ਨਵੀਂ ਦਿੱਲੀ, 20 ਸਤੰਬਰ (ਅਜੀਤ ਬਿਊਰੋ)-ਕੱਲ੍ਹ ਤੋਂ ਯਾਨੀ 22 ਸਤੰਬਰ ਤੋਂ ਦੇਸ਼ 'ਚ ਜੀ.ਐਸ.ਟੀ. ਦੀਆਂ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ | ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਦੇਸ਼ 'ਚ ਖਾਣ-ਪੀਣ ਤੋਂ ਲੈ ਕੇ ਹਰ ਚੀਜ਼ ਸਸਤੀ ਹੋ ਜਾਵੇਗੀ | ਕੁਝ ਕੰਪਨੀਆਂ ਨੇ ਘਟੀ ਹੋਈ ਜੀ.ਐਸ.ਟੀ. ਦਰ ਦਾ ਲਾਭ ਗਾਹਕਾਂ ਨੂੰ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ | ਆਉਣ ਵਾਲੇ ਦਿਨਾਂ 'ਚ ਕੁਝ ਹੋਰ ਕੰਪਨੀਆਂ ਰੋਜ਼ਾਨਾ ਜੀਵਨ 'ਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਘਟਾਉਣ ਦੀ ਤਿਆਰੀ ਕਰ ਰਹੀਆਂ ਹਨ | ਜੀ.ਐਸ.ਟੀ. ਦਰਾਂ ਘਟਾਉਣ ਤੋਂ ਬਾਅਦ ਸਰਕਾਰ ਦੁਆਰਾ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ | ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੰਪਨੀਆਂ ਤੇ ਦੁਕਾਨਦਾਰ ਜੀ.ਐਸ.ਟੀ. ਦਾ ਪੂਰਾ ਲਾਭ ਗਾਹਕ ਨੂੰ ਦੇਣ | ਵਿੱਤ ਮੰਤਰਾਲੇ ਨੇ ਨਵੀਆਂ ਜੀ.ਐਸ.ਟੀ. ਦਰਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ | ਇਸ ਤਹਿਤ ਪਿਛਲੇ ਨੋਟੀਫਿਕੇਸ਼ਨ ਨੰਬਰ 01/2017 ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਵਸਤੂਆਂ ਨੂੰ 7 ਨਵੇਂ ਸ਼ਡਿਊਲਾਂ ਦੇ ਆਧਾਰ 'ਤੇ ਵੱਖ-ਵੱਖ ਦਰਾਂ 'ਚ ਰੱਖਿਆ ਗਿਆ ਹੈ | ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਸੁਧਾਰ ਨਾ ਸਿਰਫ਼ ਟੈਕਸ ਸੰਗ੍ਰਹਿ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ, ਸਗੋਂ ਸਮਾਜਿਕ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਵੀ ਹੈ | ਮਾਹਿਰਾਂ ਦਾ ਮੰਨਣਾ ਹੈ ਕਿ 22 ਸਤੰਬਰ ਤੋਂ ਦੇਸ਼ 'ਚ ਮਹਿੰਗਾਈ ਘਟ ਜਾਵੇਗੀ ਤੇ ਆਮ ਆਦਮੀ ਨੂੰ ਰੋਜ਼ਾਨਾ ਦੀਆਂ ਚੀਜ਼ਾਂ ਲਈ ਜ਼ਿਆਦਾ ਪੈਸੇ ਨਹੀਂ ਦੇਣੇ ਪੈਣਗੇ | ਨਵੀਆਂ ਦਰਾਂ ਨਾਲ ਆਮ ਖਪਤਕਾਰਾਂ ਲਈ ਰੋਜ਼ਾਨਾ ਲੋੜਾਂ ਦੀਆਂ ਵਸਤੂਆਂ ਸਸਤੀਆਂ ਹੋ ਜਾਣਗੀਆਂ, ਪਰ ਪੈਟਰੋਲੀਅਮ ਉਤਪਾਦਾਂ ਤੇ ਉਦਯੋਗਿਕ ਕੱਚੇ ਮਾਲ 'ਤੇ ਟੈਕਸ ਵਧਣ ਕਾਰਨ ਮਹਿੰਗਾਈ ਦਾ ਪ੍ਰਭਾਵ ਮਹਿਸੂਸ ਕੀਤਾ ਜਾ ਸਕਦਾ ਹੈ |