ਚੰਡੀਗੜ੍ਹ, 22 ਅਕਤੂਬਰ (ਏਜੰਸੀ)-ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ.) ਨੇ ਪੰਜਾਬ ਦੇ ਨੰਗਲ 'ਚ ਭਾਖੜਾ ਡੈਮ ਪ੍ਰਾਜੈਕਟ ਦੀ ਸੁਰੱਖਿਆ ਸੰਭਾਲ ਲਈ ਹੈ | ਕੇਂਦਰੀ ਗ੍ਰਹਿ ਮੰਤਰਾਲੇ ਨੇ ਮਈ 'ਚ ਇਸ ਕੰਮ ਲਈ ਕੇਂਦਰੀ ਬਲ ਦੇ 296 ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਇਕ ਟੁਕੜੀ ਨੂੰ ਮਨਜ਼ੂਰੀ ਦਿੱਤੀ ਸੀ | ਅੱਜ ਨੰਗਲ ਟਾਊਨਸ਼ਿਪ 'ਚ ਸੀ.ਆਈ.ਐਸ.ਐਫ. ਨੂੰ ਪ੍ਰਾਜੈਕਟ 'ਚ ਸ਼ਾਮਿਲ ਕਰਨ ਲਈ ਇਕ ਸਮਾਗਮ ਕਰਵਾਇਆ ਜਾ ਗਿਆ | ਇਹ ਡੈਮ ਸਤਲੁਜ ਨਦੀ 'ਤੇ ਬਣਾਇਆ ਗਿਆ ਹੈ ਤੇ 261 ਮੀਟਰ ਟੀਹਰੀ ਡੈਮ ਤੋਂ ਬਾਅਦ 225.55 ਮੀਟਰ 'ਤੇ ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਹੈ | ਪਾਣੀ ਦੇ ਭੰਡਾਰਨ ਦੇ ਮਾਮਲੇ 'ਚ ਇਹ ਭਾਰਤ 'ਚ ਦੂਜਾ ਸਭ ਤੋਂ ਵੱਡਾ ਭੰਡਾਰ ਹੈ, ਪਹਿਲਾ ਮੱਧ ਪ੍ਰਦੇਸ਼ 'ਚ ਇੰਦਰਾ ਸਾਗਰ ਡੈਮ ਹੈ | ਪੰਜਾਬ ਵਿਧਾਨ ਸਭਾ ਨੇ ਜੁਲਾਈ 'ਚ ਭਾਖੜਾ-ਨੰਗਲ ਡੈਮ ਪ੍ਰਾਜੈਕਟ 'ਤੇ ਸੀ.ਆਈ.ਐਸ.ਐਫ. ਕਰਮਚਾਰੀਆਂ ਦੀ ਤਾਇਨਾਤੀ ਵਿਰੁੱਧ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ | ਡੈਮ ਦੀ ਸੁਰੱਖਿਆ ਹੁਣ ਤੱਕ ਪੰਜਾਬ ਪੁਲਿਸ ਵਲੋਂ ਕੀਤੀ ਜਾ ਰਹੀ ਸੀ |