ਯੂਰਪ ਦੇ ਤਿੰਨ ਵੱਡੇ ਹਵਾਈ ਅੱਡਿਆਂ 'ਤੇ ਸਾਈਬਰ ਹਮਲਾ
ਅਜੀਤ ਡੈਸਕ
21-09-2025
ਬਰੱਸਲਜ਼, 20 ਸਤੰਬਰ (ਏਜੰਸੀ)-ਯੂਰਪ ਦੇ ਤਿੰਨ ਵੱਡੇ ਹਵਾਈ ਅੱਡਿਆਂ ਲੰਡਨ ਦਾ ਹੀਥਰੋ ਹਵਾਈ ਅੱਡਾ, ਜਰਮਨੀ ਦਾ ਬਰਲਿਨ ਤੇ ਬੈਲਜੀਅਮ ਦੇ ਬਰੱਸਲਜ਼ ਹਵਾਈ ਅੱਡੇ 'ਤੇ ਸਾਈਬਰ ਹਮਲਾ ਹੋਇਆ ਹੈ | ਸਾਈਬਰ ਹਮਲੇ ਦੇ ਚਲਦਿਆਂ ਸਨਿਚਰਵਾਰ ਨੂੰ ਇਨ੍ਹਾਂ ਹਵਾਈ ਅੱਡਿਆਂ 'ਤੇ ਚੈੱਕ-ਇਨ ਤੇ ਬੋਰਡਿੰਗ ਸਿਸਟਮ ਠੱਪ ਹੋ ਗਏ | ਇਸ ਦੀ ਵਜ੍ਹਾ ਨਾਲ ਕਈ ਉਡਾਣਾਂ 'ਚ ਦੇਰੀ ਹੋਈ ਤੇ ਕਈਆਂ ਨੂੰ ਰੱਦ ਕਰਨਾ ਪਿਆ | ਚੈੱਕ-ਇਨ ਤੇ ਬੋਰਡਿੰਗ ਸਿਸਟਮ ਠੱਪ ਹੋਣ ਨਾਲ ਯਾਤਰੀਆਂ ਨੂੰ ਮੈਨੂਅਲ ਤਰੀਕੇ ਨਾਲ ਚੈੱਕ-ਇਨ ਕਰਨਾ ਪੈ ਰਿਹਾ ਹੈ | ਇਸ ਦੀ ਵਜ੍ਹਾ ਨਾਲ ਉਡਾਣ ਸ਼ਡਿਊਲ 'ਤੇ ਅਸਰ ਪਿਆ ਹੈ | ਸਨਿਚਰਵਾਰ ਦੁਪਹਿਰ ਤੱਕ ਹੀਥਰੋ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ 140 ਤੋਂ ਜ਼ਿਆਦਾ ਉਡਾਣਾਂ 'ਚ ਦੇਰੀ ਹੋਈ | ਬਰੱਸਲਜ਼ 'ਚ 100 ਤੋਂ ਵੱਧ ਅਤੇ ਬਰਲਿਨ 'ਚ 60 ਤੋਂ ਵੱਧ ਉਡਾਣਾਂ 'ਤੇ ਇਸ ਦਾ ਅਸਰ ਪਿਆ | ਬਰੱਸਲਜ਼ ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਚੈੱਕ-ਇਨ ਤੇ ਬੋਰਡਿੰਗ ਸਿਸਟਮ ਨਾਲ ਜੁੜੀ ਸਰਵਿਸ ਪ੍ਰਵਾਈਡਰ ਕੰਪਨੀ 'ਤੇ ਸਾਈਬਰ ਹਮਲਾ ਹੋਇਆ | ਹੈਕਰਾਂ ਨੇ ਕਾਲਿਨਸ ਏਅਰੋਸਪੇਸ ਕੰਪਨੀ ਦੇ ਸਿਸਟਮ ਨੂੰ ਨਿਸ਼ਾਨਾ ਬਣਾਇਆ | ਕਾਲਿਨਸ ਏਅਰੋਸਪੇਸ ਦੀ ਪੇਰੈਂਟ ਕੰਪਨੀ ਆਰ.ਟੀ.ਐਕਸ. ਨੇ ਕਿਹਾ ਕਿ ਉਹ ਸਮੱਸਿਆ ਨੂੰ ਜਲਦ ਠੀਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਅਮਰੀਕਾ ਦੇ ਡਲਾਸ 'ਚ ਵੀ ਦੋ ਹਵਾਈ ਅੱਡਿਆਂ 'ਤੇ ਸ਼ੁੱਕਰਵਾਰ ਨੂੰ 1800 ਤੋਂ ਜ਼ਿਆਦਾ ਉਡਾਣਾਂ 'ਚ ਦੇਰੀ ਹੋਈ | ਇਨ੍ਹਾਂ ਹਵਾਈ ਅੱਡਿਆਂ 'ਤੇ ਟੈਲੀਕਾਮ ਸਿਸਟਮ 'ਚ ਖਰਾਬੀ ਆਈ ਦੱਸੀ ਗਈ ਹੈ |