ਨਵੀਂ ਦਿੱਲੀ, 16 ਅਕਤੂਬਰ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਰੂਸ ਤੋਂ ਤੇਲ ਦੀ ਖ਼ਰੀਦ ਬੰਦ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰੋਸੇ ਦੇ ਦਾਅਵੇ 'ਤੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ 'ਤੇ ਲਿਆ ਹੈ | ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੰਪ ਤੋਂ ਡਰਦੇ ਹਨ | ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਪੰਜ ਕਾਰਨ ਗਿਣਾਏ | ਉਨ੍ਹਾਂ ਕਿਹਾ ਕਿ ਪਹਿਲਾ, ਮੋਦੀ ਟਰੰਪ ਨੂੰ ਇਹ ਫ਼ੈਸਲਾ ਲੈਣ ਅਤੇ ਐਲਾਨ ਕਰਨ ਦੀ ਇਜਾਜ਼ਤ ਦਿੰਦੇ ਹਨ ਕਿ ਭਾਰਤ ਰੂਸੀ ਤੇਲ ਨਹੀਂ ਖ਼ਰੀਦੇਗਾ | ਦੂਜਾ, ਵਾਰ-ਵਾਰ ਅਣਗੌਲਣ ਦੇ ਬਾਵਜੂਦ ਵਧਾਈ ਸੰਦੇਸ਼ ਭੇਜਦੇ ਰਹਿੰਦੇ ਹਨ | ਤੀਜਾ, ਵਿੱਤ ਮੰਤਰੀ ਦਾ ਅਮਰੀਕਾ ਦੌਰਾ ਰੱਦ ਕਰ ਦਿੱਤਾ ਗਿਆ | ਚੌਥਾ, ਪ੍ਰਧਾਨ ਮੰਤਰੀ ਸ਼ਰਮ ਅਲ ਸ਼ੇਖ 'ਚ ਸ਼ਾਮਿਲ ਨਹੀਂ ਹੋਏ | ਪੰਜਵਾਂ, 'ਆਪ੍ਰੇਸ਼ਨ ਸੰਧੂਰ' 'ਤੇ ਉਨ੍ਹਾਂ (ਟਰੰਪ) ਦਾ ਵਿਰੋਧ ਨਹੀਂ ਕਰਦੇ |