13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦੂਜੇ ਦੇਸ਼ਾਂ 'ਤੇ ਨਿਰਭਰਤਾ ਭਾਰਤ ਦੀ ਸਭ ਤੋਂ ਵੱਡੀ ਦੁਸ਼ਮਣ-ਮੋਦੀ

ਅਜੀਤ ਡੈਸਕ 21-09-2025

ਆਤਮਨਿਰਭਰਤਾ ਦੀ ਆਵਾਜ਼ ਉਠਾਈ, ਹਰ ਚੀਜ਼ ਦੇ ਸਵਦੇਸ਼ੀ ਉਤਪਾਦਨ ਦਾ ਦਿੱਤਾ ਸੱਦਾ
ਭਾਵਨਗਰ (ਗੁਜਰਾਤ), 20 ਸਤੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਦੂਜੇ ਦੇਸ਼ਾਂ 'ਤੇ ਨਿਰਭਰਤਾ ਹੈ | ਉਨ੍ਹਾਂ ਆਤਮ-ਨਿਰਭਰਤਾ ਦੀ ਆਵਾਜ਼ ਉਠਾਈ ਤੇ ਸੈਮੀਕੰਡਕਟਰ ਤੋਂ ਲੈ ਕੇ ਜਹਾਜ਼ਾਂ ਤੱਕ ਹਰ ਚੀਜ਼ ਦੇ ਸਵਦੇਸ਼ੀ ਉਤਪਾਦਨ ਦਾ ਸੱਦਾ ਦਿੱਤਾ | 'ਸਮੁੰਦਰ ਸੇ ਸਮਿ੍ੱਧੀ' ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਸੂਬੇ 'ਚ 34200 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਕੋ-ਇਕ ਹੱਲ ਸਵੈ-ਨਿਰਭਰਤਾ ਹੈ | ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੂਸਰੇ ਦੇਸ਼ਾਂ 'ਤੇ ਨਿਰਭਰਤਾ ਨੂੰ ਸਮੂਹਿਕ ਤੌਰ 'ਤੇ ਹਰਾਇਆ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਭਾਰਤ ਵਿਸ਼ਵਵਿਆਪੀ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਹੈ ਤੇ ਅੱਜ ਦੁਨੀਆ 'ਚ ਭਾਰਤ ਦਾ ਕੋਈ ਵੱਡਾ ਦੁਸ਼ਮਣ ਨਹੀਂ ਹੈ, ਪਰ ਸੱਚੇ ਸ਼ਬਦਾਂ 'ਚ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਦੂਜੇ ਦੇਸ਼ਾਂ 'ਤੇ ਨਿਰਭਰਤਾ ਹੈ | ਉਨ੍ਹਾਂ ਕਿਹਾ ਕਿ ਵੱਡੀ ਵਿਦੇਸ਼ੀ ਨਿਰਭਰਤਾ ਵੱਡੀ ਰਾਸ਼ਟਰੀ ਅਸਫਲਤਾ ਵੱਲ ਲੈ ਜਾਂਦੀ ਹੈ | ਵਿਸ਼ਵ ਸ਼ਾਂਤੀ, ਸਥਿਰਤਾ ਤੇ ਖੁਸ਼ਹਾਲੀ ਲਈ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨੂੰ ਸਵੈ-ਨਿਰਭਰ ਬਣਨਾ ਚਾਹੀਦਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਦੂਜਿਆਂ 'ਤੇ ਨਿਰਭਰਤਾ ਰਾਸ਼ਟਰੀ ਸਵੈਮਾਣ ਨਾਲ ਸਮਝੌਤਾ ਕਰਦੀ ਹੈ | ਉਨ੍ਹਾਂ ਕਿਹਾ ਕਿ 140 ਕਰੋੜ ਭਾਰਤੀਆਂ ਦਾ ਭਵਿੱਖ ਬਾਹਰੀ ਤਾਕਤਾਂ 'ਤੇ ਨਹੀਂ ਛੱਡਿਆ ਜਾ ਸਕਦਾ, ਨਾ ਹੀ ਰਾਸ਼ਟਰੀ ਵਿਕਾਸ ਦਾ ਸੰਕਲਪ ਵਿਦੇਸ਼ੀ ਨਿਰਭਰਤਾ 'ਤੇ ਆਧਾਰਿਤ ਹੋ ਸਕਦਾ ਹੈ | ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਦੂਜਿਆਂ 'ਤੇ ਨਹੀਂ ਛੱਡਿਆ ਜਾ ਸਕਦਾ | ਜੇਕਰ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਦੂਜਿਆਂ 'ਤੇ ਨਿਰਭਰ ਹੈ ਤਾਂ ਇਹ ਰਾਸ਼ਟਰੀ ਸਵੈਮਾਣ ਨਾਲ ਸਮਝੌਤਾ ਕਰਦਾ ਹੈ | ਉਨ੍ਹਾਂ ਕਿਹਾ ਕਿ ਇਕ ਪ੍ਰਸਿੱਧ ਕਹਾਵਤ ਅਨੁਸਾਰ 100 ਤਰ੍ਹਾਂ ਦੇ ਦਰਦਾਂ ਦਾ ਸਿਰਫ ਇਕ ਹੀ ਇਲਾਜ ਹੈ | ਇਸੇ ਤਰ੍ਹਾਂ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਇਕ ਹੀ ਹੱਲ ਹੈ ਤੇ ਉਹ ਹੈ ਆਤਮਨਿਰਭਰਤਾ (ਸਵੈ-ਨਿਰਭਰਤਾ) | ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਨੌਜਵਾਨਾਂ ਦੀ ਪ੍ਰਤਿਭਾ ਨੂੰ ਉਸ ਸਮੇਂ ਦੀ ਸੱਤਾਧਾਰੀ ਪਾਰਟੀ ਦੁਆਰਾ ਦਬਾ ਦਿੱਤਾ ਗਿਆ ਸੀ, ਜਿਸ ਨੇ ਲਾਇਸੈਂਸ ਰਾਜ ਵਰਗੀਆਂ ਪਾਬੰਦੀਆਂ ਲਗਾਈਆਂ ਸਨ | ਉਨ੍ਹਾਂ ਕਿਹਾ ਕਿ ਭਾਰਤ ਦੀਆਂ ਅੰਦਰੂਨੀ ਤਾਕਤਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰਨ ਦੇ ਨਤੀਜੇ ਵਜੋਂ ਦੇਸ਼ ਆਜ਼ਾਦੀ ਦੇ ਛੇ ਤੋਂ ਸੱਤ ਦਹਾਕਿਆਂ ਬਾਅਦ ਵੀ ਉਹ ਸਫਲਤਾ ਪ੍ਰਾਪਤ ਨਹੀਂ ਕਰ ਸਕਿਆ, ਜਿਸ ਦਾ ਉਹ ਅਸਲ 'ਚ ਹੱਕਦਾਰ ਸੀ | ਉਨ੍ਹਾਂ ਲਾਇਸੰਸ-ਕੋਟਾ ਸ਼ਾਸਨ 'ਚ ਲੰਬੇ ਸਮੇਂ ਤੱਕ ਉਲਝਣ ਤੇ ਵਿਸ਼ਵ ਬਾਜ਼ਾਰਾਂ ਤੋਂ ਅਲੱਗ-ਥਲੱਗਤਾ ਨੂੰ ਮੁੱਖ ਕਾਰਕਾਂ ਵਜੋਂ ਜ਼ਿੰਮੇਵਾਰ ਠਹਿਰਾਇਆ | ਉਨ੍ਹਾਂ ਕਿਹਾ ਕਿ ਜਦੋਂ ਵਿਸ਼ਵੀਕਰਨ ਯੁੱਗ ਸ਼ੁਰੂ ਹੋਇਆ ਤਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਸਿਰਫ਼ ਦਰਾਮਦਾਂ 'ਤੇ ਧਿਆਨ ਕੇਂਦਰਿਤ ਕੀਤਾ, ਜਿਸ ਕਾਰਨ ਹਜ਼ਾਰਾਂ ਕਰੋੜ ਦੇ ਘੁਟਾਲੇ ਹੋਏ | ਇਨ੍ਹਾਂ ਨੀਤੀਆਂ ਨੇ ਭਾਰਤ ਦੇ ਨੌਜਵਾਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਤੇ ਦੇਸ਼ ਦੀ ਅਸਲ ਸੰਭਾਵਨਾ ਨੂੰ ਉੱਭਰਨ ਤੋਂ ਰੋਕਿਆ |

ਪਿਛਲੀ ਖ਼ਬਰ ਕੱਲ੍ਹ ਤੋਂ ਦੇਸ਼ ਭਰ 'ਚ ਲਾਗੂ ਹੋਣਗੀਆਂ ਜੀ.ਐਸ.ਟੀ. ਦੀਆਂ ਨਵੀਆਂ ਦਰਾਂ ਅਗਲੀ ਖ਼ਬਰ ਭਾਰਤੀਆਂ 'ਤੇ ਵੱਡਾ ਅਸਰ ਪੈਣ ਦੇ ਆਸਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।