ ਉਨ੍ਹਾਂ ਵਲੋਂ ਸੁਨੇਹੇ ਭਰੋਸੇਮੰਦ ਸਹਾਇਕਾਂ ਦੁਆਰਾ ਭੇਜੇ ਜਾ ਰਹੇ ਹਨ |