19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

5000 ਕਰੋੜ ਨਾਲ ਸੁਧਰੇਗੀ ਪੰਜਾਬ 'ਚ ਬਿਜਲੀ ਪ੍ਰਣਾਲੀ ਦੀ ਹਾਲਤ

ਅਜੀਤ ਡੈਸਕ 23-10-2025

ਮਾਰਚ 2028 'ਚ ਖ਼ਤਮ ਹੋਣਗੇ ਸੂਬੇ 'ਚ ਬਿਜਲੀ ਸੁਧਾਰ ਦੇ ਕੰਮ
ਸ਼ਿਵ ਸ਼ਰਮਾ

ਜਲੰਧਰ, 22 ਅਕਤੂਬਰ-ਪੰਜਾਬ ਸਰਕਾਰ ਵਲੋਂ ਆਪਣੇ ਫ਼ੰਡਾਂ ਅਤੇ ਕੇਂਦਰ ਦੇ ਸਹਿਯੋਗ ਨਾਲ ਕਰੀਬ 5000 ਕਰੋੜ ਦੀ ਰਕਮ ਨਾਲ ਬਿਜਲੀ ਪ੍ਰਣਾਲੀ ਵਿਚ ਸੁਧਾਰ ਦਾ ਕੰਮ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਤੇ ਜਿਸ ਨਾਲ ਸੂਬੇ ਵਿਚ ਨਾ ਸਿਰਫ਼ ਬਿਜਲੀ ਪ੍ਰਣਾਲੀ ਵਿਚ ਸੁਧਾਰ ਹੋਣ ਨਾਲ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਣ ਦੀਆਂ ਕਈ ਰੁਕਾਵਟਾਂ ਖ਼ਤਮ ਹੋਣਗੀਆਂ ਸਗੋਂ ਇਸ ਦਾ ਪਾਵਰਕਾਮ ਨੂੰ ਵੀ ਵਿੱਤੀ ਤੌਰ 'ਤੇ ਕਾਫ਼ੀ ਲਾਭ ਹੋਵੇਗਾ | ਬਿਜਲੀ ਸੁਧਾਰ ਦੇ ਕੰਮਾਂ ਵਿਚ ਨਵੇਂ ਸਬ-ਸਟੇਸ਼ਨ ਬਣਨ ਤੋਂ ਇਲਾਵਾ ਟਰਾਂਸਫ਼ਾਰਮਰ ਅਤੇ ਹੋਰ ਵੀ ਬਿਜਲੀ ਉਪਕਰਨ ਬਦਲੇ ਜਾਣ ਦੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ | ਬਿਜਲੀ ਪ੍ਰਣਾਲੀ ਦੇ ਸੁਧਾਰ ਦੇ ਜਿਹੜੇ ਕੰਮ ਕੀਤੇ ਜਾਣੇ ਹਨ, ਉਹ ਮਾਰਚ 2028 ਤੱਕ ਖ਼ਤਮ ਕੀਤੇ ਜਾਣ ਦਾ ਸਮਾਂ ਮਿੱਥਿਆ ਗਿਆ ਹੈ | ਸੂਬੇ ਵਿਚ 5000 ਕਰੋੜ ਰੁਪਏ ਦੀ ਰਕਮ ਨਾਲ ਜਿਹੜੇ ਕੰਮ ਕਰਵਾਏ ਜਾ ਰਹੇ ਹਨ, ਉਸ ਨੂੰ ਪੰਜਾਬ ਸਰਕਾਰ ਕੇਂਦਰ ਵਲੋਂ ਪਾਏ ਗਏ ਆਪਣੇ ਹਿੱਸੇ ਦੀ ਸਹਾਇਤਾ ਨਾਲ ਕਰਵਾ ਰਹੀ ਹੈ | ਪਾਵਰਕਾਮ ਵਲੋਂ ਬਿਜਲੀ ਪ੍ਰਣਾਲੀ ਵਿਚ ਸੁਧਾਰ ਦੇ ਕੰਮਾਂ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿਉਂਕਿ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਏ. ਪੀ. ਡੀ. ਆਰ. ਪੀ. ਸਕੀਮ ਤਹਿਤ ਵੀ ਸੂਬੇ ਵਿਚ ਉਸ ਵੇਲੇ ਬਿਜਲੀ ਸੁਧਾਰ ਦੇ ਕੰਮ ਕਰਵਾਏ ਗਏ ਸਨ ਜਿਸ ਨਾਲ ਕਈ ਸ਼ਹਿਰਾਂ ਵਿਚ ਬਿਜਲੀ ਸੁਧਾਰ ਦੇ ਕੰਮ ਕੀਤੇ ਗਏ ਸਨ | ਹੁਣ ਇਕ ਪਾਸੇ ਸੂਬੇ ਵਿਚ 5000 ਕਰੋੜ ਦੀ ਲਾਗਤ ਨਾਲ ਬਿਜਲੀ ਸੁਧਾਰ ਦੇ ਕੰਮ ਕਰਵਾਏ ਜਾਣੇ ਹਨ, ਪਰ ਦੂਜੇ ਪਾਸੇ ਖੇਤਰ ਵਿਚ ਤਕਨੀਕੀ ਸਟਾਫ਼ ਦੀ ਕਮੀ ਵੀ ਪੂਰਾ ਕਰਨ ਦੀ ਮੰਗ ਵੀ ਲੰਬੇ ਸਮੇਂ ਤੋਂ ਉੱਠ ਰਹੀ ਹੈ | ਸੂਬੇ ਵਿਚ ਇਸ ਵੇਲੇ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ ਵੀ 90 ਲੱਖ ਦੇ ਕਰੀਬ ਪੁੱਜ ਗਈ ਹੈ ਤੇ ਇਸ ਵਿਚ ਖੇਤੀ ਖੇਤਰ ਤੋਂ ਇਲਾਵਾ ਏ. ਸੀ. ਦੇ ਲੋਡ ਵਿਚ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ | ਕਈ ਖੇਤਰਾਂ ਵਿਚ ਤਾਂ ਏ. ਸੀ. ਏਨੀ ਵੱਡੀ ਗਿਣਤੀ ਵਿਚ ਲੱਗ ਗਏ ਹਨ ਤਾਂ ਉਸ ਨਾਲ ਪਾਵਰਕਾਮ ਨੂੰ ਵੀ ਵਧੇ ਹੋਏ ਲੋਡ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲਦੀ ਹੈ ਤੇ ਭਰ ਗਰਮੀਆਂ ਵਿਚ ਜਦੋਂ ਏ. ਸੀ. ਦੀ ਜ਼ਿਆਦਾ ਖਪਤ ਵਧ ਜਾਂਦੀ ਹੈ ਤਾਂ ਉਸ ਵੇਲੇ ਬਿਜਲੀ ਲਾਈਨਾਂ 'ਤੇ ਜ਼ਿਆਦਾ ਦਬਾਅ ਵਧਣ ਕਰਕੇ ਲੋਡ ਵਧ ਜਾਂਦਾ ਹੈ ਤਾਂ ਕਈ ਇਲਾਕਿਆਂ ਵਿਚ ਪੁਰਾਣੀਆਂ ਬਿਜਲੀ ਲਾਈਨਾਂ ਵਿਚ ਨੁਕਸ ਪੈ ਜਾਂਦਾ ਹੈ ਅਤੇ ਨੁਕਸ ਪੈਣ ਕਰਕੇ ਜਦੋਂ ਜ਼ਿਆਦਾ ਸਮਾਂ ਬਿਜਲੀ ਬੰਦ ਰਹਿੰਦੀ ਹੈ ਤਾਂ ਇਸ ਨਾਲ ਪਾਵਰਕਾਮ ਨੂੰ ਵੀ ਵਿੱਤੀ ਨੁਕਸਾਨ ਉਠਾਉਣਾ ਪੈਂਦਾ ਹੈ ਕਿਉਂਕਿ ਉਸ ਨੂੰ ਪਿੱਛੋਂ ਆ ਰਹੀ ਬਿਜਲੀ ਦੀ ਪੂਰੀ ਵਰਤੋਂ ਨਹੀਂ ਹੁੰਦੀ ਹੈ | ਬਿਜਲੀ ਲਾਈਨਾਂ ਵਿਚ ਵਾਰ-ਵਾਰ ਨੁਕਸ ਪੈਣ ਨਾਲ ਵੀ ਪਾਵਰਕਾਮ ਦੇ ਲਾਈਨਾਂ ਦੇ ਨੁਕਸਾਨ ਲਗਾਤਾਰ ਵਧਦੇ ਰਹਿੰਦੇ ਹਨ | ਬਿਜਲੀ ਸੁਧਾਰ ਦੇ ਕੰਮ ਹੋਣ ਨਾਲ ਜਿੱਥੇ ਕਈ ਜ਼ਿਆਦਾ ਲੋਡ ਵਾਲੇ ਇਲਾਕਿਆਂ ਵਿਚ ਟਰਾਂਸਫ਼ਾਰਮਰਾਂ ਨੰੂ ਡੀ-ਲੋਡ ਕੀਤਾ ਜਾਵੇਗਾ ਸਗੋਂ ਆਉਂਦੇ ਸਮੇਂ ਵਿਚ ਪਾਵਰਕਾਮ ਕੋਲ ਨਵੇਂ ਬਿਜਲੀ ਕੁਨੈਕਸ਼ਨਾਂ ਦੀ ਮੰਗ ਵੀ ਪੂਰੀ ਹੋਣ ਦੀ ਸਮਰੱਥਾ ਵਿਚ ਵਾਧਾ ਹੋ ਸਕੇਗਾ | ਉੱਧਰ ਬਿਜਲੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜਿੱਥੇ ਇਸ ਵੇਲੇ ਬਿਜਲੀ ਕੁਨੈਕਸ਼ਨਾਂ ਦੀ ਗਿਣਤੀ 90 ਲੱਖ ਦੇ ਕਰੀਬ ਪੁੱਜ ਚੱੁਕੀ ਹੈ ਤਾਂ ਉਸ ਮੁਤਾਬਿਕ ਨਵੀਂ ਭਰਤੀ ਵੀ ਕਰਨ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਮਾਮੂਲੀ ਬਰਸਾਤ ਅਤੇ ਤੇਜ਼ ਹਨੇਰੀ ਕਰਕੇ ਬਿਜਲੀ ਪ੍ਰਣਾਲੀ ਵਿਚ ਖ਼ਰਾਬੀ ਆ ਜਾਂਦੀ ਹੈ ਤਾਂ ਇਹ ਕਈ-ਕਈ ਘੰਟੇ ਠੀਕ ਨਹੀਂ ਹੁੰਦੀ ਹੈ | ਜੇਕਰ ਬਿਜਲੀ ਸ਼ਿਕਾਇਤਾਂ ਜਲਦੀ ਦੂਰ ਕਰਨ ਲਈ ਨਵੀਂ ਭਰਤੀ ਨੂੰ ਵੀ ਪਹਿਲ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਪਾਵਰਕਾਮ ਦੇ ਵਿੱਤੀ ਨੁਕਸਾਨ ਵਿਚ ਵੀ ਕਮੀ ਆ ਸਕੇਗੀ |

ਪਿਛਲੀ ਖ਼ਬਰ ਦਿੱਲੀ ਦੀ ਆਬੋ-ਹਵਾ ਨੂੰ ਜ਼ਹਿਰੀਲੀ ਹੋਣ ਤੋਂ ਨਹੀਂ ਰੋਕ ਸਕੇ ਗ੍ਰੀਨ ਪਟਾਕੇ ਅਗਲੀ ਖ਼ਬਰ ਵਾਈਟ ਹਾਊਸ 'ਚ ਮਨਾਈ ਦੀਵਾਲੀ ਜਸ਼ਨਾਂ 'ਚ ਸ਼ਾਮਿਲ ਹੋਏ ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।