13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਮਜੀਠੀਆ ਦੀ ਨਿਆਇਕ ਹਿਰਾਸਤ 'ਚ 14 ਦਿਨਾਂ ਦਾ ਹੋਰ ਵਾਧਾ

ਅਜੀਤ ਡੈਸਕ 21-09-2025

ਵੀਡੀਓ ਕਾਨਫ਼ਰੰਸਿੰਗ ਜ਼ਰੀਏ ਅਦਾਲਤ 'ਚ ਕੀਤਾ ਪੇਸ਼
ਐੱਸ. ਏ. ਐੱਸ. ਨਗਰ, 20 ਸਤੰਬਰ (ਕਪਿਲ ਵਧਵਾ)-ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਪਿਛਲੀ ਨਿਆਇਕ ਹਿਰਾਸਤ ਦਾ ਸਮਾਂ ਸਮਾਪਤ ਹੋਣ 'ਤੇ ਅੱਜ ਉਨ੍ਹਾਂ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ | ਇਸ ਮੌਕੇ ਜੱਜ ਹਰਦੀਪ ਸਿੰਘ ਦੀ ਅਦਾਲਤ ਵਿਚ ਇਸਤਗਾਸਾ ਪੱਖ ਵਲੋਂ ਮਜੀਠੀਆ ਵਿਰੁੱਧ ਦਰਜ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਦਾਖ਼ਲ ਕੀਤੇ ਗਏ ਚਲਾਨ ਦੀ ਹਾਰਡ ਕਾਪੀ ਬਚਾਅ ਧਿਰ ਦੇ ਵਕੀਲਾਂ ਨੂੰ ਸੌਂਪ ਦਿੱਤੀ ਗਈ | ਦੱਸ ਦਈਏ ਕਿ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ 6 ਜੁਲਾਈ ਨੂੰ ਮਜੀਠੀਆ ਨੂੰ ਡਿਊਟੀ ਮੈਜਿਸਟ੍ਰੇਟ ਵਲੋਂ ਨਿਆਇਕ ਹਿਰਾਸਤ ਤਹਿਤ ਨਵੀਂ ਨਾਭਾ ਜ਼ਿਲ੍ਹਾ ਜੇਲ੍ਹ ਵਿਖੇ ਭੇਜ ਦਿੱਤਾ ਗਿਆ ਸੀ | ਹੁਣ ਤੱਕ ਮਜੀਠੀਆ ਨੂੰ ਜੇਲ੍ਹ ਵਿਚ ਨਜ਼ਰਬੰਦ ਹੋਏ ਨੂੰ ਕਰੀਬ 77 ਦਿਨ ਬੀਤ ਗਏ ਹਨ | ਇਸ ਦਰਮਿਆਨ ਪੰਜਾਬ ਵਿਜੀਲੈਂਸ ਬਿਊਰੋ ਨੇ ਮਜੀਠੀਆ ਵਿਰੁੱਧ ਚਲਾਨ ਦਾਖ਼ਲ ਕਰਨ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਕਤ ਮਾਮਲੇ ਦੀ ਜਾਂਚ ਨੂੰ ਜਾਰੀ ਰੱਖਦਿਆਂ ਮਜੀਠੀਆ ਨਾਲ ਸੰਬੰਧਿਤ ਰਿਸ਼ਤੇਦਾਰਾਂ ਜਿਵੇਂ ਕਿ ਉਨ੍ਹਾਂ ਦੀ ਪਤਨੀ ਗਨੀਵ ਕੌਰ ਅਤੇ ਗਨੀਵ ਕੌਰ ਦੇ ਭਰਾ ਗਜਪਤ ਸਿੰਘ ਨੂੰ ਵੀ ਪੇਸ਼ ਹੋਣ ਲਈ ਸੱਦਿਆ ਸੀ | ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਦਾਖ਼ਲ ਚਲਾਨ ਦੀ ਹਾਰਡ ਕਾਪੀ ਸੌਂਪ ਦਿੱਤੇ ਜਾਣ 'ਤੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਮਜੀਠੀਆ ਨੂੰ ਮੁੜ ਤੋਂ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਣ ਦੇ ਹੁਕਮ ਸੁਣਾਏ | ਮਜੀਠੀਆ ਵਿਰੁੱਧ ਭਿ੍ਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਚੱਲ ਰਹੇ ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਅਕਤੂਬਰ ਨੂੰ ਹੋਵੇਗੀ | ਇਸ ਤੋਂ ਇਲਾਵਾ ਮਜੀਠੀਆ ਮਾਮਲੇ ਦੀ ਸੁਣਵਾਈ ਨੂੰ ਓਪਨ ਕੋਰਟ ਵਿਚ ਕਰਵਾਉਣ ਦੀ ਅਰਜ਼ੀ 'ਤੇ ਸੁਣਵਾਈ ਨੂੰ ਵੀ ਮਜੀਠੀਆ ਦੀ ਅਗਲੀ ਪੇਸ਼ੀ ਤੱਕ ਮੁਲਤਵੀ ਕੀਤਾ ਗਿਆ ਹੈ |

ਪਿਛਲੀ ਖ਼ਬਰ ਜੰਮੂ-ਕਸ਼ਮੀਰ ਦੇ ਊਧਮਪੁਰ 'ਚ ਜਵਾਨ ਸ਼ਹੀਦ ਅਗਲੀ ਖ਼ਬਰ ਪੰਜਾਬ 'ਚ 5 ਦਿਨਾਂ 'ਚ ਪਰਾਲੀ ਸਾੜਨ ਦੇ 27 ਮਾਮਲੇ ਆਏ ਸਾਹਮਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।