26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬ ਸਰਕਾਰ ਵਲੋਂ ਮੁਫ਼ਤ ਕਣਕ ਸਕੀਮ ਲਈ ਨਵੇਂ ਨਿਯਮ ਜਾਰੀ <br/>

ਅਜੀਤ ਡੈਸਕ 23-09-2025

ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ)-ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ (ਐਨ. ਐਫ਼. ਐਸ. ਏ.) ਤਹਿਤ ਮੁਫ਼ਤ ਕਣਕ ਲੈਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ | ਕੇਂਦਰ ਸਰਕਾਰ ਵਲੋਂ ਨਿਰਧਾਰਤ ਮਾਪਦੰਡਾਂ ਦੇ ਆਧਾਰ 'ਤੇ ਸੂਬੇ ਦੇ ਲਗਭਗ 11 ਲੱਖ ਲਾਭਪਾਤਰੀ ਹੁਣ ਇਸ ਯੋਜਨਾ ਤੋਂ ਬਾਹਰ ਹੋ ਸਕਦੇ ਹਨ | ਸੂਬਾ ਸਰਕਾਰ ਵਲੋਂ ਇਸ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਕੇ ਸ਼ਾਮਿਲ ਕਰਨ ਤੇ ਬਾਹਰ ਕੱਢਣ ਦੇ ਨਵੇਂ ਨਿਯਮ ਸਪੱਸ਼ਟ ਕਰ ਦਿੱਤੇ ਗਏ ਹਨ | ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਆਮਦਨ ਟੈਕਸਦਾਤਾ, ਜੀ.ਐਸ.ਟੀ., ਸੇਵਾ ਟੈਕਸ ਜਾਂ ਪੇਸ਼ੇਵਰ ਟੈਕਸ ਅਦਾ ਕਰਨ ਵਾਲੇ, ਮੋਟਰਾਈਜ਼ਡ ਚਾਰ ਪਹੀਆ ਵਾਹਨ ਦੇ ਮਾਲਕ ਹੁਣ ਮੁਫ਼ਤ ਅਨਾਜ ਸਕੀਮ ਦੇ ਹੱਕਦਾਰ ਨਹੀਂ ਰਹਿਣਗੇ | ਇਸ ਤੋਂ ਇਲਾਵਾ ਸਰਕਾਰੀ ਕਰਮਚਾਰੀਆਂ ਦੇ ਪਰਿਵਾਰ, 1.80 ਲੱਖ ਰੁਪਏ ਤੋਂ ਵੱਧ ਸਾਲਾਨਾ ਆਮਦਨ ਵਾਲੇ ਪਰਿਵਾਰ, 100 ਵਰਗ ਗਜ਼ ਤੋਂ ਵੱਡੇ ਪਲਾਟ ਜਾਂ 750 ਵਰਗ ਫੁੱਟ ਤੋਂ ਵੱਡੇ ਫਲੈਟ ਦੇ ਮਾਲਕ ਵੀ ਸੂਚੀ 'ਚੋਂ ਬਾਹਰ ਰਹਿਣਗੇ | ਖੇਤੀਬਾੜੀ ਸੰਬੰਧੀ ਮਾਪਦੰਡਾਂ ਤਹਿਤ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ ਛੋਟ ਦਿੱਤੀ ਗਈ ਹੈ, ਪਰ 2.5 ਏਕੜ ਤੋਂ 5 ਏਕੜ ਤੱਕ ਜ਼ਮੀਨ ਰੱਖਣ ਵਾਲੇ ਛੋਟੇ ਕਿਸਾਨ ਹੁਣ ਯੋਗ ਨਹੀਂ ਰਹਿਣਗੇ | ਪਿਛਲੇ ਝੋਨੇ ਦੇ ਸੀਜ਼ਨ 'ਚ ਪੰਜਾਬ ਦੇ 8.16 ਲੱਖ ਕਿਸਾਨਾਂ 'ਚੋਂ ਕੇਵਲ 2.93 ਲੱਖ ਕਿਸਾਨ ਯੋਗ ਰਹਿਣਗੇ, ਜਦਕਿ ਬਾਕੀ 5.23 ਲੱਖ ਛੋਟੇ ਕਿਸਾਨ ਯੋਜਨਾ ਤੋਂ ਬਾਹਰ ਹੋ ਜਾਣਗੇ | ਵਿਭਾਗੀ ਅਧਿਕਾਰੀਆਂ ਮੁਤਾਬਿਕ ਨੋਟੀਫ਼ਿਕੇਸ਼ਨ ਸਿਰਫ਼ ਸ਼ਾਮਿਲ ਕਰਨ ਤੇ ਬਾਹਰ ਕੱਢਣ ਦੇ ਨਿਯਮਾਂ ਨੂੰ ਇਕੱਠਾ ਕਰਕੇ ਜਾਰੀ ਕੀਤਾ ਗਿਆ ਹੈ | ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਿਰਫ਼ ਉਹੀ ਵਿਅਕਤੀ ਹਟਾਏ ਜਾਣਗੇ, ਜੋ ਨਵੇਂ ਮਾਪਦੰਡਾਂ ਅਧੀਨ ਆਉਂਦੇ ਹਨ, ਜਦਕਿ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮੁਫ਼ਤ ਅਨਾਜ ਮਿਲਦਾ ਰਹੇਗਾ | ਇਸੇ ਸੰਬੰਧੀ ਇਕ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ, ਜਿਸ 'ਚ ਖ਼ੁਰਾਕ ਤੇ ਸਪਲਾਈ ਸਕੱਤਰ, ਖੇਤੀਬਾੜੀ ਸਕੱਤਰ ਤੇ ਟੈਕਸ ਕਮਿਸ਼ਨਰ ਨੂੰ ਸ਼ਾਮਿਲ ਕੀਤਾ ਗਿਆ ਹੈ | ਇਹ ਕਮੇਟੀ ਨਵੇਂ ਮਾਪਦੰਡਾਂ ਦੀ ਜਾਂਚ ਕਰਕੇ ਅੰਤਿਮ ਫ਼ੈਸਲਾ ਲਵੇਗੀ |

ਪਿਛਲੀ ਖ਼ਬਰ ਪੰਜਾਬ ਕਰਜ਼ੇ ਦੇ ਬੋਝ ਹੇਠ, ਪੰਜ ਸਾਲਾਂ 'ਚ ਵਧਿਆ 1.25 ਲੱਖ ਕਰੋੜ ਦਾ ਕਰਜ਼ਾ <br/> ਅਗਲੀ ਖ਼ਬਰ ਜੀ.ਐਸ.ਟੀ. ਸੁਧਾਰ ਨਾਲ ਬੱਚਤ ਵਧੇਗੀ, ਸਮਾਜ ਦੇ ਹਰ ਵਰਗ ਨੂੰ ਮਿਲੇਗਾ ਸਿੱਧਾ ਲਾਭ-ਮੋਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।