ਧੂਰੀ, 22 ਨਵੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ, ਸੁਖਵੰਤ ਸਿੰਘ ਭੁੱਲਰ)-ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਦੁਹਰਾਇਆ ਕਿ ਸੂਬਾ ਸਰਕਾਰ ਨਸ਼ਿਆਂ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਖੇਡਾਂ ਨੂੰ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਵਜੋਂ ਵਰਤ ਰਹੀ ਹੈ। ਨੌਜਵਾਨਾਂ ਨੂੰ ਸਹੀ ਦਿਸ਼ਾ, ਵਿਸ਼ਵ ਪੱਧਰੀ ਸਹੂਲਤਾਂ ਤੇ ਅੱਗੇ ਵਧਣ ਦੇ ਮੌਕੇ ਦੇ ਕੇ ਇਹ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਧੂਰੀ ’ਚ ਆਧੁਨਿਕ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਅਤੇ ਜਹਾਂਗੀਰ-ਕਾਹੇਰੂ ਵਿਖੇ ਅਤਿ-ਆਧੁਨਿਕ ਹਾਕੀ ਐਸਟ੍ਰੋ-ਟਰਫ਼ ਲੋਕਾਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ 10 ਏਕੜ ’ਚ 39.20 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਇਹ ਸਪੋਰਟਸ ਕੰਪਲੈਕਸ ਸੂਬਾ ਸਰਕਾਰ ਦੇ ਜ਼ਮੀਨੀ ਪੱਧਰ ’ਤੇ ਖੇਡ ਸਹੂਲਤਾਂ ਮਜ਼ਬੂਤ ਕਰਨ ਦੇ ਵੱਡੇ ਉਪਰਾਲੇ ਦਾ ਹਿੱਸਾ ਹੈ। ਰਿਕਾਰਡ 1,744 ਕਰੋੜ ਰੁਪਏ ਦੇ ਖੇਡ ਬਜਟ, ਪੰਜਾਬ ਭਰ ’ਚ ਵਿਕਸਿਤ ਕੀਤੇ ਜਾ ਰਹੇ 3,100 ਖੇਡ ਮੈਦਾਨਾਂ, ਓਲੰਪਿਕ ਤਗ਼ਮਾ ਜੇਤੂਆਂ ਨੂੰ 1 ਕਰੋੜ ਤੋਂ 3 ਕਰੋੜ ਰੁਪਏ ਤੱਕ ਦੇ ਨਕਦ ਇਨਾਮਾਂ ਤੇ ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਨਾਲ ਸਰਕਾਰ ਪੰਜਾਬ ਦੇ ਖਿਡਾਰੀਆਂ ਲਈ ਮੌਕੇ ਵਧਾ ਰਹੀ ਹੈ ਅਤੇ ਸੂਬੇ ਦੀ ਅਮੀਰ ਖੇਡ ਹਾਕੀ ਨੂੰ ਮੁੜ ਪ੍ਰਫੁੱਲਿਤ ਕਰ ਰਹੀ ਹੈ। ਜਹਾਂਗੀਰ-ਕਹੇਰੂ ਅਤੇ ਆਲ਼ੇ-ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੂੰ ਇਸ ਇਤਿਹਾਸਕ ਮੌਕੇ ’ਤੇ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਧੁਨਿਕ ਹਾਕੀ ਐਸਟ੍ਰੋ-ਟਰਫ਼ ਸਹੂਲਤ ਇਸ ਇਲਾਕੇ ਦੇ ਖੇਡ ਢਾਂਚੇ ’ਚ ਵੱਡਾ ਵਾਧਾ ਹੈ। ਉਨ੍ਹਾਂ ਕਿਹਾ ਕਿ 94 x 56 ਮੀਟਰ ਦਾ ਐਸਟ੍ਰੋ-ਟਰਫ਼ ਮੈਦਾਨ ਪਵੇਲੀਅਨ ਸਮੇਤ 8 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਪੋਰਟਸ ਕੰਪਲੈਕਸ 10 ਏਕੜ ’ਚ 39.20 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਕੀ ਮੈਦਾਨ ਪੂਰਾ ਹੋ ਗਿਆ ਹੈ ਅਤੇ ਕੰਪਲੈਕਸ ’ਚ ਇਕ ਹੀ ਛੱਤ ਹੇਠਾਂ ਕਈ ਖੇਡਾਂ ਦੀਆਂ ਸਹੂਲਤਾਂ ਮਿਲਣਗੀਆਂ, ਜਿਨ੍ਹਾਂ ’ਚ ਬੈਡਮਿੰਟਨ, ਬਾਸਕਿਟਬਾਲ, ਵਾਲੀਬਾਲ, ਕੁਸ਼ਤੀ, ਜੂਡੋ, ਜਿਮਨਾਸਟਿਕ, ਹੈਂਡਬਾਲ, ਨੈੱਟਬਾਲ ਅਤੇ ਸਕਵੈਸ਼ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ 9 ਕਰੋੜ ਰੁਪਏ ਦੀ ਲਾਗਤ ਨਾਲ ਬਹੁ-ਮੰਤਵੀ ਇਨਡੋਰ ਸਪੋਰਟਸ ਹਾਲ ਬਣਾਇਆ ਜਾ ਰਿਹਾ ਹੈ ਅਤੇ ਇਹ 31 ਮਾਰਚ 2027 ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ 5 ਕਰੋੜ ਰੁਪਏ ਦੀ ਲਾਗਤ ਨਾਲ ਤੈਰਾਕੀ ਤਲਾਅ ਅਤੇ ਪਵੇਲੀਅਨ ਦਾ ਨਿਰਮਾਣ ਵੀ 30 ਜੂਨ ਤੱਕ ਪੂਰਾ ਹੋ ਜਾਵੇਗਾ। ਮੁੱਖ ਮੰਤਰੀ ਨੇ ਦੇਸ਼ ਭਗਤ ਕਾਲਜ, ਬਰਡਵਾਲ, ਧੂਰੀ ਵਿਖੇ 12 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ 400 ਮੀਟਰ ਦੇ ਸਿੰਥੈਟਿਕ ਅਥਲੈਟਿਕ ਟਰੈਕ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਇਹ ਟਰੈਕ 31 ਦਸੰਬਰ ਤੱਕ ਤਿਆਰ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਦੇ 11 ’ਚੋਂ 9 ਖਿਡਾਰੀ ਪੰਜਾਬ ਦੇ ਹਨ, ਜੋ ਸੂਬੇ ਦੇ ਡੂੰਘੇ ਜਨੂੰਨ ਅਤੇ ਅਮੀਰ ਵਿਰਾਸਤ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ’ਚ ਖ਼ਾਸ ਕਰਕੇ ਹਾਕੀ ਦੀ ਮਜ਼ਬੂਤ ਪਰੰਪਰਾ ਹੈ। ਪੰਜਾਬ ਵਲੋਂ ਹਾਲ ਹੀ ’ਚ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਨੇ ਖਿਡਾਰੀਆਂ ਨੂੰ ਘਰੇਲੂ ਦਰਸ਼ਕਾਂ ਸਾਹਮਣੇ ਖੇਡਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਅਤੇ ਪੈਰਾ-ਓਲੰਪਿਕ ਖੇਡਾਂ ’ਚ ਸੋਨ ਤਗਮਾ ਜਿੱਤਣ ਵਾਲੇ ਖਿਡਾਰੀਆਂ ਲਈ 3 ਕਰੋੜ ਰੁਪਏ, ਚਾਂਦੀ ਤਗਮਾ ਜਿੱਤਣ ਵਾਲੇ ਖਿਡਾਰੀਆਂ ਲਈ 2 ਕਰੋੜ ਰੁਪਏ ਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਲਈ 1 ਕਰੋੜ ਰੁਪਏ ਦਾ ਇਨਾਮ ਰੱਖਿਆ ਗਿਆ ਹੈ ਤੇ ਪੰਜਾਬ ਦੇ ਇਤਿਹਾਸ ’ਚ ਪਹਿਲੀ ਵਾਰ ਖੇਡਾਂ ਲਈ ਵਿਸ਼ੇਸ਼ ਤੌਰ ’ਤੇ 1,744 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਤੇ 2022 ਤੋਂ ਹੁਣ ਤੱਕ 40,415 ਖਿਡਾਰੀਆਂ ’ਚ 135 ਕਰੋੜ ਰੁਪਏ ਦੇ ਨਕਦ ਇਨਾਮ ਵੰਡੇ ਗਏ ਹਨ। ਨਵੀਂ ਖੇਡ ਨੀਤੀ ਤਹਿਤ-ਓਲੰਪਿਕ ਖੇਡਾਂ ਦੀ ਤਿਆਰੀ ਲਈ 15 ਲੱਖ ਰੁਪਏ, ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਲਈ 8 ਲੱਖ ਰੁਪਏ ਰੱਖੇ ਗਏ ਹਨ ਤੇ ਹੁਣ ਤੱਕ ਖਿਡਾਰੀਆਂ ਨੂੰ ਵੱਡੇ ਖੇਡ ਮੁਕਾਬਲਿਆਂ ਦੀ ਤਿਆਰੀ ਲਈ ਸਹਾਇਤਾ ਵਜੋਂ 15 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੈਰਿਸ ਓਲੰਪਿਕ ’ਚ ਹਿੱਸਾ ਲੈਣ ਵਾਲੇ 20 ਪੰਜਾਬੀ ਖਿਡਾਰੀਆਂ ’ਚ 9.80 ਕਰੋੜ ਰੁਪਏ ਦੇ ਨਕਦ ਇਨਾਮ ਵੰਡੇ ਗਏ ਤੇ ਕਾਂਸੀ ਤਮਗ਼ਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ 8 ਪੰਜਾਬੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਿੱਤੇ ਗਏ। ਨਾਲ ਹੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ 11 ਖਿਡਾਰੀਆਂ ਨੂੰ ਪੀ.ਸੀ.ਐੱਸ. / ਡੀ.ਐੱਸ.ਪੀ. ਦੀਆਂ ਅਸਾਮੀਆਂ ’ਤੇ ਨਿਯੁਕਤ ਕੀਤਾ ਗਿਆ। ਪੰਜਾਬ ਦੇ ਖਿਡਾਰੀਆਂ ਨੇ 2023 ਦੀਆਂ ਏਸ਼ੀਅਨ ਖੇਡਾਂ ਵਿੱਚ 20 ਤਮਗੇ ਜਿੱਤੇ। 33 ਤਮਗ਼ਾ ਜੇਤੂ ਖਿਡਾਰੀਆਂ ਵਿੱਚ 30 ਕਰੋੜ ਰੁਪਏ ਦੇ ਨਕਦ ਇਨਾਮ ਵੰਡੇ ਗਏ। 85 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੱਧਰ ਦੇ ਤਗਮਾ ਜੇਤੂ ਖਿਡਾਰੀਆਂ ’ਚੋਂ 2 ਕੋਚ ਅਤੇ 42 ਜੂਨੀਅਰ ਕੋਚ ਭਰਤੀ ਕੀਤੇ ਗਏ।
ਪੰਜਾਬ ਖੇਡਾਂ ਦਾ ਹੱਬ ਬਣ ਰਿਹਾ ਹੈ-ਮੁੱਖ ਮੰਤਰੀ
ਧੂਰੀ, 22 ਨਵੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ, ਸੁਖਵੰਤ ਸਿੰਘ ਭੁੱਲਰ)-ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਦੁਹਰਾਇਆ ਕਿ ਸੂਬਾ ਸਰਕਾਰ ਨਸ਼ਿਆਂ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਖੇਡਾਂ ਨੂੰ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਵਜੋਂ ਵਰਤ ਰਹੀ ਹੈ। ਨੌਜਵਾਨਾਂ ਨੂੰ ਸਹੀ ਦਿਸ਼ਾ, ਵਿਸ਼ਵ ਪੱਧਰੀ ਸਹੂਲਤਾਂ ਤੇ ਅੱਗੇ ਵਧਣ ਦੇ ਮੌਕੇ ਦੇ ਕੇ ਇਹ ਕੰਮ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਧੂਰੀ ’ਚ ਆਧੁਨਿਕ ਸਪੋਰਟਸ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਅਤੇ ਜਹਾਂਗੀਰ-ਕਾਹੇਰੂ ਵਿਖੇ ਅਤਿ-ਆਧੁਨਿਕ ਹਾਕੀ ਐਸਟ੍ਰੋ-ਟਰਫ਼ ਲੋਕਾਂ ਨੂੰ...
ਅਜੀਤ ਡੈਸਕ
23-11-2026